ਇਕ ਪਾਸੇ ਭਾਰਤ ਵਿੱਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਓਸੇ ਭਾਰਤ ਵਿਚ ਹੀ ਔਰਤਾਂ ਨਾਲ ਪਸ਼ੂਆਂ ਵਰਗਾ ਸਲੂਕ ਕਿਉਂ? ਹਰਵੀਰ ਕੌਰ
ਰੱਬ ਰੂਪੀ ਡਾਕਟਰ ਨਾਲ ਅਣਮਨੁੱਖੀ ਤਰੀਕੇ ਨਾਲ ਬਲਾਤਕਾਰ ਅਤੇ ਕਤਲ਼ ਦੀ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਕੀਤਾ : ਸੁਖਬੀਰ ਸਿੰਘ
ਫਰੀਦਕੋਟ 21 ਅਗਸਤ (ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਕਲਕੱਤਾ ਬਲਾਤਕਾਰ ਪੀੜ੍ਹਤ ਡਾਕਟਰ ਨੂੰ ਇਨਸਾਫ ਦਿਵਾਉਣ ਵਾਸਤੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਨੇ ਕਿਹਾ ਕਿ ਭਾਰਤ ਵਿੱਚ ਜਿੱਥੇ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ, ਓਸੇ ਭਾਰਤ ਵਿੱਚ ਔਰਤਾਂ ਨਾਲ ਪਸ਼ੂਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਔਰਤਾਂ ਨੂੰ ਵਸਤੂਆਂ ਦੀ ਤਰਾਂ ਸਮਝਿਆ ਜਾਂਦਾ ਹੈ ਅਤੇ ਮਰਦ ਪ੍ਰਧਾਨ ਸਮਾਜ ਔਰਤ ਨੂੰ ਆਪਣੀ ਜਗੀਰ ਸਮਝਦਾ ਹੈ। ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਕਲਕੱਤਾ ਮੰਨਿਆ ਜਾਂਦਾ ਹੈ, ਓਥੇ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਕਸ਼ਮੀਰ ਤੋਂ ਲੈਅ ਕੇ ਮਣੀਪੁਰ, ਰਾਜਸਥਾਨ, ਝਾਰਖੰਡ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਔਰਤਾਂ ਖਿਲ਼ਾਫ ਹਿੰਸਾ ਦੀਆਂ ਘਟਨਾਵਾਂ ਆਮ ਹਨ ਅਤੇ ਇਹ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਰਕਾਰ ਔਰਤਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ। ਇਥੇ ਬਲਾਤਕਾਰ ਦੇ ਦੋਸ਼ੀਆਂ ਦੇ ਹੱਕ ਵਿੱਚ ਵਿੱਚ ਵੱਡੇ-ਵੱਡੇ ਹਜ਼ੂਮ ਇਕੱਠੇ ਹੋ ਜਾਂਦੇ ਹਨ। ਸੁਖਬੀਰ ਸਿੰਘ ਅਤੇ ਜਸਨੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਛੋਟੀ ਉਮਰ ਦੀ ਬੱਚੀ ਤੋਂ ਲੈਅ ਕੇ ਬੁਜੁਰਗ ਔਰਤਾਂ ਵੀ ਸੁਰਖਿਅਤ ਨਹੀਂ ਹਨ। ਰੱਬ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰ ਨਾਲ ਅਣਮਨੁੱਖੀ ਤਰੀਕੇ ਨਾਲ ਬਲਾਤਕਾਰ ਅਤੇ ਕਤਲ਼ ਦੀ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਓਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕੇ ਸਰਕਾਰ ਔਰਤਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਅਤੇ ਸਾਰੇ ਦੋਸ਼ੀਆਂ ਨੂੰ ਫੜ ਕੇ ਓਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਕਾਲਜ ਕਮੇਟੀ ਮੈਂਬਰ ਰਮਨਦੀਪ ਕੌਰ, ਗਗਨਦੀਪ ਕੌਰ, ਅਮਨੀਸ਼ ਸਿੰਘ, ਅਜੇ, ਹਰਪ੍ਰੀਤ ਸਿੰਘ, ਸ਼ਰਨਦੀਪ ਸਿੰਘ, ਅਰਸ਼ਦੀਪ ਸਿੰਘ ਆਦਿ ਵੀ ਹਾਜ਼ਰ ਸਨ।