ਮਿਲਾਨ, 26 ਜੁਲਾਈ (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਉੱਤਰੀ ਇਟਲੀ ਦੇ ਲੰਬਾਰਦੀਆ ਸਟੇਟ ਤੇ ਜਿਲਾ ਬਰੇਸ਼ੀਆ ਦੇ ਸ਼ਹਿਰ ਔਰਜੀਨਓਵੀ ਵਿਖੇ ਪਿਛਲੇ 20 ਸਾਲਾਂ ਤੋਂ ਰਹਿ ਰਹੇ ਸ: ਹਰਵਿੰਦਰ ਸਿੰਘ ਦੀ ਲੜਕੀ ਸਿਮਰਨਜੀਤ ਕੌਰ
ਨੇ ਪੜਾਈ ਵਿੱਚ ਮੱਲਾਂ ਮਾਰਦਿਆਂ ਦੂਜਾ ਦਰਜਾ ਪ੍ਰਾਪਤ ਕੀਤਾ ਹੈ।
ਇਸ ਸੰਬੰਧੀ ਸ ਹਰਵਿੰਦਰ ਸਿੰਘ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਪਰਿਵਾਰ ਲਗਭਗ 15 ਸਾਲ ਪਹਿਲਾਂ ਬੇਟੀ ਸਿਮਰਨਜੀਤ ਕੌਰ ਅਤੇ ਪਤਨੀ ਹਰਦੀਪ ਕੌਰ ਇਟਲੀ ਆਏ ਸਨ। ਪੰਜਾਬ ਵਿੱਚ ਉਹਨਾਂ ਦਾ ਸੰਬੰਧ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਨੇਚ ਨਾਲ ਹੈ। ਉਹਨਾਂ ਦੀ ਬੇਟੀ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਆਉਣ ਅਤੇ ਇੱਥੋਂ ਦੀ ਬੋਲੀ ਸਿੱਖਣ ਦੀ ਮੁਸ਼ਕਿਲ ਤਾਂ ਹਰ ਕਿਸੇ ਨੂੰ ਆਉਂਦੀ ਹੈ ਪਰ ਆਪਣੇ ਦ੍ਰਿੜ ਇਰਾਦੇ ਅਤੇ ਬੁਲੰਦ ਹੌਸਲੇ ਦੇ ਸਦਕਾ ਉਹਨਾਂ ਦੀ ਬੇਟੀ ਸਿਮਰਨਜੀਤ ਕੌਰ ਨੇ 2020 ਵਿੱਚ ਸੁਪਰੀਓਰੇ ਵਿੱਚੋਂ 99/100 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਸੀ। ਉਪਰੰਤ ਉਸਨੇ ਯੂਨੀਵਰਸਿਟੀ ਆਫ ਬਰੇਸ਼ੀਆ ਵਿੱਚ ਤਿੰਨ ਸਾਲਾਂ ਦੇ ਇਕਨਾਮਿਕਸ ਦੇ ਬਿਜਨਸ ਮੈਨੇਜਮੈਂਟ ਅਤੇ ਅਕਾਊਂਟਿੰਗ ਵਿੱਚ ਡਿਗਰੀ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਜਿਸ ਵਿੱਚ ਪਹਿਲੇ ਸਾਲ ਦੀ ਪੜ੍ਹਾਈ ਉਸਨੇ ਇਟਲੀ ਵਿੱਚ ਹੀ ਕੀਤੀ। ਦੂਸਰੇ ਸਾਲ ਦੀ ਪੜ੍ਹਾਈ ਲਈ ਯੂਨੀਵਰਸਿਟੀ ਨੇ ਉਸ ਨੂੰ ਸਕਾਲਰਸ਼ਿਪ ਦਿੱਤੀ ਅਤੇ ਯੂਨੀਵਰਸਿਟੀ ਦੇ ਖਰਚੇ ਤੇ ਹੀ ਉਸ ਨੂੰ ਸਪੇਨ ਦੇ ਵਾਲੇਨਸੀਆ ਵਿਖੇ ਸਥਿਤ ਯੂਨੀਵਰਸਿਟੀ ਵਿੱਚ ਇੱਕ ਸਾਲ ਦੀ ਪੜ੍ਹਾਈ ਕਰਨ ਲਈ ਭੇਜਿਆ ਗਿਆ ਸੀ। ਤੀਸਰੇ ਸਾਲ ਦੀ ਪੜ੍ਹਾਈ ਸਿਮਰਨਜੀਤ ਕੌਰ ਨੇ ਬਰੇਸ਼ੀਆ ਯੂਨੀਵਰਸਿਟੀ ਵਿੱਚ ਹੀ ਕੀਤੀ ਅਤੇ ਦੂਜੇ ਸਥਾਨ ਤੇ ਰਹਿ ਕੇ ਉਸਨੇ ਇਹ ਡਿਗਰੀ ਹਾਸਿਲ ਕੀਤੀ ਹੈ। ਅਜਿਹੇ ਬੱਚੇ ਜਿੱਥੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰ ਰਹੇ ਹਨ ਉਥੇ ਆਪਣੇ ਭਾਈਚਾਰੇ ਦਾ ਵੀ ਪ੍ਰਦੇਸ਼ਾਂ ਵਿੱਚ ਮਾਣ ਵਧਾ ਰਹੇ ਹਨ ਅਤੇ ਹੋਰਨਾਂ ਆਉਣ ਵਾਲੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਬੇਟੀ ਦੀ ਇਸ ਪ੍ਰਾਪਤੀ ਤੇ ਪਰਿਵਾਰ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਅਤੇ ਉਹਨਾਂ ਨੂੰ ਸਾਕ ਸਬੰਧੀਆਂ ‘ਤੇ ਸਨੇਹੀਆਂ ਦੇ ਮੁਬਾਰਕਾਂ ਦੇ ਬਹੁਤ ਫੋਨ ਅਤੇ ਵਧਾਈ ਸੰਦੇਸ਼ ਆ ਰਹੇ ਹਨ। ਪ੍ਰਦੇਸਾਂ ਵਿੱਚ ਜਿੱਥੇ ਪਹਿਲਾਂ ਪਹਿਲ ਆਏ ਲੋਕਾਂ ਨੇ ਸਖਤ ਅਤੇ ਹੱਡ ਭੱਨਵੀਆਂ ਮਿਹਨਤਾਂ ਕੀਤੀਆਂ ਹਨ। ਉੱਥੇ ਹੀ ਅੱਜ ਕੱਲ ਦੇ ਬੱਚੇ ਪੜ੍ਹਾਈ ਕਰਕੇ ਨਵੇਂ ਤੋਂ ਨਵੇਂ ਮੁਕਾਮ ਨੂੰ ਛੂਹ ਰਹੇ ਹਨ ਅਤੇ ਵੱਡੇ ਤੋਂ ਵੱਡੇ ਅਹੁਦਿਆਂ ਤੱਕ ਪਹੁੰਚ ਰਹੇ ਹਨ।