ਅੜਿੱਕਾ ਨਹੀਂ ਹਨ ਪੜ੍ਹਾਈ ਵਿਚ ਖੇਡਾਂ : ਦਮਨਪ੍ਰੀਤ ਕੌਰ
ਅੰਮ੍ਰਿਤਸਰ 5 ਮਈ : (ਵਰਲਡ ਪੰਜਾਬੀ ਟਾਈਮਜ਼)
ਪਿੱਛਲੇ 25 ਸਾਲ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੀ ਮਸ਼ਹੂਰ ਕੰਪਨੀ ਦਵੇਸਰ ਕੰਸਲਟੈਂਟ ਵੱਲੋਂ ਅੱਜ ਆਪਣੇ ਮੁੱਖ ਦਫ਼ਤਰ ਵਿਖ਼ੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪ੍ਰਸਿੱਧ ਸਾਈਕਲਿੰਗ ਖ਼ਿਡਾਰਣ ਦਮਨਪ੍ਰੀਤ ਕੌਰ ਨੂੰ ਬਾਹਰਵੀਂ ਕਲਾਸ (ਮੈਡੀਕਲ) ਵਿੱਚ 90% ਅੰਕ ਪ੍ਰਾਪਤ ਕਰਨ ਤੇ ਸਨਮਾਨਿਤ ਕਰਦਿਆਂ ਐਮਡੀ ਸ਼੍ਰੀ ਹਰਦੇਸ਼ ਸ਼ਰਮਾ ਨੇ ਕਿਹਾ ਕੇ ਖੇਡਾਂ ਪ੍ਰਤੀ ਇਹ ਲੋਕ ਧਾਰਨਾ ਬਣੀ ਹੋਈ ਹੈ ਕਿ,ਖੇਲੋਗੇ ਕੂਦੋਗੇ ਤੋਂ ਹੋਗੇ ਖਰਾਬ, ਪੜੋਗੇ ਲਿਖੋਗੇ ਤੋਂ ਬਣੋਗੇ ਨਬਾਬ । ਖਿਡਾਰੀਆਂ ਪ੍ਰਤੀ ਲੋਕਾਂ ਦਾ ਇਹ ਨਜ਼ਰੀਆ ਬਹੁਤ ਪੁਰਾਣਾ वि ਖੇਡਣ ਵਾਲੇ ਬੱਚੇ ਪੜ੍ਹਾਈ ਨੀ ਕਰ ਸਕਦੇ ਜਾਂ ਜਿਹੜੇ ਪੜ੍ਹਾਈ ਦੇ ਨਾਲ ਕੋਈ ਖੇਡ ਖੇਡਦੇ ਨੇ ਉਹ ਚੰਗੇ ਨੰਬਰ ਨਹੀ ਲੈ ਸਕਦੇ । ਖੇਡਣ ਵਾਲੇ ਵਿਦਿਆਰਥੀ ਤੇ ਇਹ ਵਿਅੰਗ ਵੀ ਆਮ ਹੀ ਕੱਸਿਆ ਜਾਂਦੈ ਵੀ ਇਹ ਤਾਂ ਖਿਡਾਰੀ ਹੈ ਇਹਦਾ ਪੜ੍ਹਾਈ ਨਾਲ ਕੀ ਵਾਹ,ਪਰ ਦਮਨਪ੍ਰੀਤ ਕੌਰ (ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ, ਵਿਖ਼ੇ ਮੈਡੀਕਲ ਦੀ ਵਿਦਿਆਰਥਣ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਸਾਲ 2024 ਦੇ ਸਾਲਾਨਾ ਇਮਤਿਹਾਨ ਵਿੱਚੋਂ 90% ਅੰਕ ਪ੍ਰਾਪਤ ਕਰਕੇ ਇਸ ਧਾਰਨਾ ਨੂੰ ਮੁੱਢੋਂ ਰੱਦ ਕਰ ਦਿੱਤਾ ਕਿ ਖੇਡਾਂ ਪੜ੍ਹਾਈ ਵਿਚ ਅੜਿੱਕਾ ਪੈਦਾ ਕਰਦੀਆਂ ਹਨ I ਦਮਨਪ੍ਰੀਤ ਕੌਰ ਨੇ ਬਾਰਵੀਂ ਦੀ ਪ੍ਰੀਖਿਆ ਵਿਚੋਂ ਚੰਗੇ ਨੰਬਰ ਲੈ ਕੇ ਚੰਗੀ ਖਿਡਾਰਣ ਹੋਣ ਦੇ ਨਾਲ-ਨਾਲ ਚੰਗੇ ਵਿਦਿਆਰਥੀਆਂ ਦੀ ਲਿਸਟ ਵਿਚ ਆਪਣੀ ਜਗ੍ਹਾ ਬਣਾ ਕੇ ਇਹ ਦਰਸਾ ਦਿੱਤਾ ਕਿ ਪੜ੍ਹਾਈ ਦੇ ਨਾਲ ਨਾਲ ਜੇ ਖੇਡਾਂ ਵੀ ਖੇਡੀਆਂ ਜਾਣ ਤਾਂ ਬੰਦਾ ਉੱਤਮ ਬਣਦਾ ਹੈ । ਉਪਰੋਕਤ ਖਿਡਾਰਣ ਨੇ ਪੜ੍ਹਾਈ ਵਿਚੋਂ ਉੱਤਮ ਅੰਕ ਪ੍ਰਾਪਤ ਕਰਕੇ ਇਹ ਜਾਹਿਰ ਕਰ ਦਿੱਤਾ ਹੈ ਕਿ ਖੇਡਾਂ ਦੇ ਪਿੱੜ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦੇ ਦਿਮਾਗ ਤਿੱਖੇ ਹੋ ਜਾਂਦੇ ਨੇ ।
ਇਸ ਮੌਂਕੇ ਸਨਮਾਨ ਪ੍ਰਾਪਤ ਕਰਦਿਆਂ ਦਮਨਪ੍ਰੀਤ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਤੇ ਖੇਡਾਂ ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਖੇਡ ਮੈਦਾਨਾਂ ਤੋਂ ਬਿਨਾਂ ਅਧੂਰੀਆਂ ਹਨ । ਬ੍ਰਾਜ਼ੀਲ ਦੇ ਬੱਚੇ ਸਕੂਲ ਵਿਚ ਸਭ ਤੋਂ ਪਹਿਲਾਂ ਫੁਟਬਾਲ ਨੂੰ ਕਿੱਕ ਮਾਰਨੀ ਸਿੱਖਦੇ ਨੇ । ਰੂਸ ਦੇ ਸਕੂਲਾਂ ਵਿਚ ਬੱਚਿਆਂ ਨੂੰ ਸਰੀਰਿਕ ਸਿੱਖਿਆ ਅਤੇ ਖੇਡਾਂ ਲਾਜ਼ਮੀ ਹਨ । ਬੁਲਗਾਰੀਆ ਵਿਚ ਸਕੂਲ ਦੇ ਦਾਖਲੇ ਤੋਂ ਪਹਿਲਾਂ ਬੱਚੇ ਨੂੰ ਤੈਰਨਾ ਆਉਣਾ ਜਰੂਰੀ ਹੈ । ਜਿਸ ਬੱਚੇ ਨੂੰ ਤੈਰਨਾ ਨਹੀਂ ਆਉਂਦਾ ਉਸਦਾ ਦਾਖਲਾ ਸਕੂਲ ਵਿਚ ਨਹੀਂ ਹੁੰਦਾ । ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਸੰਜੀਦਗੀ ਦਿਖਾਉਣ ਵਾਲੇ ਮੁਲਖਾਂ ਦੇ ਖਿਡਾਰੀਆਂ ਨੇ ਹੀ ਓਲੰਪਿਕ ਖੇਡਾਂ ਵਿਚ ਆਪਣਾ ਲੋਹਾ ਮਨਵਾਇਆ ਹੈ । ਆਖ਼ਿਰ ਵਿੱਚ ਦਮਨਪ੍ਰੀਤ ਕੌਰ ਨੇ ਹੋਰਨਾਂ ਲੜਕੇ-ਲੜਕੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕੇ ਮਹਾਨ ਫਿਲਾਸਫਰਾਂ ਵਲੋਂ ਦਿੱਤੇ ਤਰਕਾ ਨੇ ਇਸ ਗੱਲ ਤੇ ਪੱਕੀ ਮੋਹਰ ਲਗਾ ਦਿੱਤੀ ਹੈ ਕਿ ਖੇਡਾਂ ਮੁੱਢੋਂ ਹੀ ਪੜ੍ਹਾਈ ਦੀਆਂ ਪੂਰਕ ਹਨ ਵਿਰੋਧੀ ਨਹੀਂ । ਜਿਹੜੇ ਲੋਕੀਂ ਇਹ ਮੰਨੀ ਖੜੇ ਹਨ ਕੇ ਖੇਡਾਂ ਦੇ ਨਾਲ ਪੜ੍ਹਾਈ ਨਹੀਂ ਹੁੰਦੀ, ਉਹਨਾਂ ਨੂੰ ਖੇਲੋਗੇ ਕੂਦੋਗੇ ਤੋਂ ਹੋਗੇ ਖਰਾਬ’ ਵਾਲਾ ਰਾਗ ਛੱਡਕੇ ‘ਖੇਲੋਗੇ ਕੂਦੋਗੇ ਤੋਂ ਬਣੋਗੇ ਨਾਯਾਬ ‘ ਗੀਤ ਗੁਣਗੁਣਾਉਣ ਦੀ ਲੋੜ ਹੈ ।
ਫੋਟੋ ਕੈਪਸ਼ਨ
ਹੋਣਹਾਰ ਖ਼ਿਡਾਰਣ ਤੇ ਵਿਦਿਆਰਥਣ ਦਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਦਵੇਸਰ ਕੰਸਲਟੈਂਟ ਦੇ ਐਮਡੀ ਸ਼੍ਰੀ ਹਰਦੇਸ਼ ਸ਼ਰਮਾ ਤੇ ਹੋਰ