ਪੰਜਾਬ ਦੇ ਸਮੂਹ ਸਰਕਾਰੀ ਮੁਲਾਜ਼ਮ 27 ਅਗਸਤ ਨੂੰ ਸਮੂਹਿਕ ਛੁੱਟੀ ਲੈਕੇ ਸਾਰਾ ਸਰਕਾਰੀ ਕੰਮ ਕਰਨਗੇ ਬਿਲਕੁਲ ਠੱਪ।
ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਕਰਨਗੇ ਭਰਵੀਂ ਸ਼ਮੂਲੀਅਤ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਫੂਕੇ ਜਾਣਗੇ ਪੁਤਲੇ
ਫ਼ਰੀਦਕੋਟ 26 ਅਗਸਤ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮ )
ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਸਾਢੇ ਚਾਰ ਸਾਲਾਂ ਦੇ ਰਾਜ ਭਾਗ ਦੌਰਾਨ ਲਗਾਤਾਰ ਅਪਣਾਏ ਗਏ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਵਿਰੁੱਧ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲੈਕੇ ਪੰਜਾਬ ਦਾ ਸਾਰਾ ਸਰਕਾਰੀ ਕੰਮ ਬਿਲਕੁੱਲ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਐਕਸ਼ਨ ਪ੍ਰੋਗਰਾਮ ਨੂੰ ਜ਼ਿਲ੍ਹਾ ਫਰੀਦਕੋਟ ਵਿੱਚ ਕਾਮਯਾਬ ਬਣਾਉਣ ਲਈ ਸਮੂਹ ਅਧਿਆਪਕਾਂ ਅਤੇ ਮੁਲਾਜ਼ਮਾਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਸਥਾਨਕ ਪੈਨਸ਼ਨਰ ਭਵਨ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਮੁਲਾਜ਼ਮ ਆਗੂ ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ ਸਰਾਂ ਬਿਜਲੀ ਬੋਰਡ, ਬਲਬੀਰ ਸਿੰਘ ਸਿਬੀਆਂ ,ਬਲਕਾਰ ਸਿੰਘ ਸਹੋਤਾ, ਬਿਕਰਮਜੀਤ ਸਿੰਘ ਢਿੱਲੋ ਪ੍ਰਧਾਨ, ਰਵਿੰਦਰ ਪਾਲ ਸਿੰਘ ਘਾਲੀ, ਬਖਸ਼ੀਸ਼ ਸਿੰਘ, ਸਰਬਜੀਤ ਸਿੰਘ ਮਨਿਸਟੀਰੀਅਲ ਸਟਾਫ,ਸੁਖਮੰਦਰ ਸਿੰਘ ਗਿੱਲ ਪੀ ਆਰ ਟੀ ਸੀ, ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ, ਧਰਮਿੰਦਰ ਸਿੰਘ,ਨਵਪ੍ਰੀਤ ਸਿੰਘ,ਪ੍ਰੀਤ ਭਗਵਾਨ ਸਿੰਘ, ਗਗਨ ਪਾਹਵਾ, ਜੀਤੇਂਦਰ ਕੁਮਾਰ ਹੰਸ, ਨਰਿੰਦਰ ਕੁਮਾਰ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ,ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਕੁਲਵੰਤ ਸਿੰਘ ਚਾਨੀ, ਵੀਰ ਇੰਦਰਜੀਤ ਸਿੰਘ ਪੁਰੀ, ਇੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਜੈਤੋ, ਕੁਲਵਿੰਦਰ ਸਿੰਘ ਮੌੜ,ਅਮਰਜੀਤ ਸਿੰਘ ਵਾਲੀਆ, ਬਲਵਿੰਦਰ ਰਾਮ ਸ਼ਰਮਾ, ਹਰਜਿੰਦਰ ਸਿੰਘ ਧਾਲੀਵਾਲ ਸੇਵਾ ਮੁਕਤ ਡੀ ਐਸ ਪੀ, ਆਸ਼ਾ ਵਰਕਰਾਂ ਦੇ ਆਗੂ ਅਮਰਜੀਤ ਕੌਰ ਰਣ ਸਿੰਘ ਵਾਲਾ, ਸਰਬਜੀਤ ਕੌਰ ਮਚਾਕੀ , ਮਿਡ ਡੇ ਮੀਲ ਵਰਕਰ ਆਗੂ ਲਖਵਿੰਦਰ ਕੌਰ ਦੀ ਮੌਜੂਦਗੀ ਵਿੱਚ ਤਿਆਰੀ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਫਰੀਦਕੋਟ ਵਿਖੇ ਸਵੇਰੇ ਠੀਕ 10 ਵਜੇ ਡਿਪਟੀ ਕਮਿਸ਼ਨਰ ਦੇ ਦਫਤਰ ਮਿੰਨੀ ਸਕੱਤਰੇਤ ਸਾਹਮਣੇ, ਜੈਤੋ ਵਿਖੇ ਸਵੇਰੇ ਠੀਕ 9-30 ਵਜੇ ਤਹਿਸੀਲ ਪ੍ਰਬੰਧਕੀ ਕੰਪਲੈਕਸ ਜੈਤੋ ਸਾਹਮਣੇ ਅਤੇ ਕੋਟਕਪੂਰਾ ਵਿਖੇ ਸਵੇਰੇ ਠੀਕ 10-30 ਵਜੇ ਲਾਲਾ ਲਾਜਪਤ ਰਾਏ ਮਿਉਂਸਪਲ ਪਾਰਕ ਕੋਟਕਪੂਰਾ ਵਿਖੇ ਰੋਸ ਧਰਨੇ ਦੇਕੇ ਅਤੇ ਰੋਸ ਮਾਰਚ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਜਾਣਗੇ। ਆਗੂਆਂ ਨੇ ਸਮੂਹ ਅਧਿਆਪਕਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਹਨਾਂ ਐਕਸ਼ਨਾਂ ਵਿੱਚ ਆਪਣੇ ਵੱਧ ਤੋਂ ਵੱਧ ਸਾਥੀਆਂ ਸਮੇਤ ਸਮੇਂ ਸਿਰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਅੱਗੇ ਕਿਹਾ ਅੱਗੇ ਜੇਕਰ ਮੁਲਾਜ਼ਮਾ ਤੇ ਪੈਨਸ਼ਨਰਾਂ ਦਾ ਬਣਦਾ ਸਾਰਾ 18 ਫੀਸਦੀ ਡੀ ਏ ਨਾ ਦਿੱਤਾ ਗਿਆ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਹੀ ਗਈ, ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਨਾ ਕੀਤਾ ਗਿਆ ਸਕੀਮ ਵਰਕਰਾਂ ਦੀਆਂ ਉਜ਼ਰਤਾਂ ਵਿੱਚ ਢੁੱਕਵਾਂ ਵਾਧਾ ਨਾ ਕੀਤਾ ਗਿਆ ਤਾਂ ਫਿਰ ਪੰਜਾਬ ਦੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੂਰੀ ਤਿਆਰ ਕਰਕੇ ਬੈਠੇ ਹਨ।

