ਫ਼ਤਹਿਗੜ੍ਹ ਸਾਹਿਬ, 24 ਮਈ (ਵਰਲਡ ਪੰਜਾਬੀ ਟਾਈਮਜ਼)
ਅੱਜ ਨਗਰ ਕੌਂਸਲ ਸਰਹਿੰਦ ਵਿਖੇ ਪਸ਼ੂ,ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਮਿੱਟੀ ਦੇ ਕਸੋਰੇ ਰੱਖੇ ਗਏ। ਹਰ ਸਾਲ ਅੱਤ ਗਰਮੀ ਦੇ ਤਿੰਨ ਮਹੀਨੇ ਮਈ ਤੋਂ ਜੁਲਾਈ ਤਕ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਵਲੋਂ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਸੋਰੇ ਰੱਖੇ ਜਾਂਦੇ ਹਨ। ਇਹ ਸੇਵਾ 1ਮਈ 2013 ਤੋਂ ਸ਼ੁਰੂ ਕੀਤੀ ਗਈ ਸੀ ‘ਜੋ ਅੱਜ ਵੀ ਜ਼ਾਰੀ ਹੈ। ਇਸ ਮੌਕੇ ਸੰਗੀਤ ਕੁਮਾਰ ਆਹਲੂਵਾਲੀਆ ਈ.ਓ. ਨਗਰ ਕੌਂਸਲ ਸਰਹਿੰਦ ਨੇ ਕਿਹਾ ਕਿ ਅੱਜ, ਕੱਲ ਜਿੱਥੇ ਇਨਸਾਨ ਆਪਣੀ ਨਿੱਜੀ ਜ਼ਿੰਦਗੀ ‘ਚ ਮਸਰੂਫ ਹੈ, ਉੱਥੇ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉੱਘੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਵੱਖ-ਵੱਖ ਸਮਾਜਿਕ ਗਤੀਵਿਧੀਆਂ ‘ਚ ਆਪਣਾ ਵਡਮੁੱਲਾ ਯੋਗਦਾਨ ਤਾਂ ਪਾ ਹੀ ਰਹੇ ਹਨ, ਨਾਲ ਹੀ ਪਿਛਲੇ ਦਸ- ਬਾਰਾ ਸਾਲ ਤੋਂ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਰੱਖ ਪਿਆਸੇ ਪੰਛੀਆਂ ਦੀ ਪਿਆਸ ਵੀ ਬੁਝਾ ਰਹੇ ਹਨ, ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ ਪੰਛੀਆਂ ਪ੍ਰਤੀ ਜੋ ਸੰਜੀਦਗੀ ਵਿਖਾਈ ਹੈ ਉਹ ਸਾਡੇ ਸਾਰਿਆਂ ਲਈ ਇਕ ਮਿਸਾਲ ਹੈ। ਅੱਜ ਨਗਰ ਕੌਂਸਲ ਸਰਹਿੰਦ ਵਿਖੇ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਰੱਖਣ ਮੌਕੇ ਖੁਸ਼ਬੀਰ ਸਿੰਘ ਸੁਪਰਡੈਂਟ ਅਤੇ ਮਨੋਜ ਕੁਮਾਰ ਐਸ. ਆਈ ਨੇ ਕਿਹਾ ਕਿ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਸੋਰੇ ਰੱਖਣ ਦਾ ਉਪਰਾਲਾ ਸ਼ਲਾਘਯੋਗ ਹੈ। ਅਕਸਰ ਇਨ੍ਹਾਂ ਪਾਣੀ ਦੇ ਕਸੋਰਿਆ ਵਿਚੋਂ ਪੰਛੀ ਆਪਣੀ ਪਿਆਸ ਬੁਝਾ ਅਸਮਾਨੀ ਉਡਾਰੀਆਂ ਲਾਉਂਦੇ ਨਜ਼ਰੀਂ ਪੈਂਦੇ ਹਨ, ਖਾਸ ਕਰ ਗਰਮੀਆਂ ਦੇ ਦਿਨਾਂ ਵਿੱਚ ਕੜਕਦੀ ਧੁੱਪ ਵਿੱਚ ਜਿਹੜੇ ਪੰਛੀ ਪਾਣੀ ਦੀ ਤਲਾਸ਼ ‘ਚ ਭਟਕਦੇ ਰਹਿੰਦੇ ਹਨ ਤੇ ਕਈ ਵਾਰ ਉਹ ਆਪਣੀ ਜਾਨ ਵੀ ਗੁਆ ਬੈਠਦੇ ਹਨ ਉਨ੍ਹਾਂ ਪੰਛੀਆਂ ਦੀ ਜਾਨ ਬਚਾਉਣ ‘ਚ ਇਹ ਉਪਰਾਲਾ ਕਾਫੀ ਕਾਰਗਰ ਸਿੱਧ ਹੋ ਰਿਹਾ ਹੈ। ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹੰਸ ਰਾਜ ਕਲਰਕ, ਸੁਖਵਿੰਦਰ ਸਿੰਘ, ਸੋਹਣ ਸਿੰਘ, ਨਰਿੰਦਰ ਕੁਮਾਰ, ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ।