“ਮਜ਼ਦੂਰ ਹਾਂ , ਮਜ਼ਬੂਰ ਹਾਂ…!
ਕਿੰਨੀਆਂ ਸੋਚਾਂ ਨੇ ਮੇਰੇ ਮਨ ਅੰਦਰ…?
ਸਮਝੇ ਨਾ ਕੋਈ ਮੇਰੇ ਦਰਦ ਨੂੰ ,
ਤਾਹੀਓਂ ! ਸਭ ਤੋਂ ਕੋਹਾਂ ਦੂਰ ਹਾਂ ,
ਮਜ਼ਦੂਰ ਹਾਂ , ਮਜ਼ਬੂਰ ਹਾਂ…!”
“ਤਿਣਕਾ-ਤਿਣਕਾ ਖੇਤ ‘ਚੋਂ ਚੁਗ ਕੇ ,
ਪਾਣੀ ਸਿਖ਼ਰ ਦੁਪਹਿਰੇ ਲਾਇਆ ,
ਭੁੱਖਾ ਪਿਆਸਾ ਰਹਿ-ਰਹਿ ਕੇ ਮੈਂ ,
ਇੱਕ-ਇੱਕ ਬੀਜ ਧਰਤੀ ਪਾਇਆ…!”
“ਤਿਮਾਹੀ-ਛਿਮਾਹੀ ਕਰਕੇ ਰਾਖੀ ,
ਫੇਰ ਕਿਤੇ , ਇਸਨੂੰ ਬੂਰ ਹੈ ਆਇਆ ,
ਕੱਪੜੇ ਘਸ-ਘਸ ਫਟ ਗਏ ਮੇਰੇ ,
ਤੇ , ਫੀਸਾਂ ਦਾ ਦਿਨ ਨੇੜੇ ਆਇਆ…!”
“ਘਰਵਾਲੀ ਦੇ ਕਿੰਨੇ ਈ ਚਾਅ ਸੀ ,
ਉਸ ਕਦੇ ਨਾ ਬਿੰਦੀ , ਸਿੰਦੂਰ ਲਾਇਆ ,
ਦਾਤੀ ਪੈ ਗਈ ਏ ਫ਼ਸਲਾਂ ਨੂੰ ਅੱਜ ,
ਉੱਤੋਂ ਕਾਲ਼ਾ ਬੱਦਲ਼ ਫਿਰੇ ਛਾਇਆ…!”
“ਦੋ ਦਿਨ ਲੰਘਾ ਦੇ ਰੱਬਾ ਮੇਰਿਆ ,
ਦੱਸ ਤੂੰ ਕਾਹਦਾ ਜਸ਼ਨ ਮਨਾਇਆ…?
ਦਿਲ ਮੇਰਾ ਜ਼ੋਰ-ਜ਼ੋਰ ਦੀ ਧੜਕੇ ,
ਲਗਦਾ ਏ ! ਮੇਰਾ ਮਾਤਮ ਛਾਇਆ…!”
“ਇੱਕ-ਇੱਕ ਕਣੀ ਜਾਵੇ ਡੰਗਦੀ ,
ਜੋ ਸੱਪ ਮੇਰੇ ਗਲ਼ ਵਿੱਚ ਪਾਇਆ ,
ਠੇਕੇ ਉੱਤੇ ਲਈ ਜ਼ਮੀਨ ਮੈਂ ਸਾਰੀ ,
ਮੈਨੂੰ ਨਾ ਕਦੇ ਮੁਆਵਜ਼ਾ ਆਇਆ…!”
“ਤੇਰੀਆਂ ਦਾਤਾ ਬਸ , ਤੂੰਹੀਂ ਜਾਣੈ ,
ਕਿਉਂ ਤੂੰ ਇਹ ਕਹਿਰ ਢਾਇਆ…?
ਮਿਹਨਤਕਸ਼ ਉਨ੍ਹਾਂ ਲੋਕਾਂ ‘ਚੋਂ ਹਾਂ ,
ਜਿਨ੍ਹਾਂ ਨਾ ਕਦੇ ਢੇਰੀ ਨੂੰ ਢਾਹਿਆ ,
ਅੱਜ ਹੈ , ਜੇਕਰ ਦਿਨ ਮਾੜਾ ਪੱਲੇ ,
ਕੀ ਚੰਗਾ ਮੁੜ ਕਦੇ ਨੀ ਆਇਆ…?
“ਮਜ਼ਦੂਰ ਹਾਂ , ਮਜ਼ਬੂਰ ਹਾਂ…!
ਕਿੰਨੀਆਂ ਸੋਚਾਂ ਨੇ ਮੇਰੇ ਮਨ ਅੰਦਰ…?
ਸਮਝੇ ਨਾ ਕੋਈ ਮੇਰੇ ਦਰਦ ਨੂੰ ,
ਤਾਹੀਓਂ ! ਸਭ ਤੋਂ ਕੋਹਾਂ ਦੂਰ ਹਾਂ ,
ਮਜ਼ਦੂਰ ਹਾਂ , ਮਜ਼ਬੂਰ ਹਾਂ…!”
ਮਜ਼ਬੂਰ ਹਾਂ , ਮਜ਼ਦੂਰ ਹਾਂ…!”

ਗੁਰੀ ਚੰਦੜ
ਪ੍ਰੀਤ ਨਗਰ , ਸੰਗਰੂਰ ।
90418-91319