ਕੋਟਕਪੂਰਾ, 4 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਮੂਹ ਸਮੂਹ ਕਬੀਲਿਆਂ ਦੀਆਂ ਜਥੇਬੰਦੀਆਂ ਵੱਲੋਂ 7 ਜੂਨ ਨੂੰ ਲੁਧਿਆਣਾ ਵਿਖੇ ਡੀ.ਸੀ. ਦਫਤਰ ਦੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਪੁਤਲੇ ਫੂਕੇ ਜਾਣਗੇ। ਇਹ ਵਿਚਾਰ ਅੱਜ ਜਸਪਾਲ ਸਿੰਘ ਪੰਜਗਰਾਈਂ ਕੌਮੀ ਜਨਰਲ ਸੈਕਟਰੀ ਅਖਿਲ ਭਾਰਤੀਆ ਸਮਸਤ ਕਬੀਲੇ ਸੰਗਠਨ ਨੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਅੰਦਰ ਵਿਮੁਕਤ ਕਬੀਲਿਆ ਨੂੰ 2001 ਤੋਂ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੇ ਗਏ ਦੋ ਪ੍ਰਤੀਸ਼ਤ ਰਾਖਵਾਂ ਕੋਟਾ ਕੱਟ ਕੇ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਨਾਦਰਸ਼ਾਹੀ ਪ੍ਰਮਾਣ ਜਾਰੀ ਕੀਤਾ, ਪੰਜਾਬ ਦੀ ਸਰਕਾਰ ਨੇ 15-9-2022 ਨੂੰ ਪਿਛਲੇ 22 ਸਾਲਾਂ ਤੋਂ ਮਿਲਣ ਵਾਲੇ ਕੋਟੇ ਪ੍ਰਤੀ ਲੈਟਰ ਜਾਰੀ ਕਰਕੇ ਪੰਜਾਬ ਦੇ ਕਬੀਲਿਆਂ ਦੇ 500 ਤੋਂ ਉੱਪਰ ਬੱਚਿਆਂ ਨੂੰ ਬੇਰੁਜ਼ਗਾਰ ਕੀਤਾ, ਜਿਸ ਤੋਂ ਖਫਾ ਹੋ ਕੇ ਪੰਜਾਬ ਦੇ ਕਬੀਲਿਆਂ ਵੱਲੋਂ ਅੱਜ ਤੱਕ ਬਹੁਤ ਸਾਰੇ ਰੋਸ ਮੁਜਾਰੇ ਅਤੇ ਰੋਸ ਪ੍ਰਦਰਸ਼ਨ ਪੰਜਾਬ ਦੀ ਸਰਕਾਰ ਖਿਲਾਫ ਕੀਤੇ ਗਏ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਭਲਾਈ ਮੰਤਰੀ ਦੇ ਕੰਨ ’ਤੇ ਜੂ ਨਹੀਂ ਸਰਕੀ। ਉਹਨਾ ਆਖਿਆ ਕਿ ਪੰਜਾਬ ਅੰਦਰ ਜਿਮਨੀ ਚੋਣਾਂ ਅੰਦਰ ਹਮੇਸ਼ਾ ਮੁਕਤ ਕਬੀਲਿਆਂ ਵਲੋਂ ਆਪਣੇ ਰੋਸ ਵਜੋ ਕਬੀਲਿਆਂ ਨੂੰ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀ ਆਪਣੇ ਨਾਅਰੇ ਹੇਠ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਮਾਲਵੇ ਲੀਡ ਵਿੱਚ ਭਾਰੀ ਨੁਕਸਾਨ ਹੋਇਆ, ਪੰਜਾਬ ਅੰਦਰ ਸਾਸ਼ੀ-ਬਾਵਰੀਆ-ਬਾਜੀਗਰ-ਨਟ-ਬਰਾਡ-ਗਧੀਲਾ-ਬੰਗਾਲਾ ਆਦਿ ਵਰਗੇ ਕਬੀਲਿਆਂ ਵੱਲੋਂ ਲੁਧਿਆਣਾ ਵਿਖੇ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰਹਰਾਉਣ ਲਈ 7 ਜੂਨ ਤੋਂ ਲੈ ਕੇ 17 ਜੂਨ ਤੱਕ ਲੁਧਿਆਣਾ ਵਿਖੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੁਤਲੇ ਫੂਕ ਕੇ ਘੜਾ ਭੰਨ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਨਾ ਕਬੀਲਿਆਂ ਦੇ ਵਰਕਰਾਂ ਤੇ ਬੇਰੋਜ਼ਗਾਰ ਕੀਤੇ ਵਿਅਕਤੀਆਂ ਵੱਲੋਂ ਲਗਾਤਾਰ ਲੁਧਿਆਣਾ ਹਲਕੇ ਵਿੱਚ ਵਿਮੁਕਤ ਕਬੀਲਿਆਂ ਨੂੰ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਦੇ ਨਾਅਰੇ ਨਾਲ ਘਰ-ਘਰ ਤੱਕ ਆਵਾਜ਼ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿੰਨਾ ਸਮਾਂ ਵਿਮੁਕਤ ਕਬੀਲਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹਨਾ ਸਮਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।