ਆਜਾਦ ਕਿਸਾਨ ਮੋਰਚਾ ਪੰਜਾਬ ਨੇ ਪੁਲਿਸ ਉਪ ਕਪਤਾਨ ਨੂੰ ਮੰਗ ਪੱਤਰ ਸੌਂਪ ਕੇ ਮੁਲਜਮ ਦੀ ਪਛਾਣ ਕਰਕੇ ਸਖਤ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਕੋਟਕਪੂਰਾ, 21 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੇਜੁਬਾਨ ਪਸ਼ੂ ਦੇ ਸੇਲਾ ਮਾਰ ਕੇ ਜਖਮੀ ਕਰਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਦਰਦਨਾਕ ਵੀਡੀਉ ਨੇ ਹਰ ਇਕ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਇਹ ਘਟਨਾ ਪਿੰਡ ਝੋਰੜ ਖੇੜਾ ਤਹਿਸੀਲ ਅਬੋਹਰ ਦੀ ਦੱਸੀ ਜਾ ਰਹੀ ਹੈ, ਜਿਸ ਦਾ ਸਖਤ ਨੋਟਿਸ ਲੈਂਦਿਆਂ ਆਜਾਦ ਕਿਸਾਨ ਮੋਰਚਾ ਪੰਜਾਬ ਨੇ ਪੁਲਿਸ ਉਪ ਕਪਤਾਨ ਦਿਹਾਤੀ ਅਬੋਹਰ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਗਊ ਧਨ, ਬੇਜੁਬਾਨ ਢੱਠੇ ਦੇ ਬੇਰਹਿਮੀ ਨਾਲ ਸੇਲਾ ਮਾਰਨ ਵਾਲੇ ਮੁਲਜਮ ਦੀ ਪਛਾਣ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸੇਲਾ ਐਨੇ ਜੋਰ ਨਾਲ ਮਾਰਿਆ ਗਿਆ ਹੈ ਕਿ ਸੇਲਾ ਢੱਠੇ ਦੇ ਸਰੀਰ ਦੇ ਆਰ-ਪਾਰ ਹੋ ਗਿਆ ਹੈ, ਜਿਸ ਦਾ ਪਤਾ ਲੱਗਣ ’ਤੇ ਆਜਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਅਤੇ ਸਾਥੀਆਂ ਦੇ ਸਹਿਯੋਗ ਨਾਲ ਢੱਡੇ ਨੂੰ ਦੌਲਤ ਪੁਰਾ ਦੀ ਗਊਸ਼ਾਲਾ ’ਚ ਇਲਾਜ ਕਰਵਾਉਣ ਲਈ ਭੇਜ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਆਜਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਮਨੋਜ ਕੁਮਾਰ ਗੋਂਦਾਰਾ ਨੇ ਕਿਹਾ ਕਿ ਹਿੰਦੂ ਧਰਮ ਅਤੇ ਬਿਸ਼ਨੋਈ ਧਰਮ ’ਚ ਜੀਵ ਹੱਤਿਆ ਕਰਨਾ ਮਹਾਂਪਾਪ ਹੈ ਅਤੇ ਗਊ ਧਨ ਵਿੱ’ਚ ਆਸਥਾ ਰੱਖਦੇ ਹਨ। ਮੁਲਜਮਾਂ ਵਲੋਂ ਕੀਤੇ ਗਏ ਇਸ ਘਿਨੌਣੇ ਕਾਰਨਾਮੇ ਨਾਲ ਸਾਡੇ ਹਿਰਦੇ ਵਲੂੰਧਰੇ ਗਏ ਹਨ। ਇਸ ਲਈ ਦੋਸੀਆਂ ਦੀ ਪਛਾਣ ਕਰਕੇ ਮੁਲਜਮਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ। ਮਨੋਜ ਕੁਮਾਰ ਗੋਂਦਾਰਾ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦ ਗਿ੍ਫਤਾਰ ਨਾ ਕੀਤਾ ਗਿਆ ਤਾਂ ਇਨਸਾਫ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲ ਕੇ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਗੁਰਮੀਤ ਸਿੰਘ ਪਰਜਾਪਤੀ ਸਰਕਲ ਪ੍ਰਧਾਨ ਅਬੋਹਰ, ਆਜਾਦ ਵੀਰ ਸਿੰਘ ਜਨਰਲ ਸਕੱਤਰ ਜ਼ਿਲਾ ਫਾਜਿਲਕਾ, ਅਸ਼ੋਕ ਕੁਮਾਰ ਰਾਹੜ ਪ੍ਰਧਾਨ ਪ੍ਰਧਾਨ ਜੰਗਲੀ ਜੀਵ ਰੱਖਿਆ ਬਿਸ਼ਨੋਈ ਸਭਾ ਅਬੋਹਰ, ਵਿਸ਼ਨੂੰ ਬੇਣੀਵਾਲ ਸੁਖਚੈਨ, ਪਵਨ ਬਿਸਨੋਈ, ਅਮਿਤ ਬਿਸ਼ਨੋਈ ਸਬਾਸ ਡੁੱਢੀ ਕੁਲਦੀਪ ਸਿੰਘ, ਵਿਕਰਮ ਰਾਹੜ, ਰਾਧੇ ਰਾਮ, ਰਕੇਸ਼ ਤਰੜ, ਹਰੀ ਪ੍ਰਸਾਦ ਘੋੜੇਲਾ, ਸਿੰਘ ਸੋਨੂ ਸਿੰਘ, ਭਾਗਸਰ ਕੁਲਦੀਪ ਸੋਨੀ ਪ੍ਰਧਾਨ ਬਜਰੰਗ ਦਲ ਅਬੋਹਰ, ਸੁਰਜੀਤ ਸਿੰਘ ਪਰਧਾਨ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਫਾਜਿਲਕਾ, ਸੋਨੂ ਅਤੇ ਆਜਾਦ ਕਿਸਾਨ ਮੋਰਚਾ ਪੰਜਾਬ ਅਤੇ ਜੰਗਲੀ ਜੀਵ ਰਕਸਾ ਬਿਸਨੋਈ ਸਭਾ, ਬਜਰੰਗ ਦਲ ਦੇ ਸੈਂਕੜੇ ਸਾਥੀ ਵੀ ਹਾਜਰ ਸਨ।