ਮੇਰੇ ਬਾਬਾ ਨਾਨਕ ਨੇ
ਕੀ-ਕੀ ਨਹੀਂ ਕੀਤਾ
ਜ਼ਾਤਪਾਤ ਦੇ ਖਾਤਮੇ ਲਈ।
ਤੇ ਅਸੀਂ ਕੀ ਕੀ ਨਹੀਂ ਕੀਤਾ
ਜ਼ਾਤਪਾਤ ਨੂੰ ਵਧਾਉਣ ਲਈ।
ਗੁਰਦੁਆਰੇ ਬਣਾ ਲਏ
ਆਪੋ-ਆਪਣੇ
ਆਖ ਕੇ ਕਿ ਇਹ ਜੱਟਾਂ ਦਾ,
ਇਹ ਰਵਿਦਾਸੀਆਂ ਦਾ,
ਇਹ ਮਜ਼੍ਹਬੀਆਂ ਦਾ।
ਸ਼ੁਕਰ ਹੈ ਮੁੱਕਿਆ ਨਹੀਂ
ਫਿਰ ਵੀ, ਹਰ ਥਾਂ
ਲੰਗਰ ਹੈ ਬਾਬੇ ਦਾ।
ਲੰਗਰ ਵੇਲੇ
ਬਾਬੇ ਦਾ ਨਾਂ ਜਪਦਾ ‘ਵਾਹਿਗੁਰੂ ਵਾਹਿਗੁਰੂ’ ਆਖਦਾ।
ਇਸੇ ਬਹਾਨੇ ਭੁੱਲ ਜਾਂਦਾ ਜ਼ਾਤਪਾਤ।
ਕਾਸ਼! ਮੇਰਾ ਬਾਬਾ ਨਾਨਕ ਫੇਰ ਤੋਂ ਆਵੇ
ਸਭ ਨੂੰ ਮੱਤ ਦੇਵੇ
ਵੇਖੇ ਆ ਕੇ
ਕੋਈ ਕੁਝ ਨਹੀਂ ਸਮਝਣਾ ਚਾਹੁੰਦਾ,
ਕੋਈ ਕੁਝ ਨਹੀਂ।
ਬਸ ਮੈਂ ਮੈਂ ਕਰਦਾ
ਤੇਰੇ ਵਾਂਗ ਕੋਈ ਤੇਰਾ ਤੇਰਾ ਨਾ ਕਰਦਾ।

ਰੀਤੂ ਕਲਸੀ