ਵਿਸ਼ਵ ਦੇ ਨਕਸ਼ੇ ਵਿਚ ਪੰਜਾਬ ਇਕ ਅਜਿਹਾ ਭੂ-ਖੰਡ ਹੈ ਜਿਸ ਦੀਆਂ ਪ੍ਰਾਚੀਨ ਅਤੇ ਇਤਿਹਾਸਕ ਰਵਾਇਤਾਂ ਉੱਪਰ ਹਮੇਸ਼ਾ ਮਾਣ ਕੀਤਾ ਜਾਵੇਗਾ। ਬੇਸ਼ੱਕ ਪੰਜਾਬ ਦਾ ਇਤਿਹਾਸਕ ਪਿਛੋਕੜ ਆਰੀਆ ਲੋਕਾਂ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ ਪਰ ਆਰੀਆ ਤੋਂ ਪਹਿਲਾਂ ਵੀ ਇੱਥੇ ਉੱਚਤਮ ਸਭਿਅਤਾ ਸੀ, ਜਿਸ ਦੇ ਚਿੰਨ੍ਹ ਹੜੱਪਾ ਅਤੇ ਰੋਪੜ ਦੀਆਂ ਖੁਦਾਈਆਂ ਤੋਂ ਸਾਹਮਣੇ ਆਏ ਹਨ। ਆਰੀਆ ਕਾਲ ਵਿਚ ਮਹਾਨ ਸਾਹਿਤ ਦੀ ਸਿਰਜਣਾ ਕੀਤੀ ਗਈ। ਦੁਨੀਆਂ ਦੇ ਪ੍ਰਾਚੀਨਤਮ ਗ੍ਰੰਥ ‘ਰਿਗਵੇਦ’ ਦੀ ਰਚਨਾ ਇਥੋਂ ਹੀ ਕੀਤੀ ਗਈ। ਇਸ ਗ੍ਰੰਥ ਦੇ 1017 ਸੂਕਤ 10 ਮੰਡਲਾਂ ਵਿਚ ਵਿਭਾਜਿਤ ਕੀਤੇ ਹੋਏ ਹਨ। ਸਾਮਵੇਦ, ਯਜੁਰਵੇਦ ਅਤੇ ਅਥਰਵੇਦ ਗੌਰਵ ਦੇ ਪ੍ਰਤੀਕ ਗ੍ਰੰਥ ਹਨ। ਵੈਦਿਕ ਸੂਤਰਾਂ ਨੂੰ ਵਿਸਥਾਰ ਸਹਿਤ ਸਮਝਣ ਸਮਝਾਉਣ ਲਈ ਗ੍ਰੰਥ ਰਚੇ ਗਏ, ਫਿਰ ਉਪਨਿਸ਼ਦਾਂ ਦੀ ਰਚਨਾ ਹੋਈ। ਆਰੀਆ ਲੋਕਾਂ ਵੱਲੋਂ ਸਿਰਫ਼ ਧਾਰਮਿਕ ਉੱਚਤਾ ਵੱਲ ਹੀ ਧਿਆਨ ਨਹੀਂ ਦਿੱਤਾ ਜਾਂਦਾ ਸੀ ਸਗੋਂ ਹਰੇਕ ਲੋੜੀਂਦੇ ਇਲਮ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਉਸ ਸਬੰਧੀ ਅਯੁਰਵੇਦ, ਧਨੁਰਵੇਦ, ਗੰਧਰਵ ਵੇਦ, ਛੰਦ, ਵਿਆਕਰਣ, ਜੋਤਿਸ਼ ਆਦਿ ਦੇ ਗ੍ਰੰਥ ਵੀ ਰਚੇ ਗਏ। ਮੰਨੂ ਦਾ ਧਰਮ ਸ਼ਾਸਤਰ ਅਤੇ ਪਾਣਿਨੀ ਦਾ ਅਸ਼ਟਾਧਿਆਏ ਇਸ ਕਾਲ ਦੇ ਉਤਕਿ੍ਰਸ਼ਟ ਨਮੂਨੇ ਹਨ। ਪੰਜਾਬ ਵਿਚ ਵਗਦੀ ਸਰਸਵਤੀ ਨਦੀ ਦਾ ਕਿਨਾਰਾ ਇਨ੍ਹਾਂ ਆਲਮਾਂ ਫਾਜਲਾਂ ਦਾ ਮਨਭਾਉਂਦਾ ਠਿਕਾਣਾ ਸੀ।
ਗਿਆਨੀ ਗੁਰਦਿੱਤ ਸਿੰਘ ਨੇ ਪੰਜਾਬੀਅਤ ਦੇ ਸੰਕਲਪ ਨੂੰ ਵਿਸਥਾਰ ਦਿੰਦੇ ਹੋਏ ਲਿਖਿਆ ਹੈ ਕਿ, ‘“ਹਿੰਦ ਅਤੇ ਪੰਜਾਬ ਦੋਵਾਂ ਨਾਵਾਂ ਦਾ ਪੰਜਾਬੀਆਂ ਨਾਲ ਓਹ ਸਬੰਧ ਹੈ ਜੋ ਪੰਜ ਦਰਿਆਵਾਂ ਦੇ ਪਾਣੀਆਂ ਦਾ ਪੰਜਾਬੀਆਂ ਦੇ ਖ਼ੂਨ ਨਾਲ ਹੈ।
ਪੰਜਾਬ ਦਾ ਇਕ ਪੁਰਾਣਾ ਨਾਮ ਹੈ ਸੀ, ਸਪਤਿ-ਸਿੰਧੂ ਜਾਣੀ ਸਾਡੇ ਦੇਸ਼ ਦਾ ਓਹ ਭਾਗ ਜਿਸ ਵਿਚ ਸਿੰਧ (ਅਟਕ) ਦਰਿਆ ਤੋਂ ਲੈ ਕੇ ਜਮਨਾ ਤੱਕ ਸੱਤ ਨਦੀਆਂ ਵਹਿੰਦੀਆਂ ਸਨ। ਇਹ ਉਹ ਥਾਂ ਹੈ ਜਿਥੇ ਮਨੁੱਖੀ ਸਭਿਅਤਾ ਪਲੀ, ਭਾਰਤੀ ਸਭਿਅਤਾ ਵਿਗਸੀ ਅਤੇ ਵੇਦ ਰਚੇ ਗਏ। ਭਾਰਤੀ ਮਨੁੱਖਤਾ ਦਾ ਬਹੁਤ ਕੁਝ ਏਥੇ ਹੀ ਪੁੰਗਰਿਆ ਨਿਖਰਿਆ ਤੇ ਪਸਰਿਆ ਹੈ। ਪ੍ਰਾਚੀਨ ਪੁਸਤਕਾਂ ਵਿਚ ‘ਸਿੰਧੂ’ ਸ਼ਬਦ ਭਾਵੇਂ ਸਮੁੰਦਰ ਜਾਂ ਪਾਣੀ ਦੇ ਅਥਾਹ ਦੇ ਅਰਥਾਂ ਵਿਚ ਵਰਤਿਆ ਹੋਇਆ ਵੀ ਮਿਲਦਾ ਹੈ ਪਰ ਸਾਡੇ ਦਰਿਆ ਦਾ ਨਾਮ ‘ਸਿੰਧੂ’ ਦਰਿਆ ਦੀ ਤੇਜ਼ ਧਾਰਾ ਵਗਣ ਕਰਕੇ ਪਿਆ ਸੀ। ਵੇਦਕ ਭਾਸ਼ਾ ਵਿਚ ਜੋ ਸਾਡੀ ਪਹਿਲੀ ਭਾਸ਼ਾ ਹੈ-ਇਹ ਸ਼ਬਦ ਇਨ੍ਹਾਂ ਅਰਥਾਂ ਵਿਚ ਵਰਤਿਆ ਹੋਇਆ ਵੀ ਮਿਲਦਾ ਹੈ। ਜਦੋਂ ਸਾਡੇ ਬਜ਼ੁਰਗ ਆਰੀਆ ਲੋਕ ਇੱਥੋਂ ਤੱਕ ਭਾਰਤ ਦੇ ਹੋਰ ਹਿੱਸਿਆਂ ਵਿਚ ਫੈਲੇ ਤੇ ਸਾਡੇ ਦੇਸ਼ ਦੀ ਚਰਚਾ ਇਸ ਦੀਆਂ ਹੱਦਾਂ ਤੋਂ ਬਾਹਰ ਹੋਣ ਲੱਗੀ, ਉਦੋਂ ਬਾਹਰਲੇ ਮੁਲਕਾਂ ਲਈ ਭਾਰਤ ਨਾਲ ਸਬੰਧ ਪੈਦਾ ਕਰਨ ਦਾ ਏਹੋ ਸੌਖਾ ਤੇ ਖੁਸ਼ਕੀ ਦਾ ਰਸਤਾ ਸੀ, ਸਿੰਧੂ ਦਰਿਆ ਵਾਲਾ।
ਇਬਰਾਨੀ ਮੁਲਕਾਂ ਨਾਲ ਜਦੋਂ ਭਾਰਤ ਦੇ ਸਬੰਧ ਪੈਦਾ ਹੋਏ ਜਿਨ੍ਹਾਂ ਦਾ ਜ਼ਿਕਰ ਦੁਨੀਆਂ ਦੀ ਸਭ ਤੋਂ ਪੁਰਾਣੀ ਇਤਿਹਾਸਕ ਪੁਸਤਕ ‘ਤੌਰੇਤ’ ਅਨੁਸਾਰ ਹਜ਼ਰਤ ਯੂਸਫ ਦੇ ਸਮੇਂ ਤੋਂ ਮਿਲਦਾ ਹੈ, ਉਸ ਵੇਲੇ ਸਾਡੇ ਦੇਸ਼ ਦਾ ਨਾਂਅ ‘ਸਪਤਿ ਸਿੰਧੂ’ ਦੀ ਥਾਂ ‘ਹਫਤਿ ਹਿੰਦੂ’ ਪਿਆ ‘ਸ’ ਦੀ ਥਾਂ ‘ਹ’ ਦਾ ਉਚਾਰਨ ਹੋ ਜਾਣਾ ਉਨ੍ਹਾਂ ਦੀ ਬੋਲੀ ਵਿਚ ਭਾਸ਼ਾ-ਵਿਗਿਆਨ ਅਨੁਸਾਰ ਧੁਨੀ ਬਦਲਣ ਕਰਕੇ ਹੋਇਆ ਸੀ। ਜਿਵੇਂ ‘ਸੋਮ’ ਦਾ ‘ਹੋਮ’ ‘ਕੋਸ’ ਦਾ ਕੋਹ, ‘ਅਸਰ’ ਦਾ ‘ਅਹੁਰ’ ਆਦਿਕ ਹੋਰ ਅਨੇਕਾਂ ਲਫਜ਼ ਬਦਲੇ ਹੋਏ ਰੂਪ ਵਿਚ ਮਿਲਦੇ ਹਨ, ਇਸ ਤਰ੍ਹਾਂ ਹੀ ਇਹ ‘ਹਫਤਿ-ਹਿੰਦੂ’ ‘ਸਪਤਿ-ਸਿੰਧੂ’ ਦਾ ਬਦਲ ਕੇ ਬਣਿਆ ਹੋਇਆ ਇਕ ਰੂਪ ਹੈ। ‘‘ਸਪਤਿ- ਸਿੰਧੂ’ ਜਾਂ ‘ਹਫਤਿ-ਹਿੰਦੂ’ ਨਾਮ ਵੱਡਾ ਸੀ ਇਸ ਦਾ ਹੌਲੀ-ਹੌਲੀ ਛੋਟਾ ਨਾਓ ‘ਸਿੰਧੂ’ ਜਾਂ ਹਿੰਦ ਹੀ ਰਹਿ ਗਿਆ ਤੇ ਇਸ ਦੇ ਵਾਸੀਆਂ ਦਾ ਨਾਂਅ ਹਿੰਦੀ ਜਾਂ ਹਿੰਦੂ ਸਿਕੰਦਰ ਦੇ ਸਮੇਂ ਜਦੋਂ ਪੰਜਾਬ ਉੱਤੇ ਯੂਨਾਨੀਆਂ ਦਾ ਕਬਜ਼ਾ ਹੋਇਆ, ਇਸ ਹਿੰਦੂ ਸ਼ਬਦ ਤੋਂ ਬਦਲ ਕੇ ਉਨ੍ਹਾਂ ਦੇ ਉਚਾਰਨ ਮੁਤਾਬਕ ਇਕ ਹੋਰ ਨਾਮ, ਇੰਡ ਜਾਂ ਇੰਡਜ਼ ਪਾਇਆ ਗਿਆ ਜਿਸ ਤੋਂ ਅੱਜਕਲ੍ਹ ਦਾ ਪ੍ਰਚਲਿਤ ਇੰਡੀਆ ਬਣਿਆ। ਯੂਨਾਨੀਆਂ ਦੀ ਬੋਲੀ ਵਿਚ ‘ਸ’ ਦਾ ਉਚਾਰਨ ‘ੲ’ ਦੇ ਉਚਾਰਨ ਵਿਚ ਬਦਲ ਜਾਣ ਕਰਕੇ ਇਹ ਦੂਜੀ ਤਬਦੀਲੀ ਹੋਰ ਹੋਈ। ਇਸ ਪ੍ਰਕਾਰ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਥੇ ਹੀ ਦੁਨੀਆਂ ਦੀ ਪ੍ਰਾਚੀਨ ਅਤੇ ਸ੍ਰੇਸ਼ਟ ਸਿੰਧੂ, ਘਾਟੀ ਦੀ ਸਭਿਅਤਾ ਪ੍ਰਵਾਨ ਚੜ੍ਹੀ। ਇਹ ਵੀ ਸੰਭਵ ਹੈ ਕਿ ਇਸ ਸਿੰਧੂ ਸਭਿਅਤਾ ਦਾ ਨਾਂਅ ਵੀ ਹਿੰਦੂ ਸਭਿਅਤਾ ਵਿਚ ਤਬਦੀਲ ਹੋ ਗਿਆ ਜੋ ਕਿ ਅਸਲ ਵਿਚ ਸਿੰਧੂ ਸਭਿਅਤਾ ਹੀ ਹੈ। ਬਹੁਤ ਸਾਰੇ ਵਿਚਾਰਵਾਨ ਜੋ ਮੈਕਸਮੂਲਰ ਦੇ ਕਥਨ ਨਾਲ ਸਹਿਮਤ ਨਹੀਂ ਹਨ ਦੇ ਵਿਚਾਰ ਇਸ ਖੇਤਰ ਦੀ ਮਹਾਨਤਾ ਨੂੰ ਹੋਰ ਬਲ ਪ੍ਰਦਾਨ ਕਰਦੇ ਹਨ। ਪੰਜਾਬ ਅਤੇ ਪੰਜਾਬੀਅਤ ਲਈ ਇਹ ਇਤਿਹਾਸਕ ਪਿਛੋਕੜ ਬਹੁਤ ਹੀ ਗੌਰਵ ਭਰਪੂਰ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ। ਇਸ ਲਈ ਹੀ ਇਸ ਦਾ ਜ਼ਿਕਰ ਅਰਬੀ ਦੀਆਂ ਤਵਾਰੀਖਾਂ, ਮੁੱਢਲੇ ਯਾਤਰੂਆਂ ਦੇ ਸਫ਼ਰਨਾਮਿਆਂ ਅਤੇ ਭੂਗੋਲਕਾਰਾਂ ਦੀਆਂ ਰਚਨਾਵਾਂ ਵਿਚ ਨਹੀਂ ਮਿਲਦਾ। ਬਾਲਾਜਰੀ ਦੀ ‘ਫਤੂਹੁਲਬੁਲੁਦਾਨ’ ਜਿਹੜੀ ਕਿ ਨੌਵੀਂ ਸਦੀ ਈਸਵੀ ਦੇ ਮੁੱਢਲੇ ਸਾਲਾਂ ਵਿਚ ਲਿਖੀ ਗਈ ਸੀ, ਵਿਚ ਪੰਜਾਬ ਦੇ ਜੱਟਾਂ ਦਾ ਵਿਸਤਿ੍ਰਤ ਹਾਲ ਅਤੇ ਸਿੰਧ ਦੀ ਜਿੱਤ ਬਾਰੇ ਪੂਰਣ ਵੇਰਵਾ ਮਿਲਦਾ ਹੈ ਪਰ ਪੰਜਾਬ ਸ਼ਬਦ ਦਾ ਕਿਧਰੇ ਵੀ ਜ਼ਿਕਰ ਨਹੀਂ ਮਿਲਦਾ। ਅਰਬ ਦਾ ਜਹਾਜ਼ਰਾਨ ਬਜ਼ੁਰਗ ਬਿਨ-ਸ਼ਹਿਰਯਾਰ (913 ਈ.) ਈਰਾਨ ਤੋਂ ਹੁੰਦਾ ਹੋਇਆ ਸਿੰਧ ਚੀਨ ਮਚੀਨ ਜਾਇਆ ਕਰਦਾ ਸੀ। ਉਸ ਨੇ ਆਪਣੀ ‘ਅਜਾਇਬੁਲ-ਹਿੰਦ’ ਨਾਮੀ ਕਿਤਾਬ ਵਿਚ ਪੰਜਾਬ ਨੂੰ ਹੇਠਲਾ ਕਸ਼ਮੀਰ ਆਖਿਆ ਹੈ। ਪ੍ਰਸਿੱਧ ਵਿਦਵਾਨ ਜੋਗਿੰਦਰ ਸਿੰਘ ਨੇ ਪੰਜਾਬ ਸ਼ਬਦ ਦੀ ਦੇਸ਼ ਲਈ ਵਰਤੋਂ ਬਾਰੇ 1122 ਈ. ਤੋਂ ਲੈ ਕੇ 1193 ਈ. ਤੱਕ ਦਾ ਸਮਾਂ ਨਿਸ਼ਚਤ ਕੀਤਾ ਹੈ। ਉਨ੍ਹਾਂ ਅਨੁਸਾਰ ‘ਵਧੇਰੇ ਠੀਕ ਅਨੁਮਾਨ ਅਨੁਸਾਰ 1150 ਈਸਵੀ ਦੇ ਲਾਗੇ-ਚਾਗੇ ਦਾ ਕਾਲ ਨਿਸ਼ਚਿਤ ਹੁੰਦਾ ਹੈ। ਜਮਾਲੁਦੀਨ ਅਬਦੁਰਰੱਜ਼ਾਕ ਦੀ ਮੌਤ ਤੋਂ ਕੋਈ ਸੌ ਸਾਲ ਪਿੱਛੋਂ ਅਸੀਂ ਪੰਜਾਬ ਸ਼ਬਦ ਦੀ ਵਰਤੋਂ ‘ਅਮੀਰ ਖੁਸਰੋ’ ਦੇ ‘ਮੁਹੰਮਦ ਬਿਨ ਬਲਬਨ’ ਦੇ ਮਰਸੀਏ ਵਿਚ ਕੀਤੀ ਹੋਈ ਵੇਖਦੇ ਹਾਂ ਜੋ 1255 ਈਸਵੀ ਵਿਚ ਨਜ਼ਮ ਕੀਤਾ ਗਿਆ ਸੀ। ਅਮੀਰ ਖੁਸਰੋ ਦਾ ਸ਼ਿਅਰ ਇਹ ਹੈ-
‘ਬਸਕਿ ਆਬੇਚਸ਼ਮੇ ਖਲਕੇ ਖ਼ੁਦ ਰਵਾਂ ਦਰ ਚਾਰ ਸੂ
ਪੰਜ-ਆਬੇ ਦੀਗਰ ਅੰਦਰ ਮੌਲਤਾਂ ਆਮਦ।
ਜਿਸ ਦਾ ਭਾਵ ਹੈ ਲੋਕਾਂ ਦੀਆਂ ਅੱਖਾਂ ’ਚੋਂ ਇੰਨੇ ਜ਼ਿਆਦਾ ਅੱਥਰੂ ਵਗੇ ਕਿ ਮੁਲਤਾਨ ਵਿਚ ਇਕ ਹੋਰ ਪੰਜਾਬ (ਪੰਜ ਦਰਿਆਵਾਂ ਦਾ ਸੰਗਮ) ਪੈਦਾ ਹੋ ਗਿਆ। ਇਸ ਪ੍ਰਕਾਰ ਇਹ ਧਾਰਨਾ ਰੱਦ ਹੋ ਜਾਂਦੀ ਹੈ ਕਿ ਪੰਜਾਬ ਦਾ ਨਾਂਅ ਅਕਬਰ ਬਾਦਸ਼ਾਹ ਨੇ ਪਾਇਆ ਸੀ। ਇਥੋਂ ਦੀ ਬੋਲੀ ਦਾ ਨਾਮ ਸਭ ਤੋਂ ਪਹਿਲਾਂ ‘ਪੰਜਾਬੀ’ ਕਵੀ ‘ਹਾਫਿਜ਼ਬਰਖੁਰਦਾਰ’ ਨੇ ਆਪਣੀ ਪੁਸਤਕ ‘ਸਿਬਾਹੁਲ ਫਿਕਹ’ ਵਿਚ ਲਿਖਿਆ। ਉਸ ਨੇ ਲਿਖਿਆ ਹੈ-
‘ਹਜ਼ਰਤ ਮੋਮਨ ਦਾ ਫੁਰਮਾਇਆ, ਇਸ ਵਿਚ ਇਹ ਮਸਾਇਲ, ਤੁਰਤ ਪੰਜਾਬੀ ਆਖ ਸੁਣਾਈ ਜੇ ਕੋ ਹੋਵੇ ਮਾਇਲ।’ ਅਜਿਹੇ ਗੌਰਵਸ਼ਾਲੀ ਖਿੱਤੇ ਅਤੇ ਪੰਜਾਬੀ ਭਾਸ਼ਾ ਵਿਚ ਸੂਫੀਆਂ, ਗੁਰੂਆਂ, ਪੀਰਾਂ ਅਤੇ ਫਕੀਰਾਂ ਨੇ ਆਪਣੀ ਬਾਣੀ ਰਚ ਕੇ ਭਰਾਤਰੀਅਤਾ ਦਾ ਸੰਦੇਸ਼ ਦਿੱਤਾ। ਪੰਜਾਬੀਆਂ ਦੀ ਆਪਸੀ ਸਾਂਝ ਅਤੇ ਮਹਿਮਾਨ-ਨਿਵਾਜ਼ੀ ਵੀ ਜੱਗ ਪ੍ਰਸਿੱਧ ਹੈ। ਗੁਰੂਆਂ ਦੀ ਬਾਣੀ ਨੇ ਪੰਜਾਬੀਅਤ ਨੂੰ ਹੋਰ ਮਜ਼ਬੂਤ ਕੀਤਾ ਹੈ। ‘ਆਦਿ ਗ੍ਰੰਥ’ ਵਿਚ ਹਿੰਦੁਸਤਾਨ ਭਰ ਦੇ ਭਗਤਾਂ ਅਤੇ ਫਕੀਰਾਂ ਦੀ ਬਾਣੀ ਨੂੰ ਗੁਰੂਆਂ ਦੀ ਬਾਣੀ ਦੇ ਬਰਾਬਰ ਦਰਜ ਕੀਤਾ ਗਿਆ ਹੈ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੀਰਘ ਦਿ੍ਰਸ਼ਟੀ ਅਤੇ ਮਹਾਨਤਾ ਦਾ ਲਖਾਇਕ ਹੈ।
ਅਜੋਕੇ ਸਮੇਂ ਵਿਚ ਜਦੋਂ ਕਿ ਵਿਸ਼ਵ ਪੱਧਰ ’ਤੇ ਸਭਿਅਤਾਵਾਂ ਦਾ ਟਕਰਾਓ ਹੋ ਰਿਹਾ ਹੈ। ਸਖ਼ਤ ਜ਼ਮੀਨੀ ਹਕੀਕਤਾਂ ਇਸ ਦੀ ਪੁਸ਼ਟੀ ਕਰਦੀਆਂ ਹਨ। ਇਸ ਸੰਦਰਭ ਵਿਚ ਸਭ ਤੋਂ ਪਹਿਲਾਂ ਸੈਮੁਅਲ ਹਟਿੰਗਟਨ ਨੇ ਸਭਿਅਤਾਵਾਂ ਦੇ ਭੇੜ ਨਾਂਅ ਦੇ ਲੇਖ, ਜੋ ਕਿ ਬਰਤਾਨੀਆ ਦੇ ਰਸਾਲੇ ‘ਵਿਦੇਸ਼ੀ ਮਾਮਲੇ’ ਵਿਚ ਛਪਿਆ ਸੀ, ਵਿਚ ਈਸਾਈਅਤ ਅਤੇ ਇਸਲਾਮ ਦੀ ਝੜੱਪ ਦੀ ਭਵਿੱਖਬਾਣੀ ਕੀਤੀ ਸੀ। ਜਿਸ ਬਾਰੇ ਚਿੰਤਕਾਂ ਨੇ ਕਾਫੀ ਵਾਵੇਲਾ ਖੜ੍ਹਾ ਕੀਤਾ ਸੀ। ਸੋਵੀਅਤ ਯੂਨੀਅਨ ਦੇ ਬਿਖਰਨ ਤੇ ਹਟਿੰਗਟਨ ਦੀਆਂ ਪੇਸ਼ੀਨਗੋਈਆਂ ਨੂੰ ਸਾਕਾਰ ਹੋਣ ਵਿਚ ਬਹੁਤਾ ਸਮਾਂ ਨਹੀਂ ਲੱਗਾ। ਤਲਖ਼ ਹਕੀਕਤਾਂ ਦਰਸਾਉਂਦੀਆਂ ਹਨ ਕਿ ਕਿਵੇਂ ਇਹ ਸਿਧਾਂਤ ਸਭਿਅਤਾਵਾਂ ਦੇ ਟਕਰਾਅ ਨੂੰ ਤੇਜ਼ ਕਰ ਰਿਹਾ ਹੈ। ਹਟਿੰਗਟਨ ਨੇ ਵਿਸ਼ਵ ਪੱਧਰ ’ਤੇ ਇਨ੍ਹਾਂ ਸਭਿਅਤਾਵਾਂ ਨੂੰ ਦਰਸਾਇਆ ਹੈ, ਚੀਨੀ ਸਭਿਅਤਾ, ਇਸਲਾਮੀ ਸਭਿਅਤਾ, ਪੱਛਮੀ ਸਭਿਅਤਾ, ਲਾਤੀਨੀ-ਅਮਰੀਕੀ ਸਭਿਅਤਾਂ, ਆਰਥੋਡਕਸ ਸਭਿਅਤਾ, ਅਫਰੀਕਨ ਸਭਿਅਤਾ, ਬੋਧੀ ਸਭਿਅਤਾ ਅਤੇ ਹਿੰਦੂ ਸਭਿਅਤਾ। ਇਹ ਸਭਿਆਤਾਵਾਂ ਮੁੱਖ ਤੌਰ ’ਤੇ ਧਰਮ ’ਤੇ ਆਧਾਰਿਤ ਹਨ। ਹਟਿੰਗਟਨ ਦੇ ਕਥਨ ਅਨੁਸਾਰ ‘ਕਿਸੇ ਵੀ ਸਭਿਅਤਾ ਦੇ ਦੋ ਥੰਮ੍ਹ ਹੁੰਦੇ ਹਨ। ਇਕ ਧਰਮ ਅਤੇ ਦੂਜਾ ਭਾਸ਼ਾ।’ ਉਸ ਦੇ ਮੁਤਾਬਿਕ ਹੁਣ ਲੋਕਾਂ ਵਿਚ ਵਖਰੇਵੇਂ ਰਾਜਸੀ ਜਾਂ ਆਰਥਿਕ ਨਹੀਂ ਹਨ ਸਗੋਂ ਵਖਰੇਵੇਂ ਤਾਂ ਸਭਿਆਚਾਰ ਦੇ ਹਨ। ਲੋਕ ਤੇ ਮੁਲਕ ਹੁਣ ਇਸ ਸਵਾਲ ਦਾ ਜਵਾਬ ਲੱਭਣ ਵਿਚ ਲੱਗੇ ਹੋਏ ਹਨ ਕਿ ‘ਅਸੀਂ ਕੌਣ ਹਾਂ? ਹਟਿੰਗਟਨ ਅਨੁਸਾਰ ਲੋਕ ਆਪਣੇ ਧਰਮ, ਆਪਣੀ ਭਾਸ਼ਾ ਤੇ ਆਪਣੇ ਇਤਿਹਾਸ, ਆਪਣੀਆਂ ਰਸਮਾਂ, ਰਿਵਾਜਾਂ ਵਿੱਚੋਂ ਇਸ ਸਵਾਲ ਦਾ ਜਵਾਬ ਲੱਭ ਰਹੇ ਹਨ।’
ਸਭਿਅਤਾਵਾਂ ਦੇ ਅਜਿਹੇ ਤਿੱਖੇ ਭੇੜ ਦੇ ਦੌਰ ਵਿਚ ਪੰਜਾਬੀਅਤ ਦੇ ਸੰਕਲਪ ਨੂੰ ਉਭਾਰਨਾ ਬਹੁਤ ਹੀ ਮਹੱਤਵਪੂਰਨ ਤੇ ਉਪਯੋਗੀ ਹੈ। ਇਸ ਦੇ ਨਾਲ ਹੀ ਇਸ ਨੂੰ ਵਿਕਸਿਤ ਕਰਦੇ ਸਮੇਂ ਕਾਫ਼ੀ ਸਾਵਧਾਨੀਆਂ ਵਰਤਣ ਦੀ ਵੀ ਜ਼ਰੂਰਤ ਹੈ। ਇਤਿਹਾਸਕ ਦਿ੍ਰਸ਼ਟੀ ਤੋਂ ਭੂਤ ਵਿਚ ਦੂਸਰੀਆਂ ਸਭਿਅਤਾਵਾਂ ਨਾਲ ਇਸ ਦੇ ਟਕਰਾਅ ਤੋਂ ਵੀ ਕਾਫ਼ੀ ਕੁੱਝ ਸਿੱਖਣ ਦੀ ਜ਼ਰੂਰਤ ਹੈ। ਭੂਤ ਵਿਚ ਈਸਾਈਅਤ ਅਤੇ ਇਸਲਾਮ ਨਾਲ ਟਕਰਾ ਵੀ ਇੱਥੇ ਹੀ ਹੋਏ ਹਨ। ਇੱਥੇ ਹੀ ਆਰੀਆ ਸਮਾਜ, ਬ੍ਰਹਮੋ ਸਮਾਜ, ਅਹਿਮਦ ਇਸਲਾਮੀਆ ਅਤੇ ਸਿੰਘ ਸਭਾ ਲਹਿਰਾਂ ਫਲੀਆਂ ਫੁੱਲੀਆਂ ਹਨ। ਵਿਸ਼ਵ ਪੱਧਰ ’ਤੇ ਪੰਜਾਬੀ ਭਾਸ਼ਾ ਬੋਲਣ ਵਾਲੇ ਵਿਅਕਤੀਆਂ ਦੀ ਸੰਖਿਆ 15 ਕਰੋੜ ਤੋਂ ਵੱਧ ਹੈ। ਵਿਸ਼ਵ ਪੱਧਰ ’ਤੇ ਪੰਜਾਬੀ ਭਾਸ਼ਾ ਦਾ ਦਸਵਾਂ ਦਰਜਾ ਹੈ। ਇਹ ਪੂਰੀ ਤਰ੍ਹਾਂ ਸਮਿ੍ਰੱਧ ਅਤੇ ਵਿਕਸਤ ਭਾਸ਼ਾ ਹੈ। ਇਹ ਪੰਜਾਬੀਅਤ ਦੇ ਸੰਕਲਪ ਨੂੰ ਪੁਖ਼ਤਗੀ ਪ੍ਰਦਾਨ ਕਰਦੀ ਹੈ। ਇਸ ਗੰਭੀਰ ਅਤੇ ਚੁਣੌਤੀਆਂ ਭਰਪੂਰ ਸਮੇਂ ਦੇ ਦੌਰਾਨ ਪੰਜਾਬੀਅਤ ਦੀ ਵਿਸ਼ਾਲਤਾ ਲਈ ਕਾਫ਼ੀ ਮੌਕੇ ਹਨ ਜਿਨ੍ਹਾਂ ਦਾ ਸਦਉਪਯੋਗ ਕਰਨ ਦੀ ਜ਼ਰੂਰਤ ਹੈ। ਇਸ ਲਈ ਪਿ੍ਰੰਟ ਅਤੇ ਬਿਜਲਈ ਮੀਡੀਏ ਦੇ ਨਾਲ ਹੋਰ ਸੰਚਾਰ ਸਾਧਨਾਂ ਦੀ ਭਰਪੂਰ ਵਰਤੋਂ ਕਰਨ ਦੀ ਜ਼ਰੂਰਤ ਹੈ। ਪੰਜਾਬੀਅਤ ਦੀ ਵੈਬਸਾਈਟ ਤਿਆਰ ਕਰਕੇ ਇਸ ਦੇ ਗੌਰਵਸ਼ਾਲੀ ਵਿਰਸੇ ਨੂੰ ਉਭਾਰਿਆ ਜਾਵੇ। ਵਿਭਿੰਨ ਵਿਧੀਆਂ ਦੀ ਵਰਤੋਂ ਕਰਕੇ ਇਸ ਰਾਹੀਂ ਇਤਿਹਾਸ, ਸਭਿਆਚਾਰ, ਰਸਮਾਂ, ਰਿਵਾਜਾਂ ਅਤੇ ਭਾਸ਼ਾ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਕਿਸੇ ਸਭਿਅਤਾ ਦੇ ਉਥਾਨ ਲਈ ਭਾਸ਼ਾ ਦੀ ਸੰਭਾਲ ਬਹੁਤ ਮਹੱਤਵਪੂਰਨ ਹੈ। ਸਮਾਜੀ ਵਰਤਾਰੇ ਦੀ ਅਧੋਗਤੀ ਵਿਚ ਭਾਸ਼ਾ ਦੀ ਮਹੱਤਤਾ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ-
‘ਖਤ੍ਰੀਆ ਤ ਧਰਮੁ ਛੋਡਿਆ
ਮਲੇਛ ਭਾਖਿਆ ਗਹੀ। (ਧਨਾਸਰੀ ਮ: 1)
ਪੰਜਾਬੀ ਭਾਸ਼ਾ, ਚੱਜ, ਆਚਾਰ ਅਤੇ ਸਭਿਆਚਾਰ ਪੰਜਾਬੀ ਆਚਰਣ ਦੇ ਅਨੁਕੂਲ ਹੈ। ਪੰਜਾਬ ਦੇ ਦਰਿਆ, ਮੈਦਾਨ, ਪਹਾੜ ਇੱਥੋਂ ਦੇ ਲੋਕਾਂ ਦੀ ਘਾੜਤ ਘੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪੰਜਾਬੀਅਤ ਦਾ ਅਸਲੀ ਤਲਖ ਹਕੀਕਤਾਂ ਨਾਲ ਵਾਹ ਪਿਆ ਹੈ। ਪੰਜਾਬੀਅਤ ਦੀ ਅਸਲੀ ਸਪਿਰਟ ਪ੍ਰੋ. ਪੂਰਨ ਸਿੰਘ ਦੇ ਇਨ੍ਹਾਂ ਕਥਨਾਂ ਤੋਂ ਪ੍ਰਸਤੁਤ ਹੁੰਦੀ ਹੈ-
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਊਂਦਾ ਗੁਰਾਂ ਦੇ ਨਾਮ ’ਤੇ।
ਸੋ ਅੱਜ ਦੇ ਤਣਾਅ ਭਰਪੂਰ ਸਮੇਂ ਵਿਚ ਗੁਰੂਆਂ, ਪੀਰਾਂ ਦੇ ਨਾਮ ’ਤੇ ਉਪਜੇ ਪੰਜਾਬੀਅਤ ਦੇ ਸੰਕਲਪ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਨ ਦੀ ਜ਼ਰੂਰਤ ਹੈ। ਮੌਜੂਦਾ ਪ੍ਰਸਥਿਤੀਆਂ ਦੇ ਸੰਦਰਭ ’ਚ ਇਸ ਖਿੱਤੇ ਦੀ ਭੂਗੋਲਿਕ ਅਤੇ ਰਾਜਨੀਤਕ ਸਥਿਤੀ ਦੇ ਪਰਿਪੇਖ ਵਿਚ ਬਲਵਾਨ ਪੰਜਾਬੀਅਤ ਦੀ ਅਵਸ਼ਕਤਾ ਹੈ। ਇਸ ਦਿਸ਼ਾ ਵਿਚ ਕੀਤੀਆਂ ਪੇਸ਼ਬੰਦੀਆਂ ਭਵਿੱਖੀ ਫੇਰਬਦਲ ਵਿਚ ਪ੍ਰਭਾਵਸ਼ਾਲੀ ਰੋਲ ਨਿਭਾਉਣਗੀਆਂ। ਅੱਜ ਦੋ ਵੱਡੀਆਂ ਸਭਿਅਤਾਵਾਂ ਦੇ ਟਕਰਾਵੀ ਭੇੜ (ਈਸਾਈ ਅਤੇ ਇਸਲਾਮ) ਵਿਚ ਪੰਜਾਬੀ ਸਭਿਅਤਾ ਜੋ ਅਸਲ ਵਿਚ ਸਿੰਧੂ ਸਭਿਅਤਾ ਦਾ ਹੀ ਅਜੋਕਾ ਰੂਪ ਹੈ, ਨੂੰ ਵੱਡੇ ਸੰਕਟ ਤੋਂ ਬਾ-ਖ਼ਬਰ ਅਤੇ ਚੇਤੰਨ ਰਹਿਣਾ ਚਾਹੀਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜੇਕਰ ਅਸੀਂ ਪੰਜਾਬੀਅਤ ਦੀ ਹੋਂਦ ਦੇ ਪਹਿਚਾਣ ਚਿੰਨ੍ਹਾਂ ਨੂੰ ਇਕ ਵਿਕਸਤ ਵਿਸ਼ਾਲ ਸਭਿਅਤਾ ਵਜੋਂ ਸਥਾਪਿਤ ਕਰਨ ਲਈ ਯਤਨਸ਼ੀਲ ਹੋਵਾਂਗੇ।

ਡਾ ਭਗਵੰਤ ਸਿੰਘ
ਮੁੱਖ ਸੰਪਾਦਕ
ਜਾਗੋ ਇੰਟਰਨੈਸ਼ਨਲ
ਪਿੰਡ ਤੇ ਡਾਕਖਾਨਾ : ਮੰਗਵਾਲ,
ਤਹਿ ਤੇ ਜ਼ਿਲ੍ਹਾ : ਸੰਗਰੂਰ-148001
ਮੋ. : 98148-51500
5-mail : jagointernational0yahoo.com