ਵੱਡੀ ਬੇਟੀ ਨਵਜੋਤ ਕੌਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੁਧਿਆਣੇ ਵਿਖੇ ਐਮ.ਏ. (ਮਿਊਜਕ ਵੋਕਲ) ਕਰ ਰਹੀ ਸੀ । ਉਸ ਦੇ ਤੀਸਰੇ ਸਮੈਸਟਰ ( ਦਸੰਬਰ 2013) ਦੇ ਨਤੀਜੇ ਵਿੱਚ ਪੇਪਰ ਐਸ.ਟੀ.ਆਰ. ਵਿੱਚੋਂ ਰੀ-ਅਪੀਅਰ ਆ ਗਈ । ਬੇਟੀ ਦਾ ਪੇਪਰ ਵਧੀਆ ਹੋਇਆ ਸੀ । ਕੁਲ 40 ਅੰਕ ਦਾ ਪੇਪਰ ਸੀ ਜਿਸ ਵਿੱਚੋਂ ਸਿਰਫ 8 ਅੰਕ ਆਏ । ਬੇਟੀ ਕਾਫੀ ਪ੍ਰੇਸ਼ਾਨ ਹੋ ਗਈ । ਮੈਂ ਰੀਵੇਲਿਊਏਸ਼ਨ ਪੇਪਰ ਦੀ ਕਰਵਾਉਣ ਲਈ ਫੀਸ ਭਰਵਾ ਦਿੱਤੀ । ਰੀ-ਅਪੀਅਰ ਦੀ ਫੀਸ ਭਰਨ ਦੀ ਆਖਰੀ ਮਿਤੀ ਨੇੜੇ ਆ ਗਈ ਤਾਂ ਮਜਬੂਰੀ ਬਸ 1200 ਰੁ: ਫੀਸ਼ ਵੀ ਭਰ ਦਿੱਤੀ । ਪਹਿਲੀ ਮਾਰਕਿੰਗ ਵਿੱਚ 8 ਤੋਂ 17 ਅੰਕ ਹੋ ਗਏ ਜਦੋਂ ਕਿ ਪਾਸ ਹੋਣ ਲਈ 14 ਅੰਕ ਚਾਹੀਦੇ ਸਨ। ਜੇਕਰ ਦੂਸਰੀ ਮਾਰਕਿੰਗ ਵਿੱਚ 15 ਪ੍ਰਤੀਸ਼ਤ ਤੋਂ ਵੱਧ ਹੋ ਜਾਣ ਤਾਂ ਤੀਸਰੀ ਮਾਰਕਿੰਗ ਹੁੰਦੀ ਹੈ । ਕਈ ਮਹੀਨੇ ਲੰਘ ਗਏ । ਕੁਝ ਪਤਾ ਨਾ ਲੱਗੇ ਸਬੰਧਤ ਕਲਰਕ ਇੱਕ ਦੂਜੇ ਵੱਲ ਭੇਜਦੇ ਰਹੇ । ਯੂਨੀਵਰਸਿਟੀ ਦੇ ਕਈ ਗੇੜੇ ਲੱਗ ਗਏ ਤੀਜੇ ਗੇੜ ਦੀ ਮਾਰਕਿੰਗ ਦਾ ਪਤਾ ਹੀ ਨਾ ਲੱਗੇ ਤਾਂ ਮੈਂ ਆਰ.ਟੀ.ਆਈ. ਪਾਉਣ ਬਾਰੇ ਸਬੰਧਤ ਬ੍ਰਾਂਚ ਦੀ ਸੁਪਰਡੰਟ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਉਹ ਸਾਮ ਨੂੰ ਟੈਲੀਫੋਨ ਤੇ ਦੱਸ ਦੇਵੇਗੀ । ਮੈਂ ਹੀ ਪੀ.ਆਈ.ੳ. ਅਧਿਕਾਰੀ ਨੂੰ ਮਿਲ ਚੁੱਕਾ ਸੀ । ਉਸ ਨੇ ਅਰਜ਼ੀ ਬਣਦੀ ਫੀਸ ਨਾਲ ਦੇਣ ਲਈ ਕਿਹਾ । ਮੈਂ ਉਸ ਪਾਸ ਮੁਕੰਮਲ ਅਰਜ਼ੀ ਲੈ ਗਿਆ ਤਾਂ ਉਸ ਨੇ ਸਿੱਧੀ ਹੀ ਸਬੰਧਤ ਸੁਪਰਡੰਟ ਨੂੰ ਅਰਜ਼ੀ ਦੇਣ ਲਈ ਕਿਹਾ । ਮੈਂ ਉਵੇਂ ਹੀ ਕੀਤਾ । ਮੈਂ ਆਰ.ਟੀ.ਆਈ. ਰਾਹੀਂ ਕਈ ਪੈਰੇ੍ਹ ਬਣਾ ਕਿ ਜਿਵੇਂ ਕਿਹੜੀ ਸੀਟ ਤੇ ਕਿੰਨਾ ਚਿਰ ਸੀਟ ਰਹੀ , ਕੁੱਲ ਕਿੰਨੀਆਂ ਉੱਤਰ-ਪੱਤਰੀਆਂ ਸੀ ਅਤੇ ਮਾਰਕਿੰਗ ਲਈ ਕਿੰਨੇ ਦਿਨ ਲੱਗੇ ਆਦਿ ਪੁੱਛ ਲਿਆ ਤਾਂ ਅੱਡ ਅੱਡ ਸਬੰਧਤ ਚਾਰ ਬ੍ਰਾਂਚਾਂ ਵਲੋਂ ਉੱਤਰ ਆਉਣੇ ਸ਼ੁਰੂ ਹੋ ਗਏ । ਬੇਟੀ ਦੇ ਵਿਸ਼ੇ ਦੀ ਇੱਕੋ ਹੀ ਸੀਟ ਸੀ । ਅਸਲ ‘ਚ ਸੀਟ ਕਿਤੇ ਦਬੀ ਗਈ । ਆਰ.ਟੀ.ਆਈ. ਪਾਉਣ ਨਾਲ ਸੀਟ ਤੁਰੰਤ ਲੱਭੀ ਤਾਂ ਤੀਸਰੀ ਮਾਰਕਿੰਗ ਹੋਈ ਜਿਸ ‘ਚ ਅੰਕ ਵੱਧ ਕੇ 17 ਤੋਂ 22 ਹੋ ਗਏ । ਮੈਂ ਰਜਿਸਟਰਾਰ ਜੋ ਕਿ ਅਪੀਲ ਸੁਣਨ ਵਾਲੀ ਅਥਾਰਟੀ ਸੀ ਦੇ ਕੋਲ ਅਪੀਲ ਇਨਸਾਫ ਲੈਣ ਲਈ ਪਾ ਦਿੱਤੀ । ਪੇਸ਼ੀ ਦੀ ਤਾਰੀਕ 8 ਦਸੰਬਰ 2014 ਦੁਪਿਹਰ ਬਾਅਦ ਨੂੰ ਬੇਟੀ ਨੂੰ ਆਪਣਾ ਪੱਖ ਰੱਖਣ ਲਈ ਰਜਿ: ਪੱਤਰ ਆ ਗਿਆ । ਮੈਂ ਪੂਰੇ ਕਾਗਜ਼ਾਤ ਅਤੇ ਬੇਟੀ ਤੋਂ ਇੱਕ ਅਥਾਰਟੀ ਲੈਟਰ ਲਿਖਵਾ ਕੇ ਨਿਸਚਤ ਦਿਨ ਆਪ ਹੀ ਇਕੱਲਾ ਚਲਾ ਗਿਆ । ਪੇਸ਼ੀ ਵਾਲੇ ਹਾਲ ਦੇ ਨਾਲ ਵੇਟਿੰਗ ਰੂਮ ‘ਚ ਬੈਠ ਗਿਆ , ਉਥੇ ਇੱਕ ਹੋਰ ਪੀੜ੍ਹਤ ਉੱਤਰ ਪੱਤਰੀ ਦੀ ਫੋਟੋ ਕਾਪੀ ਆਰ.ਟੀ.ਆਈ. ਰਾਹੀਂ ਕੱਢਵਾ ਕੇ ਲਈਂ ਬੈਠਾ ਸੀ ਜਿਸ ਦੀ ਪਤਨੀ ਦਾ ਨਤੀਜਾ 5 ਜਾਂ 6 ਅੰਕ ਫਰੰਟ ਪੰਨੇ ਉੱਪਰ ਦਰਜ ਸੀ ਪਰ ਹੇਠਾਂ ਜੌੜ 50 ਅੰਕਾਂ ਤੋਂ ਉੱਪਰ ਸੀ । ਭਾਵੇਂ ਇਹ ਕਲੈਰੀਕਲ ਗਲਤੀ ਸੀ ਪਰ ਚੈਕ ਕਰਤਾ ਪੜਤਾਲ ਕਰਤਾ ਨੇ ਅੱਖਾਂ ਮੀਟ ਕੇ ਹੀ ਦਸਖਤ ਕੀਤੇ ਹੋਏ ਸੀ ।ਉਹ ਵੀ ਵਿਚਾਰਾ ਸੋਧ ਲਈ ਤਰਲੇ ਹੀ ਲੈ ਰਿਹਾ ਸੀ ਜਦੋਂ ਕਿ ਗਲਤੀ ਸਾਰੀ ਹੀ ਯੂਨੀਵਰਸਿਟੀ ਦੀ ਸੀ । ਮੈਨੂੰ ਅੰਦਰ ਬੁਲਾ ਲਿਆ ਗਿਆ ।ਰਜਿਸਟਰਾਰ ਸਾਬ੍ਹ ਬੈਠੇ ਸੀ । ਮੈਂ ਏਨੇ ਅੰਕ ਵੱਧਣ ਬਾਰੇ ਕਈ ਪ੍ਰਸ਼ਨ ਕੀਤੇ ਜਿਨ੍ਹਾਂ ਦੀ ਕੋਈ ਜਵਾਬ ਨਾ ਮਿਲਿਆ ।ਮੈਂ ਰਜਿਸਟਰਾਰ ਜੋ ਕਿ ਰਿਟਾ: ਕਰਨਲ ਸਨ ਉਨ੍ਹਾਂ ਨੂੰ ਕਹਿ ਦਿੱਤਾ ਕਿ ਬੱਚੇ ਤਾਂ ਹੀ ਆਤਮ ਹੱਤਿਆ ਕਰ ਜਾਂਦੇ ਹਨ ਜਦੋਂ ਉਨ੍ਹਾਂ ਨਾਲ ਬੇਇਨਸਾਫੀ ਹੋ ਜਾਂਦੀ ਹੈ , ਬੱਚਿਆਂ ਦੀ ਅਸਲੀਅਤ ਬਾਰੇ ਕਈ ਵਾਰੀ ਮਾਪੇ ਵੀ ਨਹੀਂ ਜਾਣਦੇ ਹੁੰਦੇ ਅਤੇ ਬੱਚਿਆਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਤ ਬਾਅਦ ‘ਚ ਸਿਰਫ ਪਛਤਾਵਾ ਹੀ ਪੱਲੇ੍ਹ ਰਹਿ ਜਾਂਦਾ ਹੈ । ਰਸਿਟਰਾਰ ਨੇ ਸਬੰਧਤ ਕਰਮਚਾਰੀਆਂ ਨੂੰ ਅਧੂਰੀ ਦਿੱਤੀ ਜਾਣਕਾਰੀ ਨੂੰ ਪੂਰੀ ਕਰਕੇ ਦੇਣ ਲਈ ਨਿਰਦੇਸ਼ ਦਿੱਤੇ । ਮੈਨੂੰ ਰਜਿਸਟਰਾਰ ਨੇ ਬਾਅਦ ‘ਚ ਦਫਤਰ ਮਿਲਣ ਲਈ ਕਿਹਾ । ਮੈਂ ਉਨ੍ਹਾਂ ਨੂੰ ਉਹੀ ਗੱਲ ਉਥੇ ਵੀ ਕਹੀ ਕਿ ਇਸ ਤਰ੍ਹਾਂ ਦੀ ਮਾਰਕਿੰਗ ‘ਚ ਸੁਧਾਰ ਕਰੋ ਤਾਂ ਉਨ੍ਹਾਂ ਗੱਲ ਸੁਣ ਲਈ ਅੱਗੇ ਕੀ ਕੋਈ ਸਧਾਰ ਹੋਇਆ ਕਿ ਨਹੀਂ , ਇਸ ਬਾਰੇ ਕੋਈ ਜਾਣਕਾਰੀ ਨਹੀਂ ।
ਜਦੋਂ ਉੱਤਰ ਪੱਤਰੀ ਦਾ ਪੁਨਰ-ਮਲਾਂਕਣ ਹੁੰਦਾ ਹੈ ਤਾਂ ਮਾਰਕਿੰਗ ਕਰਤਾ ਪੂਰੇ ਬਾਰੀਕੀ ਨਾਲ ਮਾਰਕਿੰਗ ਕਰੇਗਾ । ਤੀਸਰੀ ਮਾਰਕਿੰਗ ਵਾਲਾ ਹੋਰ ਵੀ ਧਿਆਨ ਨਾਲ ਕਰੇਗਾ । ਹੁਣ 8 ਅੰਕਾਂ ਤੋਂ 22 ਅੰਕ ਦਾ ਫਰਕ ਕੀ ਵਿਦਿਆਰਥੀ ਨਾਲ ਇਨਸਾਫ ਹੈ ? ਇਥੇ ਫੇਰ ਵਿਦਿਆਰਥੀ ਨਾਲ ਧੱਕਾ ਕੀਤਾ ਜਾਂਦਾ ਹੈ ,ਤਿੰਨਾਂ ਮਾਰਕਿੰਗ ਸੀਟਾਂ ‘ਚ ਪ੍ਰਾਪਤ ਕੀਤੇ ਅੰਕਾਂ ਦਾ ਔਸਤ ਕਰਕੇ ਅੰਕ ਦਿੱਤੇ ਗਏ ।ਬੇਟੀ ਦਾ ਪਾਸ ਨਤੀਜਾ ਮਿਲ ਗਿਆ । ਯੂਨੀਵਰਸਿਟੀ ਦਾ ਕਸੂਰ ਵੀ ਵਿਦਿਆਰਥੀ ਉੱਪਰ ਥੋਪ ਦਿੱਤਾ ਜਾਂਦਾ ਹੈ । ਇਹ ਕਿਹੋ ਜਿਹਾ ਇਨਸਾਫ ਹੈ ? ਹੁਣ ਬੇਟੀ ਵਲੋਂ ਰੀ-ਅਪੀਅਰ ਦੀ ਭਰੀ ਫੀਸ ਵਾਪਸ ਕਰਾਉਣ ਲਈ ਅਰਜ਼ੀ ਦੇ ਦਿੱਤੀ ਤਾਂ 1200 ਰੁ: ਵਿਚੋ 25 ਪ੍ਰਤੀਸ਼ਤ ਪੈਸੇ ਰੀਫੰਡ ਕਰਾਉਣ ਤੇ ਕੱਟਣ ਦੀ ਵਿਵਸਥਾ ਸੀ ਜੋ ਕਿ 900 ਰੁ: ਵਾਪਸ ਕਰਨਾ ਬਣਦਾ ਸੀ ਪਰ 497 ਰੁ: ਹੀ ਵਾਪਸ ਮਿਲੇ ਜਦੋਂ ਕਿ ਇਸ ਵਿੱਚ ਵਿਦਿਆਰਥੀ ਦਾ ਕੋਈ ਕਸੂਰ ਨਹੀਂ , ਇਸ ਬਾਰੇ ਨਵੀਂ ਅਰਜ਼ੀ ਘੱਟ ਪੈਸੇ ਦੇਣ ਤੇ ਕੋਈ ਠੋਸ ਜਵਾਬ ਨਹੀਂ ਮਿਲਿਆ ।
ਇਹੋ ਜਿਹੇ ਕੇਸਾਂ ਵਿੱਚ ਪਹਿਲੇ ਪ੍ਰੀਖਿਅਕ ਨੂੰ ਇਹੋ ਜਿਹੀ ਲਾਪਰਵਾਹੀ ਵਾਲੀ ਮਾਰਕਿੰਗ ਕਰਨ ਤੋਂ ਲਾਲ ਪੈਨ ਨਾਲ ਟਿੱਕ ਕਰ ਅੱਗੇ ਤੌਂ ਮਾਰਕਿੰਗ ਕਰਨ ਤੋਂ ਰੋਕ ਦੇਣਾ ਚਾਹੀਦਾ ਹੈ । ਬੱਚੇ ਇਸੇ ਕਾਰਨ ਡਿਪਰੈਸਨ ‘ਚ ਜਾ ਕੇ ਆਤਮ ਹੱਤਿਆ ਕਰਨ ਵੱਲ ਵੀ ਚਲੇ ਜਾਂਦੇ ਹਨ , ਉਂਝ ਮਾਨਸਿਕ ਪ੍ਰੇਸ਼ਾਨੀ ਤਾਂ ਉਨ੍ਹਾਂ ਨੂੰ ਹੁੰਦੀ ਹੀ ਹੈ ।ਮੈਂ ਇਹੋ ਜਿਹਾ ਅੱਖੀਂ ਡਿੱਠਾ ਹਾਲ ਦੇਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ , ਜਿਸ ਦਾ ਮੇਰੇ ਮਨ ਵਿੱਚ ਪਹਿਲਾਂ ਹੋਰਾਂ ਯੂਨੀਵਰਸਿਟੀਆਂ ਨਾਲੋਂ ਹਰ ਪੱਖੋਂ ਰੁਤਬਾ ਉੱਚਾ ਬਣਿਆ ਹੋਇਆ ਸੀ , ਉਹ ਭਰਮ ਭੁਲੇਖਾ ਵੀ ਦੂਰ ਹੋ ਗਿਆ । ਇਸੇ ਤਰ੍ਹਾਂ ਦੀ ਘਟਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੇਟੀ ਦੇ ਗਰੇਜੂਏਸ਼ਨ ਕਰਨ ਸਮੇਂ ਵਾਪਰੀ ।ਉਹ ਵੀ ਫੇਰ ਕਦੇ ਜ਼ਿਕਰ ਕਰਾਂਗਾ । ਉਚੇਰੀ ਸਿੱਖਿਆ ਦਾ ਜੋ ਅੰਦਰੂਨੀ ਹਾਲ ਹੈ ਉਸ ਬਾਰੇ ਆਮ ਲੋਕਾਂ ਨੂੰ ਕੋਈ ਪਤਾ ਨਹੀਂ ।ਜਿਵੇਂ ਕਹਿੰਦੇ ਨੇ ਉਪਰੋਂ ਢੱਕੇ ਢੋਲ ਹੀ ਸੁਹਾਵਣੇ ਲੱਗਦੇ ਹੁੰਦੇ ਨੇ , ਅੰਦਰੋਂ ਤਾਂ ਕੁਝ ਹੋਰ ਹੀ ਨਿਕਲਦਾ । ਇਸ ਲਈ ਇਹ ਘਟਨਾ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਕਿਤੇ ਨਾ ਕਿਤੇ ਲਾਹੇਵੰਦ ਹੋ ਸਕਦੀ ਹੈ ।
….ਮੇਜਰ ਸਿੰਘ ਨਾਭਾ, ਮੋਬ.9463553962