ਬਿਜਲੀ ਕੱਟ ਤੁਰਤ ਬੰਦ ਨਾ ਕੀਤੇ ਤਾਂ ਸੰਘਰਸ਼ ਵਿੱਢਣ ਲਈ ਹੋਵਾਂਗੇ ਮਜਬੂਰ : ਸੰਧੂ
ਫਰੀਦਕੋਟ/ਸਾਦਿਕ, 21 ਜੂਨ (ਵਰਲਡ ਪੰਜਾਬੀ ਟਾਈਮਜ਼)
ਜਦੋਂ ਤੋਂ ਝੋਨੇ ਦਾ ਸੀਜਨ ਸ਼ੁਰੂ ਹੋਇਆ ਹੈ, ਉਦੋਂ ਤੋਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿਨ ਸਮੇਂ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਲਗਾਤਾਰ ਵਾਅਦੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਉਲਟ ਹੈ, ਨਾ ਤਾਂ ਖੇਤਾਂ ਵਾਲੀ ਬਿਜਲੀ ਪੂਰੀ ਤਰਾਂ ਚੱਲਦੀ ਹੈ ਤੇ ਨਾ ਹੀ ਘਰਾਂ ਤੇ ਦੁਕਾਨਾਂ ਵਾਲੀ ਲਾਈਟ ਟਿਕਦੀ ਹੈ ਤੇ ਸਾਰਾ ਦਿਨ ਲੁਕਣਮੀਟੀ ਦਾ ਖੇਡ ਚਲਦਾ ਰਹਿੰਦਾ ਹੈ। ਇਹ ਜਾਣਕਾਰੀ ਪਿੰਡ ਬੀਹਲੇਵਾਲਾ ਦੇ ਵਿੱਕੀ ਧਾਲੀਵਾਲ ਸਮੇਤ ਅਨੇਕਾਂ ਲੋਕਾਂ ਨੇ ਬਿਜਲੀ ਘਰ ਸਾਦਿਕ ਦੇ ਗਰਿਡ ਵਿੱਖੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਦਿੱਤੀ। ਉਹਨਾਂ ਦੱਸਿਆ ਕਿ ਖੇਤਾਂ ਨੂੰ ਸਿਰਫ ਦੋ ਘੰਟੇ ਬਿਜਲੀ ਸਪਲਾਈ ਆਉਂਦੀ ਹੈ, ਉਸ ਨਾਲ ਨਾ ਝੋਨਾ ਲੱਗਦਾ ਹੈ ਤੇ ਨਾ ਵਾਹਣ ਭਰਦਾ ਹੈ। ਬੀਹਲੇਵਾਲਾ ਫੀਡਰ ਨਾਲ ਹੋਰ ਫੀਡਰ ਜੋੜੇ ਹੋਣ ਕਾਰਨ ਇਸ ਫੀਡਰ ਦੀ ਸਮੱਸਿਆ ਵੱਧ ਆ ਰਹੀ ਹੈ। ਜੇ.ਈ. ਨੂੰ ਅਸੀਂ ਮੁਸ਼ਕਿਲ ਦੱਸੀ ਹੈ ਪਰ ਉਹਨਾਂ ਅਸਮਰਥਾ ਜਿਤਾਈ ਹੈ। ਉਹਨਾਂ ਦੋਸ਼ ਲਾਇਆ ਕਿ ਵਿਭਾਗ ਨੇ ਜੋ ਪ੍ਰਾਈਵੇਟ ਬੰਦੇ ਰੱਖੇ ਹਨ, ਉਹ ਫੀਡਰਾਂ ਦੇ ਨੁਕਸ ਕੱਢਣ ਤੇ ਟ੍ਰਾਂਸਫਾਰਮਰ ਰੱਖਣ ਦੇ ਰੁਪਏ ਮੰਗ ਰਹੇ ਹਨ। ਉਨਾਂ ਵਿਭਾਗ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਖੇਤਾਂ ਲਈ 8 ਘੰਟੇ ਵਿਨਵਿਘਨ ਸਪਲਾਈ ਦਿੱਤੀ ਜਾਵੇ ਤੇ ਘਰਾਂ ਤੇ ਦੁਕਾਨਾਂ ਲਈ 24 ਘੰਟੇ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਕੁਲਦੀਪ ਸਿੰਘ ਸੰਧੂ, ਪੁਨੀਤ ਰੋਮਾਣਾ, ਬਾਗਨ ਸਿੰਘ ਸੰਧੂ, ਹਰਵੀਰ ਸਿੰਘ ਸੰਧੂ, ਮਨਜਿੰਦਰ ਸਿੰਘ ਕਿੰਗਰਾ, ਸਪੀਟਪਾਲ ਸੰਧੂ ਵੀ ਹਾਜਰ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਮੀਤ ਪ੍ਰਧਾਨ ਬਖਤੌਰ ਸਿੰਘ ਸਾਦਿਕ ਤੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਬਿਜਲੀ ਸਰਪਲਸ ’ਤੇ ਪੂਰੀ ਬਿਜਲੀ ਸਪਲਾਈ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਉਹ ਪੂਰੇ ਕੀਤੇ ਜਾਣ। ਅਗਰ ਖੇਤਾਂ ਦੀ ਬਿਜਲੀ ਨੂੰ ਇਸੇ ਤਰਾਂ ਕੱਟ ਲੱਗਦੇ ਰਹੇ ਤਾਂ ਝੋਨੇ ਦੀ ਫਸਲ ਖਰਾਬ ਹੋ ਸਕਦੀ ਹੈ। ਜੇਕਰ ਇਹ ਪਾਵਰ ਕੱਟ ਤੁਰੰਤ ਬੰਦ ਨਾ ਕੀਤੇ ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਜੀ.ਏ. ਨੇ ਦੱਸਿਆ ਕਿ ਇਹ ਕੁਦਰਤੀ ਆਫਤ ਹੈ, ਗਰਮੀ ਬਹੁਤ ਪੈਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਬਾਰਿਸ਼ਾਂ ਨਾ ਪੈਣ ਕਾਰਨ ਬਿਜਲੀ ਦੀ ਮੰਗ ਕਾਫੀ ਵਧ ਚੁੱਕੀ ਹੈ। ਜਿਸ ਕਰਕੇ ਪਟਿਆਲਾ ਮੁੱਖ ਦਫਤਰ ਜਿਸ ਤਰਾਂ ਪਾਵਰ ਕੱਟ ਦੀਆਂ ਹਦਾਇਤਾਂ ਹਨ, ਉਸ ਮੁਤਾਬਿਕ ਬਿਜਲੀ ਸਪਲਾਈ ਦੇ ਰਹੇ ਹਾਂ। ਇਸ ਸਮੇਂ ਖੇਤੀ ਸੈਕਟਰ ਲਈ ਨਿਰਧਾਰਤ 8 ਘੰਟੇ ਰੋਜਾਨਾ ਬਿਜਲੀ ਸਪਲਾਈ ’ਚੋਂ ਕਰੀਬ 5 ਘੰਟੇ ਬਿਜਲੀ ਸਪਲਾਈ ਹੋ ਰਹੀ ਹੈ। ਅਸੀਂ ਵੀ ਕਿਸਾਨਾਂ ਦੀ ਸਮੱਸਿਆ ਸਮਝਦੇ ਹਾਂ ਪਰ ਜਦ ਤੱਕ ਮੀਂਹ ਨਹੀਂ ਪੈਂਦਾ ਹੱਲ ਦਿਖ ਨਹੀਂ ਰਿਹਾ।