ਦੁਨੀਆ ਭਰ ਵਿੱਚ ਵੱਸਦੀਆਂ ਸਾਰੀਆਂ ਔਰਤਾਂ ਨੂੰ ਕੌਮਾਂਤਰੀ ਔਰਤ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਹੋਵਣ ਜੀ।
ਅੰਤਰਰਾਸ਼ਟਰੀ ਮਹਿਲਾ ਦਿਵਸ ਜਾਂ ਕੌਮਾਂਤਰੀ ਨਾਰੀ ਦਿਵਸ ਇੱਕ ਹੀ ਦਿਨ ਦੇ ਦੋ ਵੱਖ ਵੱਖ ਨਾਮ ਹਨ। ਮਹਿਲਾ ਦਿਵਸ 1911 ਈਸਵੀ ਤੋਂ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਮਹਿਲਾ ਦਿਵਸ 19 ਮਾਰਚ 1911 ਈਸਵੀ ਨੂੰ ਮਨਾਇਆ ਗਿਆ ਸੀ। ਉਸ ਤੋਂ ਬਾਅਦ 1921 ਈਸਵੀ ਨੂੰ ਮਾਸਕੋ ਵਿੱਚ ਕਮਿਊਨਿਸਟ ਪਾਰਟੀ ਦੀਆਂ ਔਰਤਾਂ ਦੀ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਮਨਾਇਆ ਜਾਇਆ ਕਰੇਗਾ। ਕੌਮਾਂਤਰੀ ਨਾਰੀ ਦਿਵਸ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣ, ਔਰਤਾਂ ਲਈ ਵੋਟ ਦੇ ਰਾਖਵੇਂ ਕਰਨ, ਪਿਆਰ, ਸਤਿਕਾਰ ਤੇ ਮਹਿਲਾ ਮਜ਼ਦੂਰਾਂ ਦੀ ਮੁਕਤੀ ਦੀ ਲੜਾਈ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾਂਦਾ ਹੈ।
ਸਦੀਆਂ ਤੋਂ ਔਰਤ ਨੂੰ ਪੂਜਣ ਯੋਗ ਮੰਨਿਆ ਜਾਂਦਾ ਸੀ। ਪੁਰਾਣੇ ਜ਼ਮਾਨੇ ਵਿੱਚ ਔਰਤਾਂ ਹਮੇਸ਼ਾ ਆਪਣੇ ਘਰ ਦਾ ਕੰਮ ਕਰਦੀਆਂ ਸਨ ਤੇ ਘਰ ਵਿੱਚ ਰਹਿ ਕੇ ਆਪਣੇ ਜਵਾਕਾਂ ਦਾ ਪਾਲਣ ਪੌਸ਼ਣ ਕਰਦੀਆਂ ਸਨ। ਮਰਦ ਘਰ ਤੋਂ ਬਾਹਰ ਜਾ ਕੇ ਕਮਾਈ ਕਰਕੇ ਲਿਆਉਂਦਾ ਸੀ ਤੇ ਔਰਤ ਘਰ ਵਿੱਚ ਰਹਿ ਕੇ ਉਸ ਕਮਾਈ ਦੀ ਠੀਕ ਵਰਤੋਂ ਕਰਦੀ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਔਰਤ ਨੂੰ ਘਰ ਦੇ ਨਾਲ ਨਾਲ ਬਾਹਰ ਜਾ ਕੇ ਕੰਮ ਕਰਨ ਦੀ ਲੋੜ ਮਹਿਸੂਸ ਹੋਈ ਤੇ ਉਸ ਸਮੇਂ ਤੋਂ ਬਾਅਦ ਅੱਜ ਤੱਕ ਔਰਤ ਹਰ ਖੇਤਰ ਵਿੱਚ ਤੇ ਹਰ ਪੱਖੋਂ ਮਰਦ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਆ ਰਹੀ ਹੈ। ਜੇਕਰ ਅਸੀਂ ਇਹ ਕਹਿ ਲਈਏ ਕਿ ਔਰਤ ਮਰਦ ਨਾਲ ਕਦਮ ਨਾਲ ਕਦਮ ਮਿਲਾ ਕੇ ਹੀ ਨਹੀਂ ਚੱਲ ਰਹੀ ਸਗੋਂ ਕਈ ਖੇਤਰਾਂ ਵਿੱਚ ਮਰਦ ਤੋਂ ਬਹੁਤ ਕਦਮ ਅੱਗੇ ਵੀ ਨਿਕਲ ਚੁੱਕੀ ਹੈ।
ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੰਦੇ ਹੋਏ, ਔਰਤ ਨੂੰ ਪੂਜਣ ਯੋਗ ਮੰਨਦੇ ਹੋਏ, ਔਰਤ ਦੀ ਨਿੰਦਾ ਨਾ ਕਰਨ ਲਈ ਕਿਹਾ ਤੇ ਗੁਰਬਾਣੀ ਵਿੱਚ ਇਹ ਸ਼ਬਦ ਉਚਾਰਿਆ ਹੈ।
ਮਃ ੧ ॥ਅੰਗ ੪੭੩(473)
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਗੁਰਬਾਣੀ ਵਿੱਚ ਔਰਤ ਨੂੰ ਸਤਿਕਾਰ ਦਿੰਦੇ ਹੋਏ, ਮਾਂ, ਭੈਣ, ਪਤਨੀ, ਧੀ ਵਰਗੇ ਰਿਸ਼ਤਿਆਂ ਦਾ ਰੂਪ ਦੱਸਦੇ ਹੋਏ ਔਰਤਾਂ ਨੂੰ ਨਾਰੀ ਸ਼ਕਤੀ ਦੱਸਿਆ ਗਿਆ ਹੈ। ਸਿੱਖ ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰੀਏ ਤਾਂ ਅਨੇਕ ਸਿੱਖ ਬੀਬੀਆਂ ਤੇ ਮਾਤਾਵਾਂ ਦੇ ਨਾਮ ਆਉਂਦੇ ਹਨ ਜ਼ਿਹਨਾਂ ਨੇ ਆਪਣਾ ਮਹਾਨ ਯੋਗਦਾਨ ਦੇ ਕੇ ਬਹੁਤ ਕੁਰਬਾਨੀਆਂ ਕਰਕੇ ਇਤਿਹਾਸ ਸਿਰਜਿਆ ਹੈ। ਜ਼ਿਹਨਾਂ ਮਹਾਨ ਸਿੱਖ ਬੀਬੀਆਂ ਦੇ ਨਾਮ ਕੁਝ ਇਸ ਪ੍ਰਕਾਰ ਹਨ, ਮਾਤਾ ਸੁਲੱਖਣੀ ਜੀ, ਬੀਬੀ ਨਾਨਕੀ ਜੀ, ਬੀਬੀ ਭਾਨੀ ਜੀ, ਮਾਤਾ ਖੀਵੀ ਜੀ, ਮਾਤਾ ਗੁਜਰੀ ਜੀ ਪਹਿਲੀ ਸਿੱਖ ਬੀਬੀ ਸ਼ਹੀਦ,ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਈ ਭਾਗੋ ਜੀ, ਬੀਬੀ ਸ਼ਰਨ ਕੌਰ ਜੀ ਸ਼ਹੀਦ, ਬੀਬੀ ਰਜਨੀ ਜੀ, ਰਾਣੀ ਸਦਾ ਕੌਰ ਜੀ, ਰਾਣੀ ਜਿੰਦਾਂ ਜੀ ਆਦਿ ਸ਼ਾਮਲ ਹਨ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਸਜਾਉਣ ਵੇਲੇ ਪੰਜ ਪਿਆਰਿਆਂ ਦੇ ਨਾਲ ਮਾਤਾ ਸਾਹਿਬ ਕੌਰ ਜੀ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਮਿੱਠੇ ਪਤਾਸੇ ਪਵਾ ਕੇ ਇਹ ਸਾਬਿਤ ਕਰ ਦਿੱਤਾ ਕਿ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਸਭ ਗੁਰੂ ਸਾਹਿਬਾਨਾਂ ਨੇ ਬਰਾਬਰ ਦਾ ਦਰਜਾ ਦਿੱਤਾ ਹੈ।
ਮੈਂ ਇੱਕ ਸਿੱਖ ਔਰਤ ਹੋਣ ਦੇ ਨਾਤੇ ਜਿੱਥੇ ਬਹੁਤ ਮਾਣ ਮਹਿਸੂਸ ਕਰਦੀ ਹਾਂ ਉੱਥੇ ਨਾਲ ਹੀ ਆਪਣੇ ਗੁਰੂ ਸਾਹਿਬਾਨਾਂ ਦਾ ਬਹੁਤ ਸਤਿਕਾਰ ਤੇ ਸ਼ੁਕਰਾਨਾ ਵੀ ਕਰਦੀ ਹਾਂ ਜ਼ਿਹਨਾਂ ਨੇ ਸਾਨੂੰ ਸਮਾਜਿਕ ਤੇ ਧਾਰਮਿਕ ਪੱਖ ਵਿੱਚ ਬਰਾਬਰ ਦਾ ਦਰਜਾ ਦਿੱਤਾ ਹੈ। ਅਸੀਂ ਮਾਤਾ ਗੁਜਰੀ ਜੀ ਤੇ ਮਾਤਾ ਸਾਹਿਬ ਕੌਰ ਦੀਆਂ ਵਾਰਿਸ ਹਾਂ ਇਹ ਸੋਚ ਕੇ ਹੀ ਹੌਸਲੇ ਬੁਲੰਦ ਰਹਿੰਦੇ ਹਨ ਤੇ ਮੈਂ ਹਰ ਪਲ ਚੜ੍ਹਦੀ ਕਲਾ ਚ ਰਹਿੰਦੀ ਹਾਂ, ਉੱਪਰ ਤੋਂ ਮੇਰੇ ਨਾਮ ਨਾਲ ਲੱਗਾ ਇੱਕ ਖ਼ਾਸ ਰੁਤਬਾ, ਇੱਕ ਖ਼ਾਸ ਤਾਜ “ਸਿੰਘ” ਸ਼ਬਦ ਮੈਨੂੰ ਹਰ ਪਲ ਖੁਸ਼ੀਆਂ ਖੇੜਿਆਂ ਵਿੱਚ ਰੱਖਣ ਲਈ ਪ੍ਰੇਰਦਾ ਰਹਿੰਦਾ ਹੈ। ਮੇਰਾ ਨਾਮ ਹੀ ਮੈਨੂੰ ਇਹ ਜਿਤਾਉਂਦਾ ਹੈ ਕਿ ਤੂੰ ਕਿਸੇ ਪੱਖੋਂ ਘੱਟ ਨੀ, ਤੂੰ ਬਹੁਤ ਖ਼ਾਸ ਹੈ। ਇਸੇ ਤਰਾਂ ਹਰ ਔਰਤ ਨੂੰ ਸੋਚਣਾ ਚਾਹੀਦਾ ਹੈ ਤੇ ਹਰ ਪਲ ਆਪਣੇ ਨਾਮ ਦੀ ਲਾਜ ਰੱਖਣ ਲਈ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹੈ। ਇੱਕ ਔਰਤ ਲੋੜ ਪੈਣ ਤੇ ਮਰਦ ਵੀ ਬਣ ਸਕਦੀ ਹੈ ਤੇ ਸਭ ਕੁਝ ਕਰ ਸਕਦੀ ਹੈ। ਇਹ ਖ਼ਾਸ ਵਿਸ਼ੇਸ਼ਤਾ ਕੇਵਲ ਤੇ ਕੇਵਲ ਵਾਹਿਗੁਰੂ ਜੀ ਨੇ ਔਰਤ ਨੂੰ ਹੀ ਦਿੱਤੀ ਹੈ। ਜਿੰਨੀਆਂ ਜ਼ਿਆਦਾ ਔਰਤਾਂ ਜ਼ਿਆਦਾ ਸੂਖਮ, ਸੋਹਲ ਹੁੰਦੀਆਂ ਹਨ ਉਸ ਦੇ ਨਾਲ ਹੀ ਉ
ਜੇਕਰ ਅਖੀਰ ਮੈਂ ਅੱਜ ਦੀ ਔਰਤ ਦੀ ਗੱਲ ਕਰਾ ਤਾਂ ਅੱਜ ਦੀ ਔਰਤ ਹਰ ਤਰਾਂ ਨਾਲ ਤਰੱਕੀ ਕਰ ਚੁੱਕੀ ਹੈ, ਹਰ ਤਰਾਂ ਦੇ ਅਧਿਕਾਰ ਇਸ ਨੂੰ ਮਿਲ ਚੁੱਕੇ ਹਨ, ਹਰ ਤਰਾਂ ਦੀ ਅਜ਼ਾਦੀ ਇਸ ਨੂੰ ਪ੍ਰਾਪਤ ਹੈ ਸਗੋਂ ਮਰਦਾਂ ਤੋਂ ਵੀ ਪਾਰ ਦੀ ਅਜ਼ਾਦੀ ਤੇ ਹੱਕ ਔਰਤਾਂ ਹਾਸਲ ਕਰ ਚੁੱਕੀਆਂ ਹਨ।
ਪਰ ਕਿਤੇ ਨਾ ਕਿਤੇ ਮੇਰਾ ਔਰਤ ਹੋਣ ਦਾ ਮਾਣ ਢਹਿ ਢੇਰੀ ਹੋ ਜਾਂਦਾ ਹੈ, ਮੈਨੂੰ ਆਪਣੇ ਔਰਤ ਹੋਣ ਤੇ ਬਹੁਤ ਸ਼ਰਮ ਆਉਣ ਲੱਗ ਪੈਂਦੀ ਹੈ ਜਦੋਂ ਮੈਂ ਅੱਜ ਦੀਆਂ ਪੰਜਾਬਣਾਂ ਨੂੰ ਅੱਧ ਨੰਗੇ ਕੱਪੜੇ ਪਹਿਨੇ ਹੋਏ ਵੇਖਦੀ ਹਾਂ, ਜਦੋਂ ਨਕਾਰਾ ਹੋ ਚੁੱਕੀਆਂ ਸੁਆਣੀਆਂ ਨੂੰ ਵੇਖਦੀ ਹਾਂ, ਜਦੋ ਰੀਲਾਂ ਬਣਾ ਬਣਾ ਕੇ ਨੈੱਟ ਤੇ ਗੰਦ ਪਾਉਂਦੀਆਂ ਵੇਖਦੀ ਹਾਂ, ਜਦੋ ਮਰਦਾਂ ਤੋਂ ਜ਼ਿਆਦਾ ਨਸ਼ੇ ਕਰਦੀਆਂ ਵੇਖਦੀ ਹਾਂ। ਅੱਜ ਲੋੜ ਹੈ ਉਹਨਾਂ ਔਰਤਾਂ ਨੂੰ ਆਪਣਾ ਵਜੂਦ ਪਛਾਣਨ ਦੀ, ਲੋੜ ਹੈ ਯਾਦ ਰੱਖਣ ਦੀ ਕਿ ਅਸੀਂ ਕਿਸ ਕੌਮ ਦੀਆਂ ਹਾਂ ? ਅਸੀਂ ਵਾਰਿਸ ਕਿਸ ਮਾਂ ਦੀਆਂ ਹਾਂ ? ਅਸੀਂ ਕਿਸ ਵਿਰਸੇ ਦੀਆਂ ਮਾਲਕ ਹਾਂ ? ਵਾਹਿਗੁਰੂ ਉਹਨਾਂ ਨੂੰ ਸੁਮੱਤ ਬਖਸ਼ੇ ਤੇ ਆਉਣ ਵਾਲੇ ਸਮੇਂ ਚ ਆਪਣਾ ਚੰਗਾ ਪ੍ਰਭਾਵ ਪਾਉਣ।