ਸਾਹਿਤ ਦਾ ਗੁਲਜ਼ਾਰ ਬਣਾਇਆ ਪਾਤਰ ਨੇ ।
ਇੱਕ ਵੱਖਰਾ ਸੰਸਾਰ ਬਣਾਇਆ ਪਾਤਰ ਨੇ।
ਸਿਰਜਣ ਵਾਲੀ ਸ਼ਕਤੀ ਭਗਤੀ ਉਸ ਵਿੱਚ ਸੀ ,
ਬਿੰਬਾ ਦਾ ਕਿਰਦਾਰ ਬਣਾਇਆ ਪਾਤਰ ਨੇ
ਗ਼ਜ਼ਲਾਂ ਲੇਖਾਂ ਵਾਲੀ ਕਰਕੇ ਸਿਰਜਨਤਾ,
ਬੋਲੀ ਦਾ ਸਤਿਕਾਰ ਬਣਾਇਆ ਪਾਤਰ ਨੇ।
ਦੇਸ਼ ਵਿਦੇਸ਼ਾਂ ਵਿੱਚ ਪੰਜਾਬੀ ਦਾ ਸੂਰਜ ,
ਆਰ ਬਣਾਇਆ ਪਾਰ ਬਣਾਇਆ ਪਾਤਰ ਨੇ ।
ਇਸ ਦੇ ਸਿਰ ਤੇ ਕਲਗੀ ਲਾ ਕੇ ਸਿਰਜਨ ਦੀ,
ਪੰਜਾਬੀ ਨੂੰ ਸਰਦਾਰ ਬਣਾਇਆ ਪਾਤਰ ਨੇ ।
ਸਾਹਿਤ ਸਭਾਵਾਂ ਤੇ ਲਿਖਤਾਂ ਦੀ ਜ਼ੁਰਰਤ ਨਾਲ ,
ਕਿਰਤਾਂ ਨੂੰ ਹੱਕਦਾਰ ਬਣਾਇਆ ਪਾਤਰ ਨੇ ।
ਆਕਾਸ਼ ਬਾਣੀ ਤੇ ਦੂਰਦਰਸ਼ਨ ਦੀ ਪ੍ਰਤਿਭਾ,
ਪ੍ਰਤਿਸ਼ਠਾ ਨੂੰ ਦਮਦਾਰ ਬਣਾਇਆ ਪਾਤਰ ਨੇ ।
ਮਾਂ ਬੋਲੀ ਦੀ ਰਜ ਰਜ ਸੇਵਾ ਕੀਤੀ ਹੈ ,
ਇੱਕ ਸੱਚਾ ਕਿਰਦਾਰ ਬਣਾਇਆ ਪਾਤਰ ਨੇ ।
ਮਰਮਸਪਰਸ਼ੀ ਗਜ਼ਲਾਂ ਗੀਤਾਂ ਦੇ ਰਾਹੀਂ,
ਗਾਇਕਾਂ ਨੂੰ ਫਲਕਾਰ ਬਣਾਇਆ ਪਾਤਰ ਨੇ ।
ਸਾਹਿਤ ਦੀ ਝੋਲੀ ਵਿੱਚ ਪਾ ਕੇ ਪੋਥੀਆਂ,
ਇੱਕ ਸੋਹਣਾ ਉਪਹਾਰ ਬਣਾਇਆ ਪਾਤਰ ਨੇ ।
ਬੁਣਤੀ ਲੈ ਕੇ ਨਵਯੁੱਗ ਦੇ ਹਾਲਾਤਾਂ ਦੀ ,
ਵੱਖਰਾ ਸੱਭਿਆਚਾਰ ਬਣਾਇਆ ਪਾਤਰ ਨੇ।
ਕ੍ਰਿਤੀਤਵ ਤੇ ਵਿਅਕਤੀਤਵ ਦੇ ਫੁੱਲ ਲੈ ਕੇ,
ਸਾਂਝਾਂ ਵਾਲਾ ਹਾਰ ਬਣਾਇਆ ਪਾਤਰ ਨੇ।
ਭਾਸ਼ਾ ਵਾਲੇ ਆਧੁਨਿਕ ਗਹਿਣੇ ਪਾ ਪਾ ਕੇ ,
ਦੁਲਹਨ ਦਾ ਸ਼ਿੰਗਾਰ ਬਣਾਇਆ ਪਾਤਰ ਨੇ।
ਬਾਲਮ ਅੱਖਰ ਜਨਨੀ ਰਾਹੀਂ ਚੁਣ ਚੁਣ ਕੇ ,
ਸ਼ਬਦਾਂ ਦਾ ਭੰਡਾਰ ਬਣਾਇਆ ਪਾਤਰ ਨੇ ।
ਬਲਵਿੰਦਰ ਬਾਲਮ ਗੁਰਦਾਸਪੁਰ
ਓਕਾਰ ਨਗਰ ਗੁਰਦਾਸਪੁਰ ਪੰਜਾਬ
ਮੋਬਾਇਲ 98 156 25409
Leave a Comment
Your email address will not be published. Required fields are marked with *