ਸੱਤ-ਰੰਗੀ ਫੁਲਕਾਰੀ, ਮੇਰੀ ਜਿੰਦ-ਜਾਨ ਆਂ,
ਚਾਵਾਂ ਨਾ ਪਰੁੰਨੇ, ਬੜੇ ਡਾਹਢੇ ਅਰਮਾਨ ਆਂ।
ਪਹਿਲਾ ਫੁੱਲ ਰੀਝਾਂ ਨਾਲ ,ਪਾਇਆ ਮੈਂ ਗੁਲਾਬ਼ੀ ਸੀ,
ਤੋਰ ਮੇਰੀ ਮੋਰਾਂ ਨੂੰ ਵੀ,ਲੱਗਦੀ ਨਵਾਬ਼ੀ ਸੀ,
ਆਖਦਾ ‘ਪੰਜਾਬ ‘ ਤੇਰੀ ਵੱਖਰੀ ਈ ਸ਼ਾਨ ਆਂ,
ਸੱਤ-ਰੰਗੀ ਫੁਲਕਾਰੀ ਮੇਰੀ ਜ਼ਿੰਦ-ਜਾਨ ਆ,,,,
ਦੂਜਾ ਫੁੱਲ ਸੁਪਨੇ ਚ’ ਗੁੰਦ ਲਾਲ ਪਾਇਆ ਮੈਂ,
ਕੋਇਲ ਮੈਂ ਪੰਜਾਬ ਦੀ ਦਾ,ਗੀਤ ਨਾਲ ਗਾਇਆ ਮੈਂ,
ਲੋਕਗੀਤ ਸਾਂਭ ਰੱਖਾਂ,ਮੇਰੀ ਪਹਿਚਾਣ ਆ,
ਸੱਤ-ਰੰਗੀ ਫੁਲਕਾਰੀ ਮੇਰੀ ਜ਼ਿੰਦ-ਜਾਨ ਆ,,,,
ਤੀਜਾ ਫੁੱਲ, ਸਰੋਂ-ਫੁੱਲਾ ,ਪਾਇਆ ਪੱਗ ਨਾਲ ਦਾ,
ਪਤਾ ਈ ਨਾਂ ਲੱਗਾ,ਦਿਨ, ਮਹੀਨੇ ‘ਸਾਲ ਦਾ,
ਕਿੰਝ ਦੱਸਾਂ ! ਬਾਬਲੇ ਨੂੰ,ਜੋਗੀ’ ਬਣ ਬੈਠਾ ‘ਜਾਨ ਆਂ,
ਸੱਤ-ਰੰਗੀ ਫੁਲਕਾਰੀ ਮੇਰੀ ਜ਼ਿੰਦ-ਜਾਨ ਆ,,,,
ਚੌਥੇ ਫੁੱਲ ਬਾਰੇ ਸੋਚਾਂ!ਅੰਬਰਾਂ ਨੂੰ ਤੱਕ ਕੇ,
ਮਾਂ ਮੇਰੀ ਸਾਹੇ-ਚਿੱਠੀ ਲੈ ਆਈ ਚੱਕ ਕੇ,
ਸਾਂਭ ਸੂਈ ਧਾਗੇ ਧੀਏ, ਰੀਤ ਬੜੀ ਹੀ ਮਹਾਨ ਆਂ,
ਸੱਤ-ਰੰਗੀ ਫੁਲਕਾਰੀ ਮੇਰੀ ਜ਼ਿੰਦ-ਜਾਨ ਆ,,,,
ਅੱਧ-ਵਾਟੇ ਫੁਲਕਾਰੀ, ਹੌਂਕਾ ਲੈ ਕੇ ਰੱਖਦੀ,
ਕਦੇ ਫੁੱਲ ਪੀਲਾ,ਕਦੇ ਪੱਗ ‘ਵੀਰਾਂ ਦੀ ਨੂੰ ਤੱਕਦੀ,
ਕੱਲਾ-ਕੱਲਾ ਫੁੱਲ ਪੁੱਛੇ ? ਤੋੜਿਆ ਕਿਉਂ ਮਾਣ ਆਂ,
ਸੱਤ-ਰੰਗੀ ਫੁਲਕਾਰੀ, ਮੇਰੀ ਜਿੰਦ-ਜਾਨ ਆਂ,
ਚਾਵਾਂ ਨਾ ਪਰੁੰਨੇ, ਬੜੇ ਡਾਹਢੇ ਅਰਮਾਨ ਆਂ।
ਰਮਨਦੀਪ ‘ਰਮਣੀਕ ‘ 98770-65564
Leave a Comment
Your email address will not be published. Required fields are marked with *