ਸਾਰੀ ਦੁਨੀਆ ਘੁੰਮ ਕੇ ਆਏ ਭਾਰਤ ਵਰਗਾ ਦੇਸ਼ ਨਾ ਕੋਈ।
ਏਥੋਂ ਦੀ ਮਿੱਟੀ ਸਮਝਾਏ ਭਾਰਤ ਵਰਗਾ ਦੇਸ਼ ਨਾ ਕੋਈ।
ਜਨਮ-ਮਰਨ ਤੇ ਵਿਆਹ-ਸ਼ਾਦੀ ਵਿਚ ਸਭ ਧਰਮਾਂ ਦਾ ਭਾਈਚਾਰਾ,
ਤਨ-ਮਨ-ਧਨ ਤੋਂ ਸਾਥ ਨਿਭਾਏ ਭਾਰਤ ਵਰਗਾ ਦੇਸ਼ ਨਾ ਕੋਈ।
ਲਲਕ-ਪਲਕ ਤੇ ਹਾਸ ਠਿਠੋਲੀ, ਗਿੱਧੇ, ਭੰਗੜੇ ਤੇ ਕਿਲਕਾਰੀ,
ਤੁਰਲੇ ਵਾਲਾ ਹੇਕ ’ਚ ਗਾਏ ਭਾਰਤ ਵਰਗਾ ਦੇਸ਼ ਨਾ ਕੋਈ।
ਦਾਦਾ ਅਪਣੇ ਜੰਨਤ ਵਰਗੇ ਪੋਤੇ ਨੂੰ ਜਦ ਲਾਡ-ਲਿਡਾਏ,
ਕੁਤਕਕਤਾਰੀ ਨਾਲ ਹਸਾਏ ਭਾਰਤ ਵਰਗਾ ਦੇਸ਼ ਨਾ ਕੋਈ।
ਰਿਸ਼ੀਆਂ-ਮੁੰਨੀਆਂ, ਗੁਰੂਆਂ ਸੰਤਾਂ ਕਰਕੇ ਆਤਮ ਚਿੰਤਨ ਸਿਰਜਨ,
ਵੇਦ-ਗ੍ਰੰਥ ਉਪਨਿਸ਼ਦ ਬਣਾਏ ਭਾਰਤ ਵਰਗਾ ਦੇਸ਼ ਨਾ ਕੋਈ।
ਲੱਖਾਂ ਹੀ ਕੁਰਬਾਨੀਆਂ ਕਰਕੇ ਫਿਰ ਇਤਿਹਾਸ ਅਨੋਖਾ ਰਚ ਕੇ,
ਆਜ਼ਾਦੀ ਸਿਰ ਮੁਕਣ ਸਜਾਏ ਭਾਰਤ ਵਰਗਾ ਦੇਸ਼ ਨਾ ਕੋਈ।
ਪਰਬਤ-ਦਰਿਆ, ਜੰਗਲ, ਗੁਲਸ਼ਨ ਤੱਤੇ-ਠੰਡੇ ਚਸ਼ਮੇ ਲੈ ਕੇ,
ਕੁਦਰਤ ਸੌ-ਸੌ ਕਸਮਾਂ ਖਾਏ ਭਾਰਤ ਵਰਗਾ ਦੇਸ਼ ਨਾ ਕੋਈ।
ਧਰਮਾਂ ਵਾਲੀ ਰੀਤੀ-ਨੀਤੀ ਲੈ ਕੇ ਅਪਣੀ ਸ਼ਕਤੀ ਅੰਦਰ,
ਸਰਵ ਉਚ ਤਿਰੰਗਾ ਲਹਿਰਾਏ ਭਾਰਤ ਵਰਗਾ ਦੇਸ਼ ਨਾ ਕੋਈ।
ਮਹਿਮਾਨ ਨਿਵਾਜ਼ੀ ਵਾਲੇ ਸਿਜ਼ਦੇ ਇਕ ਸਾਮਾਜਿਕ ਜੀਵਨ ਸ਼ੈਲੀ,
ਸਾਂਝਾ ਪ੍ਰੀਤਾਂ ਦੇ ਹਮਸਾਏ ਭਾਰਤ ਵਰਗਾ ਦੇਸ਼ ਨਾ ਕੋਈ।
ਕ੍ਰਿਸ਼ਨ-ਸੁਦਾਮਾਂ, ਰਾਮ-ਭਰਤ ਤੇ ਭਾਈ ਲਾਲੋ, ਬੰਦੀ ਰਾਜੇ,
ਸਿਰਜਨ ਨਿਰਧਨ ਨੂੰ ਗਲ ਲਾਏ ਭਾਰਤ ਵਰਗਾ ਦੇਸ਼ ਨਾ ਕੋਈ।
ਏਥੇ ਹਰ ਇਕ ਰਿਸ਼ਤੇ ਦਾ ਨਾਂ ਪਹਿਚਾਣ ਪਰੀਚਿਤ ਕਰਦਾ ਹੈ,
ਚਾਚੇ ਮਾਮੇ ਫੁੱਫੜ ਤਾਏ ਭਾਰਤ ਵਰਗਾ ਦੇਸ਼ ਨਾ ਕੋਈ।
ਮਾਨਵਤਾ ਦੀ ਅਰਚਨ ਪੂਜਾ ਏਕੇ ਵਾਲਾ ਸੂਰਜ ਲੈ ਕੇ,
ਤੜਕ ਸਵੇਰੇ ਦਰ ਤੇ ਆਏ ਭਾਰਤ ਵਰਗਾ ਦੇਸ਼ ਨਾ ਕੋਈ।
ਉਨਤੀ ਸਰਵ ਵਿਆਪਕ ਹੋਕੇ ਖੋਜਾਂ ਵਿੱਚ ਬੁਲੰਦੀ ਪਾਏ,
ਚੰਦਰਮਾ ਤੇ ਪੈਰ ਜਮਾਏ ਭਾਰਤ ਵਰਗਾ ਦੇਸ਼ ਨਾ ਕੋਈ।
ਸ਼ੁੱਭ ਅਸ਼ੀਸ਼ਾਂ, ਸ਼ੁਭ ਕਰਮਨ, ਸ਼ੁਭ ਅਰਪਨ, ਸ਼ੁਭ ਇੱਛਾਵਾਂ ਪੂਰਨ,
‘ਜਨ-ਗਣ-ਮਨ’ ,ਜਨ-ਜਨ ਹੈ ਗਾਏ ਭਾਰਤ ਵਰਗਾ ਦੇਸ਼ ਨਾ ਕੋਈ।
ਏਥੋਂ ਦਾ ਹਰ ਨਵਯੁਗ ਪ੍ਰਾਣੀ ਅਪਣਾ ਨਿੱਜ ਸਵਾਰਥ ਛੱਡ ਕੇ,
ਜੇ ਉਨਤੀ ਦੇ ਰਾਹ ਬਣਾਏ ਭਾਰਤ ਵਰਗਾ ਦੇਸ਼ ਨਾ ਕੋਈ।
ਰਿਸ਼ਵਤ ਖੋਰੀ, ਬੇਈਮਾਨੀ, ਧੋਖਾ, ਠੱਗੀ ਜੇ ਮੁਕ ਜਾਏ,
ਜੰਨਤ ਦੇ ਮੂੰਹੋਂ ਕਹਿਲਾਏ ਭਾਰਤ ਵਰਗਾ ਦੇਸ਼ ਨਾ ਕੋਈ।
ਕਾਸ਼ਾਂ ਕਿ ਫ਼ਿਰ ਸੋਨੇ ਦੀ ਚਿੜੀਆ ਵਿਸ਼ਵ ਵਿਆਪੀ ਹੋ ਕੇ ਉਡੇ,
ਵਿੱਚ ਵਿਦੇਸ਼ਾਂ ਵੀ ਕਹਿਲਾਏ ਭਾਰਤ ਵਰਗਾ ਦੇਸ਼ ਨਾ ਕੋਈ।
ਬਾਲਮ ਅਗਰ ਸਿਆਸਤ ਸਾਰੀ ਸੱਚੀ-ਸੁੱਚੀ ਨਿੱਤਰ ਆਏ,
ਕਣ-ਕਣ ਦੇ ਮੂੰਹੋਂ ਕਹਿਲਾਏ ਭਾਰਤ ਵਰਗਾ ਦੇਸ਼ ਨਾ ਕੋਈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ 98156-25409