
ਹਜ਼ਾਰੋਂ ਬਰਸ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ
ਅਲਵਿਦਾ ਨਹੀਂ……………. ਪਾਪਾ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਸਾਡੇ ਤੋਂ ਸਦਾ ਲਈ ਵਿਛੜ ਗਏ ਹੋ। ਇਸ ਤਰ੍ਹਾਂ ਹੋ ਵੀ ਨਹੀਂ ਸਕਦਾ ! ਤਸੀਂ ਜਿੰਦਗੀ ਜਿਉਣੀ ਸਿਖਾਈ ਕਦੇ ਕਿਸੇ ਨੂੱ ਥੱਪੜ ਮਾਰਨਾ ਤਾਂ ਦੂਰ ਦੀ ਗੱਲ ਹੈ। ਝਿੜਕਿਆ ਤੱਕ ਨਹੀਂ । ਤੁਹਾਡੇ ਵਿੱਚ ਹਰ ਗੁਣ ਸੀ, ਸਭ ਤੋਂ ਵੱਡਾ ਗੁਣ ‘ਸਖਤ ਮਿਹਨਤ* ਸਵੇਰੇ ਜਲਦੀ ਉਠਣਾ, ਸਾਂਝੀਆਂ ਨੂੰ ਲੈ ਕੇ ਖੇਤੋਂ ਪੱਠੇ ਲੈ ਕੇ ਆਉਣੇ, ਸਕੂਲ ਜਾਣਾ ਤੇ ਉਥੋਂ ਜਗਰਾਓਂ, ਟਰੱਕਾਂ ਦੀ ਪੁਕਾਰ ਸੁਣਨੀ ਤੇ ਉਥੋਂ ਸਾਈਕਲ ਤੇ ਸਮਾਨ ਨਾਲ ਭਰੇ ਹੋਏ ਝੋਲੇ ਲੈ ਕੇ ਵਾਪਸ ਮੁੜਨਾ, ਨਾ ਅੱਕਣਾ ਨਾ ਥੱਕਣਾ ਨਾ ਕੋਈ ਗਿਲਾ ਸ਼ਿਕਵਾ। ਮੈਂ ਤੁਹਾਨੂੰ ਕਦੇ ਰੱਬ ਤੇ ਵੀ ਗਿਲਾ ਕਰਦੇ ਨਹੀਂ ਦੇਖਿਆ, ਸਹਿਣਸ਼ੀਲਤਾ, ਸਬਰ, ਸੰਤੋਖ, ਸਾਰੇ ਗੁਣਾਂ ਦੇ ਮਾਲਕ, ਮੈਨੂੰ ਨਹੀਂ ਯਾਦ ਕਿ ਤੁਸੀਂ ਕਦੇ ਸਾਡੀ ਗੱਲ ਠੁਕਰਾਈ ਹੋਵੇ, ਕਿ ਇਹ ਨਹੀਂ ਹੋ ਸਕਦਾ. ਸਾਡੀ ਹਰ ਖੁਹਾਇਸ਼ ਪੂਰੀ ਕੀਤੀ। ਤੁਹਾਨੂੰ ਸਭ ਦੀਆਂ ਜਰੂਰਤਾਂ ਪਤਾ ਹੁੰਦੀਆਂ ਸਨ। ਸਚਮੁੱਚ ਤੁਸੀਂ ਬਹੁਤ ਮਹਾਨ ਸੀ। ਪਾਪਾ ਜਿਸ ਦਿਨ ਤੁਸੀਂ ਸਾਨੂੰ ਛੱਡ ਕੇ ਗਏ ਮਨ ਬਹੁਤ ਉਦਾਸ ਹੋਇਆ। ਫਿਰ ਸੋਚਿਆ, ਇਸ ਤਰ੍ਹਾਂ ਕਰਨ ਨਾਲ ਵੀ ਤਾਂ ਪਾਪਾ ਦੁਖੀ ਹੋ ਰਹੇ ਹਨ, ਮੈਂ ਨਹੀਂ ਹੋਵਾਂਗੀ। ਫਿਰ ਉਹ ਲੋਕ ਗੀਤ ਦੀਆਂ ਤੁਕਾਂ ਯਾਦ ਆਈਆਂ
‘ਮੈਂ ਚਾਦਰ ਕੱਢਦੀ ਨੀ, ਉੱਤੇ ਪਾਵਾਂ ਵੇਲਾਂ,
ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾਂ,
ਬਾਬਲ ਤਾਂ ਧਰਮੀ ਦੇਸਾਂ ਦਾ ਰਾਜਾ,
ਮੈਂ ਕਹਿ ਕੇ ਬਾਪੂ ਨੂੰ ਰੇਲਾਂ ਰੁਕਵਾਵਾਂ।
ਸੱਚਮੁੱਚ ਸਾਡਾ ਬਾਬਲ ਅਜਿਹਾ ਹੀ ਸੀ । ਵੱਡੀ ਭੈਣ ਪਿੰਕੀ ਜਦੋਂ ਕੋਰਸ ਕਰਨ ਮੰਸੂਰੀ ਗਈ ਤਾਂ ਹਰ ਮਹੀਨੇ ਉਹਦੇ ਕੋਲ ਢੇਰ ਸਾਰਾ ਸਮਾਨ ਲੈ ਕੇ ਪਹੁੰਚਣਾ। ਜਦੋਂ ਮੈਂ ਤੇ ਛੋਟੀ ਸੁੱਖੀ ਸੰਗਰੂਰ ਪੜ੍ਹਦੀਆਂ ਸੀ, ਛੁੱਟੀਆਂ ਹੋਣੀਆਂ, ਚਿੱਠੀ ਪਾਉਣੀ ਅਤੇ ਹਮੇਸ਼ਾਂ ਦੱਸੇ ਹੋਏ ਸਮੇਂ ਤੇ ਪਹੁੰਚਣਾ, 10 ਸਾਲਾਂ ਦੇ ਦੌਰਾਨ ਇੱਕ ਵਾਰ ਵੀ ਅਜਿਹਾ ਨਹੀਂ ਹੋਇਆ ਕਿ ਅਸੀਂ ਉਡੀਕਦੀਆਂ ਰਹਿ ਗਈਆਂ ਹੋਈਏ ਕਿ ਪਾਪਾ ਨਾ ਆਏ ਹੋਣ। ਮਿੰਨਾ ਲਈ ਤਨਖਾਹ ਵਾਲੇ ਦਿਨ ਸਪੈਸ਼ਲ ਚੀਜ਼ੀ ਲੈ ਕੇ ਘਰ ਪਹੁੰਚਣਾ । ਪਾਪਾ ਅਸੀਂ ਇਸ ਗੱਲੋਂ ਸੰਤੁਸ਼ਟ ਹਾਂ ਕਿ ਮੰਮਾ, ਰੁਪਿੰਦਰ, ਜਗਜੀਤ, ਹਰਮਨ ਤੇ ਜਸਮਨ ਨੇ ਤੁਹਾਡੀ ਰੱਜਕੇ ਸੇਵਾ ਕੀਤੀ ਤੁਹਾਨੂੰ ਕਿਸੇ ਚੀਜ਼ ਦੀ ਕਦੇ ਕੋਈ ਥੁੜ ਮਹਿਸੂਸ ਨਹੀਂ ਹੋਣ ਦਿੱਤੀ। ਤੁਸੀਂ ਇਸ ਗੱਲੋਂ ਖੁਸ਼ਕਿਸਮਤ ਹੋਂ। ਪ੍ਰਮਾਤਮਾ ਨੇ ਬੇਸ਼ੱਕ ਸਾਡੇ ਤੋਂ ਤੁਹਾਨੂੰ ਵੱਖ ਕਰ ਲਿਆ ਹੈ, ਪਰ ਅਸੀਂ ਤੁਹਾਡੇ ਗੁਣਾਂ ਨੂੰ, ਤੁਹਾਡੀ ਨੇਕੀ ਨੂੰ ਕਦੇ ਨਹੀਂ ਭੁੱਲਾਂਗੇ। ਇਸੇ ਕਰਕੇ ਮੈਂ ਤੁਹਾਨੂੰ ਅਲਵਿਦਾ ਨਹੀਂ ਕਹਿ ਰਹੀ। ਅਸੀ ਹਮੇਸ਼ਾਂ ……….. ਹਮੇਸ਼ਾਂ ਤੁਹਾਨੂੰ ਯਾਦ ਰੱਖਾਂਗੇ। ਲੋਕ ਗੀਤ ਦੇ ਬੋਲ ਇਸ ਸੰਵੇਦਨਾਂ ਦੀ ਪੁਸ਼ਟੀ ਕਰਦੇ ਹਨ:
ਬਾਬਲ ਦੇ ਵਿਹੜੇ ਅੰਬੀ ਦਾ ਬੂਟਾ, ਅੰਬੀ ਨੂੰ ਬੂਰ ਪਿਆ
ਵਸਦਾ ਰਹੇ ਮੇਰੇ ਬਾਬਲ ਦਾ ਵਿਹੜਾ, ਧੀਆਂ ਦੀ ਇਹੀ ਦੁਆ
ਮੈਂ ਸਦਕੇ ਧੀਆਂ ਦੀ ਇਹੋ ਦੁਆ।
ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਬਾਬਲ ਦਾ ਪਰਿਵਾਰ ਹਮੇਸ਼ਾਂ ਹੱਸਦਾ ਵਸਦਾ ਰਹੇ। ਉੁਨ੍ਹਾਂ ਦੇ ਬੱਚੇ, ਪੋਤੇ , ਦੋਹਤੇ, ਪੜਦੋਹਤੇ ਉਨ੍ਹਾਂ ਦੇ ਦੱਸੇ ਕਦਮਾਂ ਤੇ ਚੱਲਣ ਅਤੇ ਸਾਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ।
ਰਮੀ
(ਰਮਿੰਦਰ ਕੌਰ)