ਜ਼ਿਲਾ ਫਰੀਦਕੋਟ ਦੇ 16 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿ੍ਰੰਸੀਪਲਾਂ ਤੋਂ ਸੱਖਣੇ : ਪ੍ਰੇਮ ਚਾਵਲਾ
‘ਆਪ’ ਵੱਲੋਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਹੋ ਰਹੇ ਦਾਅਵੇ ਖੋਖਲੇ!
ਫਰੀਦਕੋਟ , 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਪਿਛਲੇ ਢਾਈ ਸਾਲਾਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੁਕਮਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਰਾਜ ਭਾਗ ਦੌਰਾਨ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਹਰ ਰੋਜ ਦਾਅਵੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਚਾਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦੇਸ ਦੇ ਹੋਰਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤਾ ਜਾ ਰਿਹਾ ਹੈ। ਜਦਕਿ ਤਸਵੀਰ ਦਾ ਅਸਲ ਪਹਿਲੂ ਇਹ ਹੈ ਕਿ ਫਰੀਦਕੋਟ ਜਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪਿ੍ਰੰਸੀਪਲ ਦੀਆਂ ਭਰੀਆਂ ਆਸਾਮੀਆਂ ਦੀ ਗਿਣਤੀ 26 ਅਤੇ ਖਾਲੀ ਪਈਆਂ ਅਸਾਮੀਆਂ ਦੀ ਗਿਣਤੀ 16 ਹੈ । ਅੰਕੜਿਆਂ ਅਨੁਸਾਰ ਖਾਲੀ ਅਸਾਮੀਆਂ ਦੀ ਇਹ ਗਿਣਤੀ ਇਕ ਤਿਹਾਈ ਤੋਂ ਵੱਧ ਬਣਦੀ ਹੈ। ਖਾਲੀ ਪਈਆਂ ਅਸਾਮੀਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੇਆਣਾ, ਝੱਖੜਵਾਲਾ ਬਰਗਾੜੀ, ਰੋੜੀਕਪੂਰਾ, ਚੰਦਭਾਨ, ਮੱਤਾ, ਬਾਜਾਖਾਨਾ (ਕੁੜੀਆ), ਕੋਟਸੁਖੀਆ, ਢੁੱਡੀ, ਅਰਾਈਆਂ ਵਾਲਾ ਕਲਾਂ, ਹਰੀਨੌ, ਗੋਲੇਵਾਲ, ਮਚਾਕੀ ਕਲਾ, ਗੋਬਿੰਦਗੜ-ਦਬੜੀਖਾਨਾ, ਸਾਦਿਕ (ਕੁੜੀਆਂ) ਅਤੇ ਸ਼ੇਰ ਸਿੰਘ ਵਾਲਾ ਸ਼ਾਮਿਲ ਹਨ। ਇਹ ਵੀ ਜਿਕਰਯੋਗ ਹੈ ਕਿ ਫਰੀਦਕੋਟ ਜਲਿੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ’ਚ ਜੈਤੋ ਤੋਂ ਅਮੋਲਕ ਸਿੰਘ, ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਤੋਂ ਚੁਣੇ ਗਏ ਵਿਧਾਇਕ ਹਨ, ਇਹਨਾਂ ਖਾਲੀ ਸਕੂਲਾਂ ਵਿੱਚ ਜੈਤੋ ਵਿਧਾਨ ਸਭਾ ਹਲਕੇ ਦੇ 8 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਧਾਨ ਸਭਾ ਹਲਕੇ ਦੇ 3 ਸਕੂਲ ਅਤੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ 5 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ। ਇਸ ਸਬੰਧ ’ਚ ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਕਿਹਾ ਹੈ ਕਿ ਪਿ੍ਰੰਸੀਪਲ ਦੀਆਂ ਅਸਾਮੀਆਂ ਵੱਡੀ ਗਿਣਤੀ ’ਚ ਖਾਲੀ ਹੋਣ ਕਾਰਨ ਸਕੂਲਾਂ ਦਾ ਕੰਮ ਕਾਜ ਅਤੇ ਵਿਦਿਆਰਥੀਆਂ ਦੀ ਪੜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਪੰਜਾਬ ਵਲੋਂ ਪਿ੍ਰੰਸੀਪਲ ਦੀ ਆਸਾਮੀ ਖਾਲੀ ਹੋਣ ਕਾਰਨ ਸਕੂਲਾਂ ਦੇ ਸਬੰਧਤ ਸਟਾਫ ਦੀਆਂ ਤਨਖਾਹਾਂ ਕਢਵਾਉਣ ਅਤੇ ਹੋਰ ਕੰਮ ਕਾਰ ਚਲਾਉਣ ਲਈ ਨੇੜਲੇ ਸਕੂਲਾਂ ਵਿੱਚ ਪੱਕੇ ਤੌਰ ’ਤੇ ਕੰਮ ਕਰਦੇ ਪਿ੍ਰੰਸੀਪਲਾਂ ਤੇ ਆਪਣੇ ਸਕੂਲ ਦਾ ਕੰਮ ਕਾਰ ਚਲਾਉਣ ਦੇ ਨਾਲ ਨਾਲ ਦੂਹਰਾ ਬੋਝ ਪਾ ਕੇ ਡੰਗ ਸਾਰਿਆ ਜਾ ਰਿਹਾ ਹੈ। ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਪਿ੍ਰੰਸੀਪਲਾਂ ਤੋਂ ਬਗੈਰ ਚੱਲ ਰਹੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜਦੇ ਗਰੀਬ ਘਰਾਂ ਦੇ ਵਿਦਿਆਰਥੀਆਂ ਦੇ ਹਿੱਤ ਅਤੇ ਸਕੂਲ ਸਟਾਫ ਦੀਆਂ ਪ੍ਰਬੰਧਕੀ ਲੋੜਾਂ ਪੂਰੀਆਂ ਕਰਨ ਲਈ ਖਾਲੀ ਪਏ ਸਾਰੇ ਸਕੂਲਾਂ ’ਚ ਪਿ੍ਰੰਸੀਪਲਾਂ ਅਤੇ ਹੋਰ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰਤ ਬਣਦੀਆਂ ਤਰੱਕੀਆਂ ਕਰਕੇ ਅਤੇ ਸਿੱਧੀ ਭਰਤੀ ਰਾਹੀਂ ਭਰੀਆਂ ਜਾਣ ਤਾਂ ਹੀ ਸਰਕਾਰੀ ਸਕੂਲ ਅਸਲ ਰੂਪ ’ਚ ਚੰਗੇ ਨਤੀਜੇ ਦਿਖਾ ਸਕਦੇ ਹਨ ਅਤੇ ਪੰਜਾਬ ’ਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਆਮ ਆਦਮੀ ਪਾਰਟੀ ਦਾ ਸੁਪਨਾ ਸਾਕਾਰ ਹੋ ਸਕਦਾ ਹੈ।