
ਮਿਲਾਨ, 11 ਅਪ੍ਰੈਲ (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਤੇ ਸਿੱਖੀ ਸਿਧਾਂਤ,ਸਿੱਖੀ ਜੀਵਨ ,ਸਿੱਖੀ ਫਰਜ਼ਾਂ ਦੀਆਂ ਬਾਤਾਂ ਪਾਉਂਦੇ ਵਿਸ਼ਾਲ ਧਾਰਮਿਕ ਸਮਾਗਮ ,ਗੁਰਬਾਣੀ ਕੀਰਤਨ ਸਮਾਰੋਹ ਤੇ ਨਗਰ ਕੀਰਤਨ ਜਿੱਥੇ ਭਾਰਤ ਦੀ ਧਰਤੀ ਉਪੱਰ ਸਜਾਏ ਜਾਂਦੇ ਹਨ ਉੱਥੇ ਦੁਨੀਆਂ ਦੇ ਚੱਪੇ-ਚੱਪੇ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਮਹਾਨ ਸਿੱਖ ਧਰਮ ਨੂੰ ਸਮਰਪਿਤ ਅਜਿਹੇ ਸਮਾਗਮ ਕਰਵਾਉਂਦੀ ਹੋਈ ਵਿਦੇਸ਼ਾਂ ਵਿੱਚ ਸਿੱਖੀ ਦੇ ਬੂਟੇ ਨੂੰ ਪ੍ਰਫੁਲੱਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਅਜਿਹੇ ਹੀ ਕਾਰਜਾਂ ਵਿੱਚ ਮੋਹਰੀ ਹੈ ਇਟਲੀ ਦੇ ਵੈਨੇਤੋ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਜੋ਼ਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮਹਾਨ ਸਿੱਖ ਧਰਮ ਨਾਲ ਸਬੰਧਤ ਸਮਾਗਮਾਂ ਨੂੰ ਨਿਰੰਤਰ ਕਰਵਾਉਂਦੀ ਹੀ ਰਹਿੰਦੀ ਹੈ।ਗੁਰਦੁਆਰਾ ਸਾਹਿਬ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 13 ਅਪ੍ਰੈਲ ਦਿਨ ਸ਼ਨੀਵਾਰ 2024 ਨੂੰ ਦੁਪਿਹਰ ਇੱਕ ਵਜੇ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕ ਗੁਰੂ ਸਾਹਿਬ ਦੇ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਉਣਗੇ।ਇਸ ਮਹਾਨ ਦਿਨ ਮੌਕੇ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ ਤੇ ਆ ਰਿਹਾ ਪ੍ਰਸਿੱਧ ਪੰਥਕ ਢਾਡੀ ਜੱਥਾ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਸੰਗਤਾਂ ਨੂੰ ਲਾਸਾਨੀ ਸਿੱਖ ਇਤਿਹਾਸ ਸਰਵਣ ਕਰਵਾਉਣਗੇ।ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਮਹਾਨ ਦਿਵਸ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।