ਬਾਸੂ ਚੈਟਰਜੀ, ਜੋ ਫਿਲਮੀ ਦੁਨੀਆਂ ਵਿੱਚ ‘ਬਾਸੂ ਦਾ’ ਵਜੋਂ ਜਾਣਿਆ ਜਾਂਦਾ ਹੈ, ਹਿੰਦੀ ਅਤੇ ਬੰਗਾਲੀ ਫ਼ਿਲਮ-ਨਿਰਦੇਸ਼ਕ ਅਤੇ ਮਹਾਨ ਪਟਕਥਾ-ਲੇਖਕ ਹੋ ਗੁਜ਼ਰਿਆ ਹੈ। ਭਾਰਤੀ ਸਿਨੇਮਾ ਕਥਾ- ਲੇਖਕਾਂ ਅਤੇ ਨਿਰਦੇਸ਼ਕਾਂ ਵਿੱਚੋਂ ਇੱਕ, ਬਾਸੂ ਚੈਟਰਜੀ ਨੇ ਹਿੰਦੀ ਫ਼ਿਲਮ-ਉਦਯੋਗ ਨੂੰ ਲਗਾਤਾਰ ਕੁਝ ਸੱਚੀਆਂ ਕਹਾਣੀਆਂ ਦਾ ਤੋਹਫ਼ਾ ਦਿੱਤਾ। ਹਾਲਾਂਕਿ ਉਹਦੀ ਅਸਲੀ ਪ੍ਰਤਿਭਾ ਸ਼ਾਇਦ ਇਸ ਗੱਲ ਵਿੱਚ ਮੌਜੂਦ ਸੀ ਕਿ ਉਹ ਮੱਧ ਵਰਗ ਅਤੇ ਸ਼ਹਿਰੀ ਭਾਰਤ ਨੂੰ ਹਲਕੇ- ਫੁਲਕੇ ਅਤੇ ਯਥਾਰਥਵਾਦੀ ਅੰਦਾਜ਼ ਵਿੱਚ ਪੇਸ਼ ਕਰਨ ਵਿੱਚ ਹਮੇਸ਼ਾ ਕਾਮਯਾਬ ਰਹਿੰਦਾ ਸੀ।
ਬਾਸੂ ਚੈਟਰਜੀ ਦਾ ਜਨਮ 10 ਜਨਵਰੀ 1930 ਨੂੰ ਅਜਮੇਰ (ਰਾਜਸਥਾਨ) ਵਿਖੇ ਹੋਇਆ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੈਗਜ਼ੀਨ ‘ਬਲਿਟਜ਼’ ਵਿੱਚ ਬਤੌਰ ਇਲੱਸਟ੍ਰੇਟਰ ਅਤੇ ਕਾਰਟੂਨਿਸਟ ਕੀਤੀ, ਜਿਥੇ ਉਹਨੇ ਕਰੀਬ 18 ਸਾਲ ਕੰਮ ਕੀਤਾ; ਜਦਕਿ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ 1966 ਵਿੱਚ ‘ਤੀਸਰੀ ਕਸਮ’ (ਜਿਸ ਵਿੱਚ ਰਾਜ ਕਪੂਰ ਅਤੇ ਵਹੀਦਾ ਰਹਿਮਾਨ ਦੀਆਂ ਪ੍ਰਮੁੱਖ ਭੂਮਿਕਾਵਾਂ ਸਨ) ਤੋਂ ਕੀਤੀ ਸੀ। ਇਸ ਵਿੱਚ ਉਸ ਨੇ ਬਾਸੂ ਭੱਟਾਚਾਰੀਆ ਦੇ ਸਹਾਇਕ ਵਜੋਂ ਕੰਮ ਕੀਤਾ ਸੀ। ਇਸ ਫ਼ਿਲਮ ਨੂੰ ਪਿੱਛੋਂ ਸਰਵਸ੍ਰੇਸ਼ਟ ਫੀਚਰ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ। ਉਦੋਂ ਹੀ ਉਸ ਨੇ ਫਿਲਮ-ਨਿਰਦੇਸ਼ਕ ਬਣਨ ਦਾ ਫ਼ੈਸਲਾ ਕੀਤਾ ਅਤੇ ਆਖ਼ਿਰਕਾਰ ਉਸ ਨੇ 1969 ਵਿਚ ‘ਸਾਰਾ ਆਕਾਸ਼’ ਫ਼ਿਲਮ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ।
ਉਸ ਦੀਆਂ ਫ਼ਿਲਮਾਂ ਸ਼ਹਿਰੀ ਖੇਤਰ ਦੇ ਅਕਸਰ ਮੱਧ ਵਰਗੀ ਪਰਿਵਾਰਾਂ ਦੀਆਂ ਹਲਕੀਆਂ ਫੁਲਕੀਆਂ ਕਹਾਣੀਆਂ ਨਾਲ ਜੁੜੀਆਂ ਹੁੰਦੀਆਂ ਹਨ, ਜਿਸ ਵਿਚ ਵਿਆਹੁਤਾ ਅਤੇ ਪ੍ਰੇਮ ਸੰਬੰਧਾਂ ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। 1970 ਤੋਂ 1980 ਦੇ ਦਹਾਕੇ ਦੌਰਾਨ ਉਹ ਮੱਧਮ ਸਿਨੇਮਾ ਜਾਂ ਮੱਧ ਸਿਨੇਮਾ ਦੇ ਨਾਂ ਨਾਲ ਜਾਣੇ ਜਾਣ ਵਾਲੇ ਸਿਨੇਮਾ ਨਾਲ ਜੁੜਿਆ ਰਿਹਾ। ਉਸ ਨੇ ਆਪਣੀਆਂ ਕਈ ਸਧਾਰਨ ਫ਼ਿਲਮਾਂ ਵਿੱਚ ਵੱਡੇ ਸਿਤਾਰਿਆਂ ਨੂੰ ਪੇਸ਼ ਕੀਤਾ, ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਅਜਿਹੀਆਂ ਭੂਮਿਕਾਵਾਂ ਵਿੱਚ ਕਦੇ ਨਹੀਂ ਸੀ ਵੇਖਿਆ ਗਿਆ। ਉਸ ਨੇ ‘ਸ਼ੌਕੀਨ’ ਵਿਚ ਮਿਥੁਨ ਚੱਕਰਵਰਤੀ ਨੂੰ ਰਤੀ ਅਗਨੀਹੋਤਰੀ ਨਾਲ, ‘ਸ਼ੀਸ਼ਾ’ ਵਿੱਚ ਮਿਥੁਨ ਚੱਕਰਵਰਤੀ ਨੂੰ ਮੁਨਮੁਨ ਸੇਨ ਨਾਲ, ‘ਉਸ ਪਾਰ’ ਵਿੱਚ ਵਿਨੋਦ ਮਹਿਰਾ ਨੂੰ ਮੌਸਮੀ ਚੈਟਰਜੀ ਨਾਲ, ‘ਪ੍ਰਿਯਤਮਾ’ ਵਿੱਚ ਜਤਿੰਦਰ ਨੂੰ ਨੀਤੂ ਸਿੰਘ ਨਾਲ, ‘ਮਨਪਸੰਦ’ ਵਿੱਚ ਦੇਵ ਆਨੰਦ ਨੂੰ ਟੀਨਾ ਮੁਨੀਮ ਨਾਲ, ‘ਚੱਕਰਵਿਊ’ ਵਿੱਚ ਰਾਜੇਸ਼ ਖੰਨਾ ਨੂੰ ਨੀਤੂ ਸਿੰਘ ਨਾਲ, ‘ਦਿਲਲਗੀ’ ਵਿੱਚ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਸਾਹਮਣੇ ਲਿਆਂਦਾ।
ਚੈਟਰਜੀ ਨੇ ਆਪਣੇ ਕੈਰੀਅਰ ‘ਚ ਕਈ ਬੰਗਾਲੀ ਫ਼ਿਲਮਾਂ- ਹੋਥਾਤ ਬ੍ਰਿਸ਼ਟੀ, ਹੋਚੇਚਤਾ ਕੀ ਅਤੇ ਹੋਥਾਤ ਸ਼ੇਈ ਦਿਨ ਦੇ ਨਾਲ-ਨਾਲ ਦੂਰਦਰਸ਼ਨ ਲਈ ਟੀਵੀ ਸੀਰੀਅਲ ‘ਬਿਓਮਕੇਸ਼ ਬਖਸ਼ੀ’ ਅਤੇ ‘ਰਜਨੀ’ ਦਾ ਵੀ ਨਿਰਦੇਸ਼ਨ ਕੀਤਾ। ਰਜਿਤ ਕਪੂਰ ਨੇ ਬਿਓਮਕੇਸ਼ ਬਖਸ਼ੀ ਦਾ ਕਿਰਦਾਰ ਨਿਭਾਇਆ ਸੀ। ਉਹ 1977 ਵਿੱਚ 10ਵੇਂ ਮਾਸਕੋ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ ਵਿਚ ਜਿਊਰੀ ਦਾ ਮੈਂਬਰ ਅਤੇ ‘ਏਸ਼ੀਅਨ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ’ ਦੇ ‘ਇੰਟਰਨੈਸ਼ਨਲ ਫਿਲਮ ਐਂਡ ਟੈਲੀਵਿਜ਼ਨ ਕਲੱਬ’ ਦਾ ਮੈਂਬਰ ਵੀ ਰਿਹਾ।
ਉਸ ਦੀ ਫਿਲਮੋਗ੍ਰਾਫੀ ਵਿਚ ਸਮਾਜ ਦੀ ਨੈਤਿਕਤਾ ਅਤੇ ਰੀਤੀ-ਰਿਵਾਜਾਂ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ, ਹਾਲਾਂਕਿ ਜਿਨ੍ਹਾਂ ਫ਼ਿਲਮਾਂ ਲਈ ਚੈਟਰਜੀ ਨੂੰ ਸਭ ਤੋਂ ਵਧੇਰੇ ਯਾਦ ਕੀਤਾ ਜਾਂਦਾ ਹੈ, ਉਹ ‘ਫੀਲਗੁੱਡ’ ਕਲਾਸਿਕ ਫ਼ਿਲਮਾਂ ਹਨ, ਜਿਨ੍ਹਾਂ ਵਿੱਚ ਕਾਮੇਡੀ ਲਈ ਫ਼ਿਲਮੀ ਉਦਯੋਗ ਦੀ ਧਾਰਨਾ ਨੂੰ ਬਦਲ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਆਪਣੇ ਆਪ ਵਿੱਚ ਪੂਰਨ ਮਨੋਰੰਜਨ ਵੀ ਬਣ ਗਿਆ। ਉਸਨੂੰ ਆਪਣੀਆਂ ਕਰੀਬ 32 ਫ਼ਿਲਮਾਂ, ਵਿਸ਼ੇਸ਼ ਕਰਕੇ ਉਸ ਪਾਰ, ਛੋਟੀ ਸੀ ਬਾਤ, ਚਿਤਚੋਰ, ਰਜਨੀਗੰਧਾ, ਪੀਆ ਕਾ ਘਰ, ਖੱਟਾਮੀਠਾ, ਚੱਕਰਵਿਊ, ਬਾਤੋਂ ਬਾਤੋਂ ਮੇਂ, ਪ੍ਰਿਯਤਮਾ, ਮਨਪਸੰਦ, ਹਮਾਰੀ ਬਹੂ ਅਲਕਾ, ਸ਼ੌਕੀਨ, ਅਤੇ ਚਮੇਲੀ ਕੀ ਸ਼ਾਦੀ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਚਮੇਲੀ ਕੀ ਸ਼ਾਦੀ ਉਸ ਦੁਆਰਾ ਲਿਖੀ ਆਖ਼ਰੀ ਫ਼ਿਲਮ ਸੀ, ਜੋ ਵਿਵਸਾਇਕ ਤੌਰ ਤੇ ਬਹੁਤ ਸਫ਼ਲ ਹੋਈ ਸੀ। ਉਸ ਨੇ ਬੰਗਲਾਦੇਸ਼ੀ ਫ਼ਿਲਮ ‘ਏਕ ਕੱਪ ਚਾਹ’ ਦੀ ਪਟਕਥਾ ਵੀ ਲਿਖੀ ਸੀ, ਜਿਸ ਦਾ ਨਿਰਦੇਸ਼ਨ ਨਈ ਇਮਤਿਆਜ਼ ਨੇਮੁਲ ਨੇ ਕੀਤਾ ਸੀ।
ਬਾਸੂ ਨੇ 4 ਜੂਨ 2020 ਨੂੰ 90 ਸਾਲ ਦੀ ਉਮਰ ਵਿਚ ਮੁੰਬਈ ਵਿਖੇ, ਸਾਂਤਾਕਰੂਜ਼ ਸਥਿਤ ਆਪਣੇ ਘਰ ਵਿੱਚ ਨੀਂਦ ਵਿੱਚ ਹੀ ਆਖ਼ਰੀ ਸਾਹ ਲਿਆ। ਉਸ ਦੀ ਮੌਤ ਦੀ ਵਜ੍ਹਾ ਉਮਰ ਸਬੰਧੀ ਬੀਮਾਰੀਆਂ ਦੱਸਿਆ ਗਿਆ।
ਉਸ ਨੇ ਹਿੰਦੀ ਫ਼ਿਲਮ ਉਦਯੋਗ ਨੂੰ ਕੁਝ ਖ਼ੂਬਸੂਰਤ ਕਹਾਣੀਆਂ ਦਾ ਤੋਹਫਾ ਦਿੱਤਾ ਹੈ, ਜੋ ਮੱਧ-ਵਰਗ ਅਤੇ ਸ਼ਹਿਰੀ ਭਾਰਤ ਦੇ ਬਾਰੇ ਸਾਨੂੰ ਰੂਬਰੂ ਕਰਵਾਉਂਦੀਆਂ ਹਨ, ਜਿਨ੍ਹਾਂ ਲਈ ਉਸ ਨੂੰ ਅੱਜ ਤਕ ਯਾਦ ਕੀਤਾ ਜਾਂਦਾ ਹੈ। ਬਾਸੂ ਚੈਟਰਜੀ ਨੂੰ ਕੁਝ ਮਹੱਤਵਪੂਰਨ ਸਨਮਾਨ ਵੀ ਮਿਲੇ, ਜਿਨ੍ਹਾਂ ਵਿੱਚ ਫਿਲਮ ਫੇਅਰ ਸਰਵ ਸ੍ਰੇਸ਼ਟ ਸਕਰੀਨਪਲੇਅ ਐਵਾਰਡ ‘ਸਾਰਾ ਆਕਾਸ਼’ ਲਈ (1972), ਸਰਵਸ੍ਰੇਸ਼ਟ ਫ਼ਿਲਮ ਲਈ ਫਿਲਮਫੇਅਰ ਕ੍ਰਿਟਿਕਸ ਐਵਾਰਡ ‘ਰਜਨੀਗੰਧਾ’ ਲਈ (1975), ਫਿਲਮ ਫੇਅਰ ਸਰਵਸ਼੍ਰੇਸਟ ਸਕਰੀਨ ਪਲੇਅ ਐਵਾਰਡ ‘ਛੋਟੀ ਸੀ ਬਾਤ’ ਲਈ (1976), ਫਿਲਮ ਫੇਅਰ ਸਰਵਸ਼੍ਰੇਸਟ ਨਿਰਦੇਸ਼ਕ ਐਵਾਰਡ ‘ਸਵਾਮੀ’ ਲਈ (1978), ਸਰਵਸ੍ਰੇਸ਼ਟ ਫਿਲਮ ਲਈ ਫਿਲਮਫੇਅਰ ਕ੍ਰਿਟਿਕਸ ਐਵਾਰਡ ‘ਜੀਨਾ ਯਹਾਂ’ ਲਈ (1980), ਫਿਲਮ ਫੇਅਰ ਸਰਵਸ਼੍ਰੇਸਟ ਸਕਰੀਨ ਪਲੇਅ ਐਵਾਰਡ ‘ਕਮਲਾ ਕੀ ਮੌਤ’ ਲਈ (1991), ਪਰਿਵਾਰ ਕਲਿਆਣ ਤੇ ਸਰਵਸ੍ਰੇਸ਼ਟ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਐਵਾਰਡ ‘ਦੁਰਗਾ’ ਲਈ (1992), ਆਈ ਆਈ ਐਫ ਏ ਲਾਈਫ ਟਾਈਮ ਅਚੀਵਮੈਂਟ ਐਵਾਰਡ (2007) ਆਦਿ ਸ਼ਾਮਲ ਹਨ।
ਉਸ ਦੀਆਂ ਫ਼ਿਲਮਾਂ ਸਮਾਜਿਕ ਅਤੇ ਨੈਤਿਕ ਮੁੱਦਿਆਂ ਬਾਰੇ ਵੀ ਗੱਲਬਾਤ ਕਰਦੀਆਂ ਹਨ। ਇਹ ਉਹ ਫ਼ਿਲਮਾਂ ਹਨ, ਜੋ ਲੋਕਾਂ ਦੇ ਦਿਲੋ-ਦਿਮਾਗ ਵਿੱਚ ਉਸ ਦੇ ਕੰਮ ਨੂੰ ਹਮੇਸ਼ਾ ਤਾਜ਼ਾ ਰੱਖਣਗੀਆਂ। ਬਾਸੂ ਦੀਆਂ ਦਸ ਫ਼ਿਲਮਾਂ ਜੀਵਨ ਦਾ ਸਾਰ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਸਾਰਾ ਆਕਾਸ਼ (1969), ਰਜਨੀਗੰਧਾ (1974), ਛੋਟੀ ਸੀ ਬਾਤ (1976), ਚਿੱਤ ਚੋਰ (1976), ਸਵਾਮੀ (1977), ਖੱਟਾ ਮੀਠਾ (1978), ਬਾਤੋਂ ਬਾਤੋਂ ਮੇਂ (1979), ਸ਼ੌਕੀਨ (1982), ਚਮੇਲੀ ਕੀ ਸ਼ਾਦੀ (1986) ਕਮਲਾ ਕੀ ਮੌਤ (1989) ਸ਼ਾਮਲ ਹਨ।
~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *