ਫਾਊਂਡੇਸ਼ਨ ਵੱਲੋਂ ਕੈਂਸਰ ਦੇ ਖੋਜ ਕਾਰਜਾਂ ਲਈ ਇਕ ਮਿਲੀਅਨ ਫੰਡ ਇਕੱਠਾ ਕਰਨ ਦੀ ਸ਼ਲਾਘਾ
ਸਰੀ, 13 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਖੋਜ ਕਾਰਜ ਵਾਸਤੇ ਇਕ ਮਿਲੀਅਨ ਡਾਲਰ ਦੀ ਦਾਨ ਰਾਸ਼ੀ ਇਕੱਤਰ ਕਰ ਕੇ ਬੀ.ਸੀ. ਕੈਂਸਰ ਫਾਊਂਡੇਸ਼ਨ ਨੂੰ ਦੇਣ ਵਾਲੇ ਗੁਰਗਿਆਨ ਫਾਊਂਡੇਸ਼ਨ ਦੇ ਕਾਮਿਆਂ ਨੂੰ ਬੀਤੇ ਦਿਨ ਬੀ.ਸੀ. ਅਸੈਂਬਲੀ ਵਿਚ ਬੁਲਾ ਕੇ ਮਾਣ ਸਨਮਾਨ ਦਿੱਤਾ ਗਿਆ। ਇਨ੍ਹਾਂ ਕਾਮਿਆਂ ਨੂੰ ਮਾਨਤਾ ਦੁਆਉਣ ਦਾ ਕਾਰਜ ਕੁਈਨਜ਼ਬਰੋ ਦੇ ਐਮਐਲਏ ਅਮਨਦੀਪ ਸਿੰਘ ਨੇ ਕੀਤਾ।
ਐਮਐਲਏ ਅਮਨਦੀਪ ਸਿੰਘ ਨੇ ਗੁਰਗਿਆਨ ਫਾਊਂਡੇਸ਼ਨ ਦੇ ਬਾਨੀ ਇੰਦਰਜੀਤ ਸਿੰਘ ਬੈਂਸ, ਪ੍ਰਧਾਨ ਪ੍ਰੋ. ਅਵਤਾਰ ਸਿੰਘ ਵਿਰਦੀ ਅਤੇ ਜੇ. ਮਿਨਹਾਸ ਦੀ ਜਾਣ ਪਛਾਣ ਕਰਵਾਉਂਦਿਆਂ ਅਸੈਂਬਲੀ ਮੈਂਬਰਾਂ ਨੂੰ ਦੱਸਿਆ ਕਿ ਇੰਦਰਜੀਤ ਸਿੰਘ ਬੈਂਸ ਦੇ ਪੁੱਤਰ ਗੁਰਕੰਵਲਜੀਤ ਸਿੰਘ ਬੈਂਸ ਦੀ 18 ਸਾਲ ਦੀ ਉਮਰ ਵਿਚ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਇੰਦਰਜੀਤ ਸਿੰਘ ਨੇ ਉਸ ਦੀ ਮੌਤ ਉਪਰੰਤ ਲੋਕਾਂ ਵਿਚ ਕੈਂਸਰ ਪ੍ਰਤੀ ਚੇਤਨਾ ਪੈਦਾ ਕਰਨ ਵਾਸਤੇ ਗੁਰਗਿਆਨ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਦੇ ਪ੍ਰਧਾਨ ਪ੍ਰੋ. ਅਵਤਾਰ ਵਿਰਦੀ, ਜੋ ਦੋ ਵਾਰ ਖ਼ੁਦ ਕੈਂਸਰ ਨੂੰ ਮਾਤ ਦੇ ਚੁੱਕੇ ਹਨ, ਨੇ ਕੈਂਸਰ ਦੇ ਵਧ ਰਹੇ ਪਰਪੋਕ ਤੋਂ ਲੋਕਾਂ ਨੂੰ ਸੁਚੇਤ ਕਰਨ ਅਤੇ ਇਸ ਦੇ ਇਲਾਜ ਲਈ ਖੋਜ ਕਾਰਜਾਂ ਵਾਸਤੇ ਫੰਡ ਇਕੱਠਾ ਕਰਨ ਦੇ ਉਦੇਸ਼ ਨਾਲ 2022 ਵਿਚ ਕੈਨਡਾ ਭਰ ਦੇ ਪ੍ਰਮੁੱਖ ਸ਼ਹਿਰਾਂ ਵਿਚ ਵਾਕ ਕਰ ਕੇ 51 ਹਜਾਰ ਡਾਲਰ ਫੰਡ ਇਕੱਤਰ ਕੀਤਾ ਸੀ ਅਤੇ ਪ੍ਰੋ. ਵਿਰਦੀ ਨੇ ਜਤਿੰਦਰ ਜੇ. ਮਿਨਹਾਸ ਜਿਹੇ ਸਹਿਯੋਗੀਆਂ ਦੀ ਪ੍ਰੇਰਨਾ ਨਾਲ ਇਸ ਕਾਰਜ ਨੂੰ ਜਾਰੀ ਰਖਦਿਆਂ ਬੀ ਸੀ ਕੈਂਸਰ ਫਾਊਂਡੇਸ਼ਨ ਨੂੰ ਇਕ ਮਿਲੀਅਨ ਡਾਲਰ ਤੋਂ ਵੱਧ ਰਾਸ਼ੀ ਇਕੱਤਰ ਕਰ ਕੇ ਦਿੱਤੀ ਅਤੇ ਬੀਸੀ ਕੈਂਸਰ ਫਾਊਂਡੇਸ਼ਨ ਲਈ ਕੈਂਸਰ ਦੀ ਲੜਾਈ ਲੜਨ ਵਾਲੇ 17 ਸਾਲਾ ਹੀਰੋ ਟੈਰੀ ਫੌਕਸ ਦੇ ਅਧੂਰੇ ਕਾਰਜ ‘ਅੰਧ ਮਹਾਂਸਾਗਰ ਦੇ ਪਾਣੀ ਦੀ ਇੱਕ ਬੋਤਲ ਸੇਂਟ ਜੋਂਸ, ਨਿਊ ਫਿਨਲੈਂਡ ਅਤੇ ਲੈਬਰਾਡੋਰ ਤੋਂ ਲਿਆ ਕੇ ਵੈਨਕੂਵਰ ਦੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਪਾਉਣੀ (ਜੋ ਕੈਨੇਡਾ ਦਾ ਮੋਟੋ ਵੀ ਹੈ ‘From sea to sea’)’ ਜੋ ਪ੍ਰੋ. ਵਿਰਦੀ ਨੇ ਪੂਰਾ ਕੀਤਾ।
ਅਸੈਂਬਲੀ ਮੈਂਬਰਾਂ ਨੇ ਤਾੜੀਆਂ ਦੀ ਭਰਪੂਰ ਦਾਦ ਨਾਲ ਗੁਰਗਿਆਨ ਫਾਊਂਡੇਸ਼ਨ ਦੇ ਇਨ੍ਹਾਂ ਸਮਾਜ ਸੇਵਕਾਂ ਦੇ ਮਹਾਨ ਕਾਰਜ ਦੀ ਸ਼ਲਾਘਾ ਕੀਤੀ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਇਬੀ, ਲੇਬਰ ਮਨਿਸਟਰ ਹੈਰੀ ਬੈਂਸ, ਸਪੀਕਰ ਰਾਜ ਚੌਹਾਨ ਅਤੇ ਐਮਐਲਏ ਜਿੰਨੀ ਸਿਮਜ਼ ਨੇ ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਕੈਂਸਰ ਦੀ ਰੋਕਥਾਮ ਲਈ ਕੀਤੇ ਕਾਰਜ ਨੂੰ ਮਹਾਨ ਕਾਰਜ ਕਿਹਾ। ਇਸ ਮੌਕੇ ਫਾਊਂਡੇਸ਼ਨ ਦੇ ਕਾਰਜ ਵਿਚ ਆਪਣੀਆਂ ਸੇਵਾਵਾਂ ਦੇਣ ਵਾਲੇ ਪ੍ਰੋ. ਅਵਤਾਰ ਸਿੰਘ ਵਿਰਦੀ ਦੇ ਪਰਿਵਾਰ ਮੈਂਬਰ ਰਣਜੀਤ ਕੌਰ ਵਿਰਦੀ (ਪਤਨੀ), ਐਂਡੀ ਵਿਰਦੀ ਤੇ ਨੋਰਿਸ ਵਿਰਦੀ (ਸਪੁੱਤਰ) ਅਤੇ ਮਨਮੀਤ ਕੌਰ ਵਿਰਦੀ (ਨੂੰਹ) ਵੀ ਅਸੈਂਬਲੀ ਵਿਚ ਮੌਜੂਦ ਸਨ।
ਇਸੇ ਦੌਰਾਨ ਫਾਊਂਡੇਸ਼ਨ ਦੇ ਆਗੂ ਇੰਦਰਜੀਤ ਸਿੰਘ ਬੈਂਸ, ਪ੍ਰੋ. ਅਵਤਾਰ ਸਿੰਘ ਵਿਰਦੀ ਅਤੇ ਜਤਿੰਦਰ ਜੇ. ਮਿਨਹਾਸ ਨੇ ਫੰਡ ਰੇਜ਼ਿੰਗ ਦੇ ਕਾਰਜ ਲਈ ਸਹਿਯੋਗ ਦੇਣ ਵਾਲੇ ਸਭਨਾਂ ਦਾਨੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *