ਸਾਉਣ ਦਾ ਮਹੀਨਾ ਆਉਂਦਿਆਂ ਹੀ ਸੱਜ ਵਿਆਹੀਆਂ ਮੁਟਿਆਰਾਂ ਅਤੇ ਕੁੜੀਆਂ ਚਿੜੀਆਂ ਦੇ ਮਨਾਂ ਨੂੰ ਇੱਕ ਹਲੂਣਾ ਜਿਹਾ ਦੇ ਜਾਂਦਾ ਹੈ। ਜਿਵੇਂ ਉਨ੍ਹਾਂ ਦੇ ਚਾਵਾਂ ਤੇ ਉਮੰਗਾਂ ਨੂੰ ਕੋਈ ਨਵੇਂ ਖੰਭ ਲੱਗ ਗਏ ਹੋਣ। ਚਿਹਰਿਆਂ ਦੇ ਰੰਗ ਮੀਂਹ ਦੀਆਂ ਕਣੀਆਂ ਵਿੱਚ ਨਿੱਖਰੇ ਔੜਾਂ ਮਾਰੇ ਰੁੱਖਾਂ ਦੇ ਹਰੇ ਪੱਤਿਆਂ ਵਾਂਗ ਹਰੀ ਭਾਂ ਮਾਰ ਦੇ ਜਾਪਦੇ ਹਨ। ਚਾਅ ਅਰਮਾਨ ਬੰਜ਼ਰ ਜ਼ਮੀਨ ਉੱਤੇ ਘਾਹ ਦੀਆਂ ਤਿੜ੍ਹਾਂ ਵਾਂਗ ਆਪ ਮੁਹਾਰੇ ਫ਼ੈਲ ਦੇ ਨਜ਼ਰ ਆਉਂਦੇ।ਹਰ ਪਾਸੇ ਖੁਸ਼ੀਆਂ ਤੇ ਖੇੜਿਆਂ ਦਾ ਜਿਵੇਂ ਹੜ੍ਹ ਜਿਹਾ ਆ ਗਿਆ ਹੋਵੇ।ਸੱਥ ਵਿਚਾਲੇ ਬੋਹੜਾਂ ਉੱਤੇ ਪੀਂਘਾਂ ਪੈਂਦੀਆਂ, ਅਸਮਾਨੀ ਚੜ੍ਹ ਦੀਆਂ , ਕੋਈ ਸੱਸ ਦਾ ਬੋਦਾ ਅਤੇ ਕੋਈ ਭਾਬੋ ਲਈ ਪਿੱਪਲ ਪੱਤੀਆਂ ਲੈ ਕੇ ਆਉਂਦੀ। ਸਾਉਣ ਦਾ ਮਹੀਨਾ ਜਿਵੇਂ ਕਿਸੇ ਅਲਮਸਤ ਗੱਭਰੂ ਵਾਂਗ ਜਵਾਨੀ ਦੇ ਸਿਖ਼ਰ ਨੂੰ ਛੂੰਹਦਾ ਦਾ ਨਜ਼ਰ ਆਉਂਦਾ।ਹਰ ਪਾਸੇ ਜੋਬਨ ਜਵਾਨੀ ਦਾ ਜੋਸ਼ ਠਾਠਾਂ ਮਾਰਦਾ। ਗਿੱਧਾ ਪਾਉਂਦੀਆਂ ਅੱਲੜ੍ਹ ਮੁਟਿਆਰਾਂ ਜਿਵੇਂ ਉੱਚੀ ਉੱਚੀ ਬੋਲੀ ਪਾ ਕਹਿੰਦੀਆਂ ਹੋਣ।
ਲਾਮ- ਲਾਮ ਨਾ ਜਾਈਂ,ਗਿੱਧਿਆ ਪਿੰਡ ਵੜ ਵੇ।
ਜਾਂ
ਰਲ ਮਿਲ ਸਈਆਂ ਹੋਈਆਂ ਕੱਠੀਆਂ,
ਜਿਉਂ ਹਰਨਾਂ ਦੀਆਂ ਡਾਰਾਂ,
ਪਿੱਪਲਾਂ ਹੇਠਾਂ ਲੱਗ ਗਿਆ ਮੇਲਾ,
ਆਈਆਂ ਸਭ ਮੁਟਿਆਰਾਂ,
ਆਓ ਕੁੜੀਓ ਝੂਟੇ ਲੈ ਲੌ,
ਗਿਣ ਗਿਣ ਕੇ ਸਭ ਬਾਰਾਂ ਬਾਰਾਂ,
ਲੁੱਟ ਲਓ ਕੁੜੀਓ ਨੀ,
ਸਾਉਣ ਦੀਆਂ ਬਹਾਰਾਂ।
ਜਿੱਥੇ ਸਾਉਣ ਮਹੀਨਾ ਖੁਸ਼ੀਆਂ ਵਿਖੇਰਦਾ ਹੋਇਆ ਹਰ ਪਾਸੇ ਖੁਸ਼ਹਾਲੀ ਅਤੇ ਹਰਿਆਲੀ ਲੈ ਕੇ ਆਉਂਦਾ ਹੈ। ਘਰ ਘਰ ਖ਼ੀਰ ਪੂੜਿਆਂ, ਮੱਠੀਆਂ,ਗੁਲਗਲੇ, ਬਿਸਕੁਟਾਂ ਦੇ ਸੰਧਾਰਿਆਂ ਦਾ ਜ਼ੋਰ ਹੁੰਦਾ ਹੈ।ਉੱਥੇ ਹੀ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਕਰਦਾ ਹੈ। ਜਿਸ ਦਾ ਜ਼ਿਕਰ ਕੁੜੀਆਂ ਆਪਣੇ ਪੇਕੇ ਜਾ ਸਹੁਰੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਬੋਲੀਆਂ ਰਾਹੀਂ ਯਥਾਰਥ ਪੇਸ਼ ਕਰਨ ਦਾ ਯਤਨ ਕਰਦੀਆਂ ਨਜ਼ਰ ਪੈਂਦੀਆਂ ਹਨ।
“ਮੇਰੇ ਵੀਰ ਨੂੰ ਸੁੱਕੀ ਖੰਡ ਪਾਈ,ਨੀ ਸੱਸੇ ਤੇਰੀ ਮਹਿੰ ਮਰ ਜੇ,”
ਸਹੁਰੇ ਬੈਠੀ ਭੈਣ ਨੂੰ ਜੇਕਰ ਕਦੇ ਵੀਰ ਲੈਣ ਨਾ ਜਾਂਦਾ ਤਾਂ ਕਈ ਵਾਰ ਸੱਸ ਮਿਹਣੇ ਮਾਰਦੀ ਆਖ ਛੱਡਦੀ। ਉਂਝ ਇਹ ਵੀ ਮਿੱਥ ਹੈ ਕਿ ਨੂੰਹ ਸੱਸ ਦਾ ਇਸ ਮਹੀਨੇ ਇੱਕਠਾ ਰਹਿਣਾ ਅਸ਼ੁੱਭ ਮੰਨਿਆ ਜਾਂਦਾ ਹੈ।
“ਤੈਨੂੰ ਤੀਆਂ ਤੇ ਲੈਣ ਨਾ ਆਏ,ਨੀ ਬਹੁਤਿਆਂ ਭਰਾਵਾਂ ਵਾਲੀਏ “
ਘਰ ਦੀ ਗਰੀਬੀ ਕੱਖਾਂ ਕਾਨਿਆਂ ਦੀਆਂ ਬਣਾਈਆਂ ਛੱਤਾਂ, ਟੁੱਟੀਆਂ ਲਟੈਣਾਂ , ਜਾਂ ਕੋਈ ਸਿੱਧਰਾ ਸਾਉਣ ਮਹੀਨੇ ਆਪਣੀ ਸੱਜ ਵਿਆਹੀ ਨੂੰ ਲੈਣ ਜਾ ਖੜ੍ਹਦਾ ਤਾਂ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਮਨ ਵਿੱਚੋਂ ਉੱਠੀ ਹੂਕ ਬਣ ਕੇ ਆਪ ਬੋਲੀਆਂ ਦਾ ਰੂਪ ਧਾਰਨ ਕਰ ਲੈਂਦੇ।
ਕਾਲੀਆਂ ਘਟਾਂ ਚੜ੍ਹ ਆਈਆਂ ਵੈਰਨੇ,”
ਵਿੱਚ ਨੀ ਘਟਾਂ ਦੇ ਖਿਉਂਦਾ,
ਕੋਠੇ ਚੜ੍ਹ ਕੇ ਮਾਰ ਦੇ ਮੋਰੀਆਂ,
ਕੋਠਾ ਆਪਣਾ ਚਿਉਂਦਾ,”
ਇਹ ਮਹੀਨਾ ਸੱਜ ਵਿਆਹੀਆਂ ਕੁੜੀਆਂ ਦੇ ਲਈ ਕਿਸੇ ਜੰਨਤ ਤੋਂ ਘੱਟ ਨਹੀਂ। ਕਿਉਂਕਿ ਜੋ ਖੁੱਲ੍ਹ ਤੇ ਮਸਤੀ ਸਾਉਣ ਮਹੀਨੇ ਦੇ ਵਿੱਚ ਮਿਲਦੀ ਉਹ ਹੋਰ ਕਿਧਰੇ ਨਹੀਂ। ਸਾਉਣ ਮਹੀਨੇ ਦੀਆਂ ਤੀਆਂ ਜਾਂ ਤੀਜ ਦਾ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਨੂੰ ਸਮਾਪਤ ਹੁੰਦਾ ਹੈ।ਜਿਸ ਨੂੰ ਤੀਜ ਦਾ ਤਿਉਹਾਰ ਜਾਂ ਕਹਿ ਲਓ ਤੀਆਂ ਤੀਜ ਦੀਆਂ ਕਿਹਾ ਜਾਂਦਾ ਹੈ। ਪੂਰਨਮਾਸ਼ੀ ਵਾਲੇ ਦਿਨ ਇਸ ਦੀ ਸਮਾਪਤੀ ਹੁੰਦੀ ਹੈ। ਇਸ ਦਿਨ ਸਾਰੀਆਂ ਕੁੜੀਆਂ ਰਲ ਕੇ ਬੱਲੋ ਪਾਉਂਦੀਆਂ ਹਨ ਅਤੇ ਨਾਲ ਹੀ ਤੀਆਂ ਵਿੱਝੜ ਜਾਂਦੀਆਂ ਹਨ, ਮੁਟਿਆਰਾਂ ਗਿੱਧਾ ਪਾਉਂਦੀਆਂ ਚਾਈਂ ਚਾਈਂ ਆਪਣੇ ਘਰਾਂ ਨੂੰ ਪਰਤ ਜਾਂਦੀਆਂ ਹਨ।
“ਤੀਆਂ ਤੀਜ ਦੀਆਂ ਭਾਦੋਂ ਦੇ ਮੁਕਲਾਵੇ “
ਜਾਂ
“ਭਾਦੋਂ ਚੰਦਰੀ ਵਿਛੋੜੇ ਪਾਵੇ ਸਾਉਣ ਵੀਰ ਕੱਠੀਆਂ ਕਰੇ”
ਭਾਦੋਂ ਦਾ ਮਹੀਨਾ ਆਪਣਿਆਂ ਤੋਂ ਵਿਛੋੜੇ ਦਾ ਦਰਦ ਪੈਦਾ ਕਰਦਾ ਹੈ। ਜਿਸ ਕਰਕੇ ਬਿਰਹੋਂ ਦਾ ਮਹੀਨਾ ਕੁੜੀਆਂ ਚਿੜੀਆਂ ਨੂੰ ਆਪਣੇ ਹਾਸਿਆਂ ਤੇ ਅਜ਼ਾਦੀ ਦਾ ਦੁਸ਼ਮਣ ਜਾਪਦਾ ਹੈ, ਜਿਸ ਕਰਕੇ ਇਸ ਮਹੀਨੇ ਪ੍ਰਤੀ ਕੁਝ ਬੇਰੁਖ਼ੀ ਪ੍ਰਤੀਤ ਹੁੰਦੀ ਹੈ। ਜਿਸ ਦਾ ਜ਼ਿਕਰ ਤੀਆਂ ਵਿਝੜਣ ਤੇ ਗੁੱਸੇ ਦੇ ਰੂਪ ਵਿੱਚ ਬੱਲੋਂ ਪੈਣ ਵਾਲ਼ੇ ਦਿਨ ਇਸ ਮਹੀਨੇ ਨੂੰ ਖ਼ੂਬ ਭੰਡਿਆ ਜਾਂਦਾ ਹੈ।
“ਭਾਦੋਂ ਚੰਦਰੀ ਨੂੰ ਅੱਗ ਲੱਗ ਜਾਵੇ,
ਸਾਉਣ ਦੀ ਮੈਂ ਵੰਡਾਂ ਸ਼ੀਰਨੀ”

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613