ਐਰਿਖ ਫਰੌਮ (1900-1980) ਜਰਮਨ ਸਮਾਜਕ-ਮਨੋਵਿਗਿਆਨਕ, ਮਨੋਵਿਸ਼ਲੇਸ਼ਕ ਅਤੇ ਦਾਰਸ਼ਨਿਕ ਹੋ ਗੁਜ਼ਰਿਆ ਹੈ, ਜਿਸਨੇ ਪਿਆਰ ਦੀ ਪਰਿਭਾਸ਼ਾ ਦਿੰਦਿਆਂ ਇਹਨੂੰ ਗਰਜ਼ ਤੋਂ ਰਹਿਤ ਹੋਣਾ ਜ਼ਰੂਰੀ ਮੰਨਿਆ ਹੈ। ਇਹਦੀ ਵਿਆਖਿਆ ਕਰਦਿਆਂ ਉਹ ਦੱਸਦਾ ਹੈ ਕਿ ਅਸੀਂ ਆਪਣਾ ਸਮਾਂ ਅਤੇ ਸ਼ਕਤੀ ਉਨ੍ਹਾਂ ਗੱਲਾਂ ਵਿੱਚ ਲਾਈ ਜਾਂਦੇ ਹਾਂ ਜਿਸਦਾ ਕੋਈ ਮਕਸਦ ਦਿਸਦਾ ਹੋਵੇ, ਜਿਸਦੇ ਨਤੀਜੇ ਨਿਕਲਦੇ ਹੋਣ। ਤੇ ਜਦੋਂ ਅਸੀਂ ਸਭ ਕੁਝ ਕਰ-ਕਰਾ ਲੈਂਦੇ ਹਾਂ ਤਾਂ ਨਤੀਜੇ ਕੀ ਹੁੰਦੇ ਹਨ? ਸ਼ਾਇਦ ਪੈਸਾ ਜਾਂ ਮਸ਼ਹੂਰੀ ਜਾਂ ਤਰੱਕੀ। ਅਸੀਂ ਕਦੇ ਹੀ ਸੋਚਦੇ ਹਾਂ ਕਿ ਕੋਈ ਐਸਾ ਕੰਮ ਵੀ ਕਰ ਲਿਆ ਜਾਵੇ ਜਿਸਦਾ ਕੋਈ ਮਕਸਦ ਨਾ ਹੋਵੇ। ਅਸੀਂ ਭੁੱਲ ਗਏ ਹਾਂ ਕਿ ਕੋਈ ਮਕਸਦ ਮਨ ਵਿੱਚ ਧਾਰਨ ਤੋਂ ਬਿਨਾਂ ਵੀ ਕੋਈ ਕੰਮ ਕੀਤਾ ਜਾ ਸਕਦਾ ਹੈ, ਕੀਤਾ ਜਾਣਾ ਚਾਹੀਦਾ ਹੈ ਤੇ ਇਸ ਵਿੱਚ ਆਨੰਦ ਆਉਂਦਾ ਹੈ। ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਇਹ ਵੀ ਹੈ ਕਿ ਆਪਣੀ ਸ਼ਕਤੀ ਕੋਈ ਟੀਚਾ ਸਰ ਕਰਨ ਲਈ ਨਹੀਂ, ਸਿਰਫ ਕਰਨ ਲਈ ਹੀ ਲਾਈ ਜਾਵੇ! ਜਿਵੇ ਪਿਆਰ ਹੈ। ਪਿਆਰ ਦਾ ਕੋਈ ਮਕਸਦ ਨਹੀਂ ਹੁੰਦਾ। ਭਾਵੇਂ ਬਹੁਤ ਸਾਰੇ ਲੋਕ ਇਹੀ ਆਖਣਗੇ ਕਿ ਹੁੰਦਾ ਕਿਉਂ ਨਹੀਂ? ਇਹਦੇ ਨਾਲ ਅਸੀਂ ਆਪਣੀਆਂ ਜਿਨਸੀ ਲੋੜਾਂ ਪੂਰੀਆਂ ਕਰਦੇ ਹਾਂ, ਵਿਆਹ ਕਰਵਾਉਂਦੇ ਹਾਂ, ਬੱਚੇ ਪੈਦਾ ਹੁੰਦੇ ਹਨ ਤੇ ਆਮ ਠੀਕ ਠਾਕ ਜ਼ਿੰਦਗੀ ਜਿਉਂਦੇ ਹਾਂ। ਇਹ ਹੈ ਪਿਆਰ ਦਾ ਮਕਸਦ ਤੇ ਇਸੇ ਕਰਕੇ ਅੱਜ ਪਿਆਰ ਬਹੁਤ ਘੱਟ ਨਜ਼ਰ ਆਉਂਦਾ ਹੈ। ਪਿਆਰ, ਜਿਸਦਾ ਕੋਈ ਨਿਸ਼ਾਨਾ ਨਾ ਹੋਵੇ, ਪਿਆਰ ਜੋ ਨਿਰਾ ਪਿਆਰ ਕਰਨ ਲਈ ਹੋਵੇ। ਇਸ ਤਰ੍ਹਾਂ ਦੇ ਪਿਆਰ ਵਿੱਚ ਇਨਸਾਨ ਇਨਸਾਨ ਹੁੰਦਾ ਹੈ ਨਾਕਿ ਉਪਭੋਗੀ। ਇਹੀ ਇਨਸਾਨੀ ਆਪਾ ਪ੍ਰਗਟਾਵਾ ਹੈ, ਜਿਸ ਵਿੱਚ ਸਾਡੀਆਂ ਸਾਰੀਆਂ ਇਨਸਾਨੀ ਕਾਬਲੀਅਤਾਂ ਪੂਰਨ ਰੂਪ ਵਿੱਚ ਉਜਾਗਰ ਹੁੰਦੀਆਂ ਹਨ।

~ ਪ੍ਰੋ. ਨਵ ਸੰਗੀਤ ਸਿੰਘ
# navsangeetsingh6957@gmail.com
# 9417692015.