ਗੱਲ ਸੰਨ 1928 ਵਿੱਚ ਹਾਲੈਂਡ (ਐਮਸਟਰਡਮ) ਹੋਈਆਂ ਨੌਵੀਆਂ ਉਲੰਪਿਕ ਖੇਡਾਂ ਦੀ ਹੈ| ਇਹਨਾਂ ਖੇਡਾਂ ਵਿੱਚ ਸਾਡੀ ਪੁਰਸ਼ ਹਾਕੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਸੀ | ਦੇਸ਼ ਵਿੱਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਹਾਕੀ ਟੀਮ, ਬ੍ਰਿਟਿਸ਼ ਇੰਡੀਆ ਟੀਮ ਵਜੋਂ ਇਹਨਾਂ ਖੇਡਾਂ ਵਿੱਚ ਉੱਤਰੀ ਸੀ | ਇਹਨਾਂ ਉਲੰਪਿਕ ਖੇਡਾਂ ਵਿੱਚ 26 ਮਈ 1928 ਦਾ ਦਿਨ ਸਾਡੇ ਦੇਸ਼ ਲਈ ਬੜਾ ਕਿਸਮਤ ਵਾਲਾ ਤੇ ਸੁਭਾਗਾ ਚੱੜਿਆ ਕਿਉਂਕਿ ਇਸ ਦਿਨ ਸਾਡੀ ਪੁਰਸ਼ ਹਾਕੀ ਟੀਮ ਨੇ ਮੇਜ਼ਬਾਨ ਦੇਸ਼ ਹਾਲੈਂਡ ਨੂੰ 3-0 ਗੋਲਾਂ ਦੇ ਫਰਕ ਨਾਲ ਹਰਾਕੇ ਗੋਲ੍ਡ ਮੈਡਲ ਜਿੱਤਿਆ ਸੀ | ਖੁਸ਼ੀ ਅਤੇ ਮਾਣ ਵਾਲੀ ਇਹ ਗੱਲ ਵੀ ਸੀ ਕਿ ਭਾਰਤ ਨੇ ਇਹਨਾਂ ਖੇਡਾਂ ਵਿੱਚ ਆਪਣਾ ਇੱਕ ਵੀ ਮੈਚ ਨਹੀਂ ਹਾਰਿਆ ਤੇ ਆਪਣੀਆਂ ਸਾਰੀਆਂ ਵਿਰੋਧੀ ਟੀਮਾਂ ਤੋਂ ਸਾਰੇ ਮੈਚਾਂ ਦੌਰਾਨ ਕੋਈ ਵੀ ਗੋਲ ਆਪਣੇ ਸਿਰ ਨੀ ਕਰਵਾਇਆ, ਤੇ ਸਾਰੀਆਂ ਟੀਮਾਂ ਨੂੰ ਜ਼ੀਰੋ ਤੇ ਹਰਾਇਆ | ਸਾਡੀ ਹਾਕੀ ਟੀਮ ਨੇ ਇਸ ਉਲੰਪਿਕ ਹਾਕੀ ਮੁਕਾਬਲੇ ਦੇ ਵੱਖ ਵੱਖ ਮੈਚਾਂ ਦੌਰਾਨ ਵਿਰੋਧੀ ਟੀਮਾਂ ਸਿਰ ਕੁੱਲ 29 ਗੋਲ ਕਰਕੇ 29-0 ਗੋਲਾਂ ਦੇ ਫਰਕ ਨਾਲ ਗੋਲ੍ਡ ਮੈਡਲ ਜਿੱਤਿਆ ਸੀ | ਉਲੰਪਿਕ ਖੇਡਾਂ ਦੀ ਇਸ ਜਿੱਤ ਨਾਲ ਭਾਰਤ ਵਿੱਚ ਹਾਕੀ ਦੇ ਭਵਿੱਖ ਦੀ ਸੌਨ ਮਈ ਸ਼ੁਰੂਆਤ ਹੋ ਗਈ ਸੀ | ਇਹ ਜਿੱਤ ਭਾਰਤ ਦੇ ਹਾਕੀ ਖਿਡਾਰੀਆਂ ਲਈ ਐਸੀ ਪ੍ਰੇਰਨਾਮਈ ਜਿੱਤ ਸਾਬਿਤ ਹੋਈ ਕਿ ਭਾਰਤ ਦੀ ਹਾਕੀ ਟੀਮ ਨੇ 1956 ਦੀ ਮੈਲਬਰਨ ਉਲੰਪਿਕ ਤੱਕ ਲਗਾਤਾਰ ਛੇ ਵਾਰੀ ਉਲੰਪਿਕ ਗੋਲ੍ਡ ਮੈਡਲ ਹਾਸਿਲ ਕੀਤਾ |
ਹਾਕੀ ਖੇਡ ਦੇ ਇਸ ਪਹਿਲੇ ਉਲੰਪਿਕ ਗੋਲ੍ਡ ਮੈਡਲ ਜੇਤੂ ਟੀਮ ਦੀ ਕਪਤਾਨੀ ਝਾੜਖੰਡ ਸੂਬੇ ਦੇ ਰਾਂਚੀ ਜਿਲ੍ਹੇ ਦੇ ਖੂੰਟੀਨਗਰ ਦੇ ਵਸਨੀਕ ਜੈਪਾਲ ਸਿੰਘ ਕੋਲ ਸੀ | ਜੈਪਾਲ ਸਿੰਘ ਇੱਕ ਆਦਿਵਾਸੀ ਪਰਿਵਾਰ ਨਾਲ ਸੰਬੰਧਿਤ ਸੀ ਤੇ ਹਾਕੀ ਵਿੱਚ ਫੁੱਲਬੈਕ ਪੁਜੀਸ਼ਨ ਖੇਡਣ ਵਿੱਚ ਬੜੀ ਮੁਹਾਰਿਤ ਰੱਖਦਾ ਸੀ |1928 ਦੀਆਂ ਉਲੰਪਿਕ ਖੇਡਾਂ ਲਈ ਜਦੋਂ ਹਾਕੀ ਟੀਮ ਦੀ ਚੋਣ ਕੀਤੀ ਗਈ ਤਾਂ ਭਾਰਤੀ ਹਾਕੀ ਫੈਡਰੇਸ਼ਨ ਨੇ ਜੈਪਾਲ ਸਿੰਘ ਦੀ ਖੇਡ ਨਿਪੁੰਨਤਾ ਨੂੰ ਦੇਖਦੇ ਹੋਏ ਉਸਨੂੰ ਟੀਮ ਦੀ ਕਪਤਾਨੀ ਦਿੱਤੀ | ਇਸ ਉਲੰਪਿਕ ਲਈ ਜੈਪਾਲ ਸਿੰਘ ਦੀ ਕਪਤਾਨੀ ਹੇਠ ਭਾਰਤ ਦੇ ਦਿੱਗਜ ਹਾਕੀ ਖਿਡਾਰੀਆਂ ਮੇਜਰ ਧਿਆਨ ਚੰਦ, ਰਿਚਡ ਐਲਨ, ਮੌਰਿਸ ਗੈਟਲੇ, ਜਾਰਜ ਮਾਰਟਿਨ ,ਫ਼ਿਰੋਜ਼ ਖਾਨ ਅਤੇ ਰੇਕਸ਼ ਵਰਗੇ ਧੁਨੰਤਰ ਹਾਕੀ ਖਿਡਾਰੀਆਂ ਨੇ ਵੱਖ ਵੱਖ ਹਾਕੀ ਟੀਮਾਂ ਨੂੰ ਹਰਾਕੇ ਆਪਣੀ ਖੇਡ ਦਾ ਦਮ ਪੂਰੀ ਦੁਨੀਆਂ ਨੂੰ ਦਿਖਾਇਆ |
ਭਾਰਤੀ ਹਾਕੀ ਟੀਮ ਪੂਲ ਏ ਵਿੱਚ ਸੀ| ਉਸਨੇ ਵਿਰੋਧੀ ਟੀਮਾਂ ਤੇ ਆਪਣੀਆਂ ਜਿੱਤਾਂ ਦਾ ਸਿਲਸਲਾ 17 ਮਈ 1928 ਨੂੰ ਆਸਟਰੀਆ ਨਾਲ ਹੋਏ ਆਪਣੇ ਪਹਿਲੇ ਮੈਚ ਤੋਂ ਹੀ ਸ਼ੁਰੂ ਕਰ ਦਿੱਤਾ| ਆਸਟਰੀਆਂ ਦੀ ਟੀਮ ਨੂੰ 6-0 ਗੋਲਾਂ ਦੇ ਫਰਕ ਨਾਲ , ਦੂਜੇ ਮੁਕਾਬਲੇ ਵਿੱਚ ਬੈਲਜ਼ੀਅਮ ਨੂੰ 9-0 ਨਾਲ ਅਤੇ ਡੈਨਮਾਰਕ ਨੂੰ 5-0 ਗੋਲਾਂ ਦੇ ਅੰਤਰ ਨਾਲ ਹਰਾਕੇ ਸੈਮੀਫਾਈਨਲ ਗੇੇੜ ਵਿੱਚ ਦਾਖਲਾ ਪਾ ਲਿਆ | ਸੈਮੀਫਾਈਨਲ ਮੈਚ ਵਿੱਚ ਸਾਡੀ ਟੀਮ ਨੇ ਸਵਿਟਜ਼ਰਲੈੰਡ ਦੀ ਟੀਮ ਨੂੰ 6-0 ਗੋਲਾਂ ਨਾਲ ਮਾਤ ਦਿੱਤੀ ਤੇ ਟੀਮ ਅਖ਼ੀਰਲੇ ਗੇੇੜ ਚ ਪਹੁੰਚ ਗਈ | ਫਾਈਨਲ ਮੈਚ ਮੇਜ਼ਬਾਨ ਦੇਸ਼ ਹਾਲੈਂਡ ਨਾਲ ਸੀ | ਮੈਚ ਤੋਂ ਪਹਿਲਾਂ ਸਾਡੀ ਟੀਮ ਦੇ ਕਈ ਖਿਡਾਰੀ ਕੇਹਰ ਸਿੰਘ ,ਧਿਆਨ ਚੰਦ, ਸੌਕਤ ਅਲੀ ਅਤੇ ਫਿਰੋਜ਼ ਖਾਨ ਬਿਮਾਰ ਹੋ ਗਏ | ਲੇਕਿਂਨ ਸਾਡੀ ਟੀਮ ਨੇ ਕਰੋ ਜਾ ਮਰੋ ਵਾਲਾ ਰੁਖ ਅਪਣਾਉਂਦੇ ਹੋਏ ਫਾਈਨਲ ਵਿੱਚ ਹਾਲੈਂਡ ਦੀ ਟੀਮ ਨੂੰ 3-0 ਗੋਲਾਂ ਦੇ ਫਰਕ ਨਾਲ ਹਰਾਕੇ ਗੋਲ੍ਡ ਮੈਡਲ ਫੁੰਡ ਲਿਆ|
ਇਸ ਉਲੰਪਿਕ ਹਾਕੀ ਮੁਕਾਬਲੇ ਵਿੱੱਚ ਭਾਰਤੀ ਟੀਮ ਨੇ ਕੁੱਲ 29 ਗੋਲ਼ ਕੀਤੇ | ਜਿਨ੍ਹਾਂ ਵਿਚੋਂ ਧਿਆਨ ਚੰਦ ਨੇ 14 , ਫ਼ਿਰੋਜ਼ ਖਾਨ ਨੇ 5 , ਜਾਰਜ ਮਾਰਟਿਸ ਨੇ ਵੀ 5, ਫਰੈਡਰਿਕ ਸੀਮੈਂਨ ਨੇ 3 , ਸੌਕਤ ਅਲੀ ਅਤੇ ਮੌਰਿਸ ਗੈਟਲੀ ਨੇ 1-1 ਗੋਲ਼ ਕੀਤਾ | ਜਰਮਨੀ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ ਤੇ ਬੈਲਜ਼ੀਅਮ ਦੀ ਟੀਮ ਨੂੰ ਚੋਥੇ ਸਥਾਨ ਨਾਲ ਹੀ ਸਬਰ ਕਰਨਾ ਪਿਆ | ਭਾਰਤ ਦੀ ਹਾਕੀ ਟੀਮ ਵਲੋਂ ਜਿੱਤਿਆ ਇਹ ਉਲੰਪਿਕ ਹਾਕੀ ਮੁਕਾਬਲਾ ਖੇਡ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾ ਚੁੱਕਾ ਹੈ | ਜਿਸ ਤੇ ਹਰੇਕ ਭਾਰਤੀ ਨੂੰ ਮਾਣ ਰਹੇਗਾ | *
ਪ੍ਰੋ . ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ, ਸੰਗਰੂਰ
Leave a Comment
Your email address will not be published. Required fields are marked with *