ਪੰਜਾਬ ਯੋਧਿਆਂ ਅਤੇ ਸੂਰਬੀਰਾਂ ਦੀ ਧਰਤੀ ਹੈ।ਇਸੇ ਕਰਕੇ ਪੰਜਾਬ ਦੇ ਜੰਮਿਆਂ ਲਈ ਨਿੱਤ ਮੁਹਿੰਮਾਂ ਵਰਗੇ ਕਥਨ ਵਿਸ਼ਵ ਪ੍ਰਸਿੱਧ ਹਨ। ਘੋੜੇ ਦੀਆਂ ਕਾਠੀਆਂ ਇਹਨਾਂ ਦੇ ਘਰ ਅਤੇ ਭੁੱਜੇ ਛੋਲੇ ਇਹਨਾਂ ਦਾ ਲੰਗਰ ਬਣੇ। ਜਦੋਂ ਜਦੋਂ ਧਰਤੀ ਤੇ ਜ਼ੁਲਮ ਦੀ ਹਕੂਮਤ ਨੇ ਆਪਣੇ ਪੈਰ ਜਮਾਉਣੇ ਚਾਹੇ ਉਦੋਂ ਉਦੋਂ ਜ਼ੁਲਮ ਦੇ ਅੰਤ ਲਈ ਕੋਈ ਨਾ ਕੋਈ ਸੂਰਬੀਰ ਯੋਧਾ ਜਰੂਰ ਪੈਦਾ ਹੋਇਆ।1699 ਈ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਖਾਲਸਾ ਪੰਥ ਦੀ ਸਿਰਜਨਾ ਨੇ ਚਿੜੀਆਂ ਤੋਂ ਬਾਜ ਤੁੜਵਾਉਣ ਦਾ ਬਲ ਬਖਸ਼ਿਆ। ਗੁਰੂ ਦਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਦੇ ਬਰਾਬਰ ਲੜਿਆ। ਇਹ ਗੁਰੂ ਸਾਹਿਬ ਦੀ ਬਾਣੀ ਅਤੇ ਖੰਡੇ ਦੀ ਧਾਰ ਦਾ ਹੀ ਨਤੀਜਾ ਹੈ ਕਿ ਅਜ਼ਾਦੀ ਦੀ ਲੜ੍ਹਾਈ ਹੋਵੇ ਜਾਂ ਖੇਡ ਦਾ ਮੈਦਾਨ ਪੰਜਾਬੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਪੂਰੀ ਦੁਨੀਆਂ ਵਿੱਚ ਮਨਵਾਇਆ।
ਅਜੋਕੇ ਸਮੇਂ ਵਿੱਚ ਪੰਜਾਬੀ ਸਿਨੇਮਾ ਪਿਆਰ, ਮੁਹੱਬਤ, ਜੱਟਵਾਦ,ਕਾਮੇਡੀ ਅਤੇ ਜੀਵਨੀਆਂ ਤੋਂ ਹਟ ਕੇ ਅਜਿਹੀਆਂ ਫਿਲਮਾਂ ਬਣਾ ਰਿਹਾ ਹੈ ਜ਼ੋ ਸਮਾਜ਼ ਨੂੰ ਸੇਧ ਦਿੰਦੀਆਂ ਹੋਈਆਂ ਇਤਿਹਾਸ ਅਤੇ ਵਿਰਸੇ ਨਾਲ ਰੂਬਰੂ ਕਰਵਾਉਣ ਵਿਚ ਮਦਦ ਕਰ ਰਹੀਆਂ ਹਨ ਅਤੇ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਇਸ ਲੜੀ ਵਿੱਚ ਅਰਦਾਸ, ਅਰਦਾਸ ਕਰਾਂ,ਅਰਦਾਸ ਸਰਬੱਤ ਦੇ ਭਲੇ ਦੀ,ਮਸਤਾਨੇ,ਗੁਰਮੁਖ ਅਤੇ ਆਉਣ ਵਾਲੀ ਦਸ ਅਪ੍ਰੈਲ ਨੂੰ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਰਿਲੀਜ਼ ਹੋ ਰਹੀ ਫ਼ਿਲਮ ਅਕਾਲ ਉਹਨਾਂ ਗਿਣੀਆਂ ਚੁਣੀਆਂ ਫ਼ਿਲਮਾਂ ਵਿੱਚੋਂ ਇੱਕ ਹੈ ਜਿਹਨਾਂ ਦੀ ਕਹਾਣੀ ਰਵਾਇਤੀ ਫ਼ਿਲਮਾਂ ਤੋਂ ਕੁੱਝ ਹਟ ਕੇ ਹੈ।
ਅਕਾਲ ਫ਼ਿਲਮ ਵਿੱਚ ਮੁੱਖ ਅਦਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ,ਨਿਮਰਤ ਖਹਿਰਾ,ਛਿੰਦਾ ਗਰੇਵਾਲ,ਏਕਮ ਗਰੇਵਾਲ,ਅਸੀਸ ਦੁੱਗਲ, ਪ੍ਰਿੰਸ ਕੰਵਲਜੀਤ ਸਿੰਘ ਅਤੇ ਨਿਕਤਿਨ ਧੀਰ ਸ਼ਾਮਿਲ ਹਨ।
ਫ਼ਿਲਮ ਅਕਾਲ ਨੂੰ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਪ੍ਰੋਡਿਊਸਰ ਕਰਨ ਜ਼ੌਹਰ,ਅਦਰ ਪੂਨਾਵਾਲਾ ਅਤੇ ਅਪੂਰਵਾ ਮਹਿਤਾ ਦੇ ਸਹਿਯੋਗ ਨਾਲ ਪ੍ਰੋਡਿਊਸ ਕਰਕੇ ਗਿੱਪੀ ਗਰੇਵਾਲ ਦੁਆਰਾ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਪੰਜਾਬੀ ਭਾਸ਼ਾ ਵਿੱਚ ਵਰਲਡਵਾਈਡ ਡਿਸਟਰੀਬਿਊਸਨ ਲਈ ਵਾਈਟ ਹਿੱਲ ਅਤੇ ਹਿੰਦੀ ਭਾਸ਼ਾ ਵਿੱਚ ਧਰਮਾ ਪ੍ਰੋਡਕਸ਼ਨ ਨਾਲ ਮਿਲ ਕੇ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਪੇਸ਼ ਕੀਤੀ ਗਈ ਹੈ। ਫ਼ਿਲਮ ਦੇ ਗੀਤਾਂ ਨੂੰ ਹੈਪੀ ਰਾਏਕੋਟੀ ਨੇ ਆਪਣੀ ਕ਼ਲਮ ਨਾਲ ਤਿਆਰ ਕੀਤਾ ਹੈ ਜਿਸਨੂੰ ਸ਼ੰਕਰ ਮਹਾਦੇਵਨ,ਅਰੀਜੀਤ ਸਿੰਘ, ਸ਼੍ਰੇਆ ਘੋਸ਼ਾਲ, ਸੁਖਵਿੰਦਰ ਸਿੰਘ,ਗਿੱਪੀ ਗਰੇਵਾਲ ਅਤੇ ਸਿਕੰਦਰ ਨੇ ਆਪਣੀ ਆਵਾਜ਼ ਦੇ ਕੇ ਫ਼ਿਲਮ ਦੀ ਗੋਂਦ ਨੂੰ ਪ੍ਰਭਾਵਸ਼ਾਲੀ ਬਣਾਇਆ ਹੈ। ਫ਼ਿਲਮ ਦੇ ਐਕਸ਼ਨ ਵਿੱਚ ਹਿੰਦੀ ਫ਼ਿਲਮਾਂ ਦੀ ਦਿੱਖ ਨਜ਼ਰ ਆਉਂਦੀ ਹੈ।ਫ਼ਿਲਮ ਸਿੱਖਾਂ ਦੀ ਬਹਾਦਰੀ ਦੀ ਗਾਥਾ ਹੈ,ਜੋ ਹਮੇਸ਼ਾ ਗ਼ਰੀਬ ਅਤੇ ਮਜ਼ਲੂਮਾਂ ਦੀ ਰਾਖੀ ਲਈ ਤਿਆਰ ਰਹਿੰਦੇ ਹਨ। ਅਜੋਕੇ ਸਮੇਂ ਵਿੱਚ ਜਦੋਂ ਤਕਨੀਕੀ ਵਾਧੇ ਕਰਕੇ ਅਸੀਂ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਬੇਮੁੱਖ ਹੋ ਰਹੇ ਉਸ ਸਮੇਂ ਅਕਾਲ ਵਰਗੀਆਂ ਫਿਲਮਾਂ ਨੌਜਵਾਨਾਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਵਿੱਚ ਮਦਦਗਾਰ ਸਾਬਿਤ ਹੋਣਗੀਆਂ। ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕਰਦੇ ਹੋਏ ਦਰਸ਼ਕ ਭਵਿੱਖ ਵਿੱਚ ਵੀ ਆਪਣੀ ਸੱਭਿਅਤਾ ਨਾਲ ਜੋੜਨ ਵਾਲੀਆਂ ਅਜਿਹੀਆਂ ਹੋਰ ਫ਼ਿਲਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿਣਗੇ।
ਰਜਵਿੰਦਰ ਪਾਲ ਸ਼ਰਮਾ
7087367969