ਕੈਸੀਆਂ ਬੇਪਰਵਾਹੀਆਂ ਤੇਰੀਆਂ, ਕੈਸੀਆਂ ਬੇਪਰਵਾਹੀਆਂ।
ਕਿਸੇ ਨੂੰ ਦੇਵੇਂ ਤਾਜ-ਤਖ਼ਤ, ਤੇ ਕਿਸੇ ਨੂੰ ਟੰਗੇਂ ਫ਼ਾਹੀਆਂ।
ਸਾਰੀ ਦੁਨੀਆਂ ਤੇਰੇ ਵੱਸ ਹੈ, ਤੂੰ ਹੈਂ ਵੱਸੋਂ ਬਾਹਰ।
ਕਿਸੇ ਨੂੰ ਗੁਪਤ ਰਖੇਂਦਾ ਦਾਤਿਆ, ਕਿਸੇ ਨੂੰ ਕਰਦੈਂ ਜ਼ਾਹਰ।
ਤੇਰੇ ਭਾਣੇ ਵਿੱਚ ਸੂਰਜ ਚੰਦ ਨੇ, ਤੇਰੇ ਭਾਣੇ ਲੋਕਾਈ।
ਸੁਖੀ ਰਹਿੰਦਾ ਉਹ ਬੰਦਾ, ਜੋ ਚੱਲਦਾ ‘ਹੁਕਮ ਰਜ਼ਾਈ’।
ਬਾਬੇ ਨਾਨਕ ਦੱਸਿਆ, ਤੈਨੂੰ ਪਾਉਣ ਦਾ ਇੱਕੋ ਮੰਤਰ।
ਮੂਲਮੰਤਰ ਵਿੱਚ ਲੁਕੇ ਨੇ ਸਾਰੇ, ਜੰਤਰ ਤੇ ਸਭ ਤੰਤਰ।
ਭਉ ਤੇ ਭਾਉ ਰੱਖਦਾ ਜਿਹੜਾ, ਓਸੇ ਨੂੰ ਰੱਬ ਮਿਲਦਾ।
ਟੇਕ ਰੱਖੀਏ ਇੱਕੋ ਤੇ, ਓਸੇ ਦਾ ਹਿਰਦਾ ਖਿਲਦਾ।
ਦਿਲ ਨਾ ਕਿਸੇ ਦਾ ਤੋੜੋ, ਦਿਲ ਹੁੰਦਾ ਹੈ ਘਰ ਰੱਬ ਦਾ।
‘ਓਹੀ’ ਰੱਖੇ, ‘ਓਹੀ’ ਮਾਰੇ, ‘ਓਹ’ ਹੈ ਮਾਲਕ ਸਭ ਦਾ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.