ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸ. ਰਛਪਾਲ ਸਿੰਘ ਗਿੱਲ ਦੇ ਕੈਨੇਡਾ ਵਿਖੇ ਸਵਰਗਵਾਸ ਹੋ ਜਾਣ ਤੇ ਸਾਹਿਤਕ, ਸਮਾਾਜਕ, ਅਕਾਦਮਿਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਇਸ ਸਬੰਧੀ ਸਾਹਿਤਕਾਰਾਂ, ਬੁੱਧੀਜੀਵੀਆਂ, ਚਿੰਤਕਾਂ ਦੀ ਇੱੱਕ ਸ਼ੋਕ ਇਕੱਤਰਤਾ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ. ਤੇਜਵੰਤ ਮਾਨ, ਅਨੋਖ ਸਿੰਘ ਵਿਰਕ, ਜਗਦੀਪ ਸਿੰਘ, ਡਾ. ਭਗਵੰਤ ਸਿੰਘ, ਜੋਗਿੰਦਰ ਕੌਰ ਅਗਨੀਹੋਤਰੀ, ਅਮਰਗਰਗ ਕਲਮਦਾਨ, ਡਾ. ਜਗਦੀਪ ਕੌਰ, ਕੁਲਵੰਤ ਕਸਕ, ਡਾ. ਨਰਵਿੰਦਰ ਸਿੰਘ ਕੌਸ਼ਲ, ਗੁਰਨਾਮ ਸਿੰਘ, ਤੇਜਾ ਸਿੰਘ ਤਿਲਕ, ਡਾ. ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ, ਸਵਾਮੀਰਾਜ ਸ਼ਰਮਾ, ਰਵੇਲ ਸਿੰਘ ਭਿੰਡਰ, ਡਾ. ਖੁਸ਼ਹਾਲ ਸਿੰਘ, ਜਸਪਾਲ ਸਿੰਘ ਸਿੱਧੂ, ਡਾ. ਹਰਵਿੰਦਰ ਸਿੰਘ ਭੱਟੀ, ਬਲਵਿੰਦਰ ਭੱਟੀ, ਜੋਗਾ ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ, ਦਰਸ਼ਨ ਖੋਖਰ, ਸੁਰਿੰਦਰਪਾਲ ਸਿੰਘ ਸਿਦਕੀ ਡਾ. ਮੇਘਾ ਸਿੰਘ ਆਦਿ ਅਨੇਕਾਂ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ੋਕ ਇਕੱਤਰਤਾ ਵਿੱਚ ਸ. ਰਛਪਾਲ ਸਿੰਘ ਗਿੱਲ ਦੇ ਮਾਂ ਬੋਲੀ ਪੰਜਾਬੀ ਲਈ ਕੀਤੇ ਅਣਥੱਕ ਯਤਨਾਂ ਨੂੰ ਯਾਦ ਕੀਤਾ। ਭਾਸ਼ਾ ਵਿਭਾਗ ਪੰਜਾਬ ਦੁਆਰਾ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦੀ ਤਰਜ ਤੇ 15 ਜਿਲਦਾਂ ਵਿੱਚ ਤਿਆਰ ਕੀਤੇ। “ਪੰਜਾਬੀ ਵਿਸ਼ਵ ਕੋਸ਼” ਨੂੰ ਉਨ੍ਹਾਂ ਦਾ ਲਾਸਾਨੀ ਪ੍ਰੋਜੈਕਟ ਦੱਸਿਆ। ਪੰਜਾਬ ਕੋਸ਼ ਉਨ੍ਹਾਂ ਦੀ ਹੋਰ ਵੱਡੀ ਦੇਣ ਹੈ, ਵਿਭਾਗੀ ਪੁਸਤਕ ਪ੍ਰਕਾਸ਼ਨਾਵਾਂ ਤੇ ਰਸਾਲਿਆਂ ਦੇ ਮਿਆਰ ਵਿੱਚ ਕੀਤੇ ਗਏ ਸੁਧਾਰਾਂ ਦੀ ਚਰਚਾ ਕੀਤੀ ਗਈ ਇਸਦੇ ਨਾਲ ਹੀ ਸਾਹਿਤਕਾਰਾਂ ਦੇ ਠਹਿਰਨ ਲਈ ਬਣਾਏ ਸਾਹਿਤ ਸਦਨ ਦੀ ਉਨ੍ਹਾਂ ਦੀ ਦੇਖ ਰੇਖ ਹੇਠ ਚੜ੍ਹਤ ਵਾਲੇ ਸਮੇਂ ਬਾਰੇ ਵੀ ਚਰਚਾ ਕੀਤੀ ਗਈ। ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੇਖਕਾਂ ਨੇ ਉਨ੍ਹਾਂ ਦੀ ਨਿਗਰਾਨੀ ਹੇਠਠ ਕਰਾਏ ਗਏ ਸਮਾਗਮਾਂ ਖਾਸਕਰ ਦੇਹਰਾਦੂਨ, ਨੈਨੀਤਾਲ ਤੇ ਨਾਗਪੁਰ ਦੀ ਚਰਚਾ ਕਰਦੇ ਹੋਏ ਉਨ੍ਹਾਂ ਦੇ ਉਸਾਰੂ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਇਸ ਬਾਰੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਤੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਸਰਪ੍ਰਸਤ ਡਾ. ਤੇਜਵੰਤ ਮਾਨ, ਡਾ. ਦੀਪਕ, ਮਨਮੋਹਨ ਸਿੰਘ ਅਤੇ ਸਮੂਹ ਅਹੁਦੇਦਾਰਾਂ ਨੇ ਸ. ਰਛਪਾਲ ਸਿੰਘ ਗਿੱਲ ਦੇ ਚਲਾਣੇ ਤੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਵਿਰਾਸਤ ਫਾਊਂਡੇਸ਼ਨ ਵੈਨਕੂਵਰ ਦੇ ਭੁਪਿੰਦਰ ਸਿੰਘ ਮੱਲ੍ਹੀ ਤੇ ਸਾਊਥ ਏਸ਼ੀਆ ਰਿਵਿਯੂ ਸੰਪਾਦਕ ਸੁੱਚਾ ਦੀਪਕ ਨੇ ਵੀ ਆਪਣੀਆਂ ਸੰਵੇਦਨਾਵਾਂ ਪੇਸ਼ ਕੀਤੀਆਂ ਹਨ।ਉਨ੍ਹਾਂ ਨੇ ਗਿੱਲ ਸਾਹਿਬ ਦੇ ਮਿਲਣਸਾਰ ਸੁਭਾਅ ਅਤੇ ਉਸਾਰੂ ਸੋਚ ਤੇ ਪੰਜਾਬੀਅਤ ਪ੍ਰਤੀ ਪਿਆਰ ਨੂੰ ਯਾਦ ਕੀਤਾ। ਇਹ ਵੀ ਜ਼ਿਕਰਯੋਗ ਹੈ ਗਿੱਲ ਸਾਹਿਬ ਦੀ ਦੇਖ ਰੇਖ ਸਲਾਨਾ ਪੁਰਸਕਾਰਾਂ ਸਬੰਧੀ ਤਿਆਰ ਕੀਤੇ ਗਏ ਸੁਵੀਨਰ ਉਨ੍ਹਾਂ ਦੀ ਨਿਸ਼ਠਾ ਅਤੇ ਪ੍ਰਤਿਬੱਧਤਾ ਦੀ ਗਵਾਹੀ ਦਿੰਦੇ ਹਨ। ਅਜਿਹੇ ਪ੍ਰਤਿਭਾ ਸੰਪਨ ਅਧਿਕਾਰੀ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।
ਜਾਰੀ ਕਰਤਾ: ਡਾ. ਭਗਵੰਤ ਸਿੰਘ ਮੋ. 9814851500