ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹ ਸਤਰਾਂ ਮਨੁੱਖੀ ਜੀਵਨ ਵਿੱਚ ਮਾਂ ਦੀ ਮਹੱਤਤਾ ਦਾ ਵਰਣਨ ਕਰਨ ਲਈ ਕਾਫੀ ਹੱਦ ਤੱਕ ਸਫਲ ਰਹੀਆ ਹਨ। ਇਹ ਸਤਰਾਂ ਸਾਨੂੰ ਮਾਂ ਦੇ ਬਲਿਦਾਨ ਅਤੇ ਨਿਰਪੇਖ ਪਿਆਰ ਦੀ ਯਾਦ ਦਿਵਾਉਂਦੀਆਂ ਹਨ। ਮਾਂ ਇਸ ਦੁਨੀਆ ਵਿੱਚ ਬੱਚੇ ਲਈ ਇਕ ਵਿਲੱਖਣ ਅਤੇ ਅਤੁੱਲ ਦਾਤ ਹੈ। ਮਾਂ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਉਸ ਦੀ ਸਭ ਤੋਂ ਪਹਿਲੀ ਗੁਰੂ ਵੀ ਹੁੰਦੀ ਹੈ। ਉਹ ਇਕ ਮੁਕੰਮਲ ਸੰਸਥਾ ਹੈ ਜੋ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਚੱਲਣਾ, ਬੋਲਣਾ, ਲਿਖਣਾ ਅਤੇ ਉਸ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਵਿਕਸਿਤ ਕਰਨਾ ਅਤੇ ਸਭ ਤੋਂ ਵੱਧ ਉਸ ਵਿੱਚ ਸੰਸਕਾਰ ਪੈਦਾ ਕਰਦੀ ਹੈ। ਇੱਕ ਮਾਂ ਦੀ ਜ਼ਿੰਦਗੀ ਸਿਰਫ ਆਪਣੇ ਬੱਚੇ ਦੁਆਲੇ ਘੁੰਮਦੀ ਹੈ। ਮਾਂ ਹੀ ਹੈ ਜੋ ਬੱਚੇ ਨੂੰ ਬਿਹਤਰ ਇਨਸਾਨ ਬਣਾਉਂਦੀ ਹੈ। ਬੱਚੇ ਲਈ ਮਾਂ ਉਸ ਦੀ ਦੋਸਤ ਵੀ ਹੈ ਅਤੇ ਗਿਆਨ ਦਾ ਖਜ਼ਾਨਾ ਵੀ। ਉਹ ਮਾਂ ਤੋਂ ਹੀ ਪਿਆਰ, ਖਿਮਾ, ਮਾਨਵਤਾ, ਬਰਾਬਰੀ, ਸਨਮਾਨ, ਦਯਾ ਅਤੇ ਅਨੁਸ਼ਾਸਨ ਸਿੱਖਦਾ ਹੈ। ਮਾਂ ਬੱਚੇ ਦੇ ਸਰੀਰਕ, ਬੋਧਿਕ, ਮਾਨਸਿਕ, ਭਾਵਨਾਤਮਕ ਅਤੇ ਆਰਥਿਕ ਵਿਕਾਸ ਲਈ ਸਹਾਈ ਹੁੰਦੀ ਹੈ। ਇਕ ਮਾਂ ਦਾ ਨਿਰਪੇਖ ਪਿਆਰ ਬੱਚੇ ਨੂੰ ਅਨੁਸ਼ਾਸਨ ਵਿੱਚ ਰਹਿਣਾ, ਸਮਾਜ ਵਿੱਚ ਵਧੀਆ ਢੰਗ ਨਾਲ ਵਿਚਰਨਾ, ਦੂਸਰਿਆਂ ਪ੍ਰਤੀ ਸਨਮਾਨ ਦੀ ਭਾਵਨਾ, ਵਿਚਾਰਸ਼ੀਲ ਅਤੇ ਸੰਵੇਦਨਸ਼ੀਲ ਵਿਵਹਾਰ ਕਰਨਾ ਅਤੇ ਸਖ਼ਤ ਮਿਹਨਤ ਕਰਨਾ ਸਿਖਾਉਂਦਾ ਹੈ। ਇਕ ਬੱਚਾ ਬਚਪਨ ਵਿਚ ਸਭ ਤੋਂ ਜ਼ਿਆਦਾ ਸਮਾਂ ਆਪਣੀ ਮਾਂ ਨਾਲ ਗੁਜ਼ਾਰਦਾ ਹੈ। ਇਸ ਲਈ ਉਸ ਦੇ ਵਿਅਕਤੀਤਵ ਨਿਰਮਾਣ ਵਿੱਚ ਸਭ ਤੋਂ ਵੱਡੀ ਭੂਮਿਕਾ ਮਾਂ ਦੀ ਹੁੰਦੀ ਹੈ।
ਮਾਂ-ਬੱਚੇ ਦਾ ਸੰਬੰਧ ਉਸ ਦੇ ਭਾਵਨਾਤਮਕ ਵਿਕਾਸ ਲਈ ਬਹੁਤ ਜ਼ਰੂਰੀ ਹੈ। ਡਾਕਟਰ ਪਾਸਕੋ ਫੀਰਨ ਜੋ ਕਿ “ਸਕੂਲ ਆੱਫ ਸਾਈਕੋਲੋਜੀ ਐਂਡ ਕਲੀਨਿਕਲ ਲੈਂਗਵੇਜ ਸਾਇੰਸਿਜ਼” ਦੇ ਮੁੱਖ ਮਨੋਵਿਗਿਆਨੀ ਹਨ ਉਨ੍ਹਾਂ ਨੇ ਛੇ ਹਜ਼ਾਰ ਬੱਚਿਆਂ ਤੇ ਖੋਜ ਕੀਤੀ ਅਤੇ ਇਸ ਨਤੀਜੇ ਤੇ ਪਹੁੰਚੇ ਕਿ ਜਿਨ੍ਹਾਂ ਬੱਚਿਆਂ ਦਾ ਆਪਣੀ ਮਾਂ ਨਾਲ ਅਸੁਰੱਖਿਅਤ ਪਿਆਰ ਹੈ ਉਹਨਾਂ ਦੇ ਜੀਵਨ ਵਿਚ ਕਈ ਵਿਵਹਾਰ ਸੰਬੰਧੀ ਮੁਸ਼ਕਲਾਂ ਵਿਕਸਿਤ ਹੋ ਜਾਂਦੀਆਂ ਹਨ। ਇਕ ਹੋਰ ਮਨੋਵਿਗਿਆਨੀ ਡਾਕਟਰ ਲੈਸਲੀ ਐਟਕਿਨਸਨ ਦੀ ਖੋਜ ਅਨੁਸਾਰ ਮਾਂ ਦੇ ਪਿਆਰ ਦਾ ਸਿੱਧਾ ਪ੍ਰਭਾਵ ਬੱਚੇ ਦੀ ਸਰੀਰਕ, ਮਾਨਸਿਕ ਅਤੇ ਸਮਾਜਕ ਵਿਕਾਸ ਤੇ ਪੈਂਦਾ ਹੈ। ਉਨ੍ਹਾਂ ਦੇ ਸਬੰਧ ਦੀ ਮਜ਼ਬੂਤੀ ਜਾਂ ਕਮੀ ਬੱਚੇ ਦੇ ਸਰੀਰ ਵਿੱਚ ਕੌਰਟੀਸੋਲ ਨਾਂ ਦਾ ਤਣਾਅ ਹਾਰਮੋਨ ਪੈਦਾ ਕਰਦੀ ਹੈਂ। ਇਸ ਤਰ੍ਹਾਂ ਬੱਚੇ ਅਤੇ ਮਾਂ ਦੇ ਪਿਆਰ ਦਾ ਨਿੱਘ ਉਸ ਦੀ ਜ਼ਿੰਦਗੀ ਦੀ ਦਿਸ਼ਾ ਨੂੰ ਹੀ ਬਦਲ ਦਿੰਦਾ ਹੈ।
ਮਾਵਾਂ ਤੋਂ ਬਿਨਾਂ ਜੀਵਨ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਮਾਵਾਂ ਦੀ ਹੋਂਦ ਦੀ ਮਹੱਤਤਾ ਸਭ ਤੋਂ ਵੱਧ ਉਹਨਾਂ ਬੱਚਿਆਂ ਨੂੰ ਹੁੰਦੀ ਹੈ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਨੂੰ ਬਚਪਨ ਵਿਚ ਛੱਡ ਕੇ ਚਲੀਆਂ ਜਾਂਦੀਆਂ ਹਨ। ਭਾਰਤੀ ਸੰਸਕ੍ਰਿਤੀ ਵਿੱਚ ਮਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਜਦੋਂ ਵੀ ਬੱਚੇ ਨੂੰ ਕੋਈ ਤਕਲੀਫ ਜਾਂ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮਾਂ ਹੀ ਹੈ ਜੋ ਆਪਣੇ ਬੱਚੇ ਦੀ ਢਾਲ ਬਣ ਕੇ ਉਸ ਦੀ ਰੱਖਿਆ ਕਰਦੀ ਹੈ। ਮਾਂ ਤੋਂ ਵਧ ਕੇ ਦੁਨੀਆਂ ਵਿੱਚ ਕੋਈ ਅਨਮੋਲ ਖ਼ਜ਼ਾਨਾ ਨਹੀਂ ਹੈ। ਮਾਂ ਦਾ ਜੀਵਨ ਬੱਚੇ ਦੀ ਭਲਾਈ ਅਤੇ ਸੁਰੱਖਿਆ ਲਈ ਸਮਰਪਿਤ ਰਹਿੰਦਾ ਹੈ। ਮਾਂ ਦਾ ਸਹੀ ਮਾਰਗ ਦਰਸ਼ਨ ਇਕ ਬੱਚੇ ਨੂੰ ਮਹਾਨ ਬਣਾਉਂਦਾ ਹੈ। ਮਾਂ ਦਾ ਹੱਦ ਤੋਂ ਵੱਧ ਪਿਆਰ ਬੱਚੇ ਨੂੰ ਜ਼ਿੱਦੀ ਬਣਾ ਦਿੰਦਾ ਹੈ ਅਤੇ ਉਹ ਸਹੀ ਰਾਹ ਤੋਂ ਭਟਕ ਵੀ ਸਕਦਾ ਹੈ।
ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਣਾਂ ਮੌਜੂਦ ਹਨ ਜਿਸ ਵਿਚ ਮਾਂ ਦੇ ਅਣਥੱਕ ਤਿਆਗ ਅਤੇ ਸਮਰਪਣ ਸਦਕਾ ਬੱਚੇ ਦੁਨੀਆਂ ਦੇ ਮਹਾਨ ਨਾਇਕ ਬਣ ਕੇ ਉਭਰੇ ਹਨ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਆਪਣੀ ਪੂਰੀ ਜ਼ਿੰਦਗੀ, ਆਪਣੀਆਂ ਪ੍ਰਾਪਤੀਆਂ ਅਤੇ ਸਫਲਤਾਵਾਂ ਆਪਣੀ ਮਾਂ ਨੂੰ ਸਮਰਪਿਤ ਕਰਦੇ ਹੋਏ ਕਹਿੰਦੇ ਹਨ, “ਮੇਰੀ ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਸੀ ਮੈਂ ਆਪਣੀ ਸਫਲਤਾ ਉਸ ਨੈਤਿਕ, ਬੌਧਿਕ ਅਤੇ ਸਰੀਰਕ ਸਿੱਖਿਆ ਨੂੰ ਸਮਰਪਿਤ ਕਰਦਾ ਹਾਂ ਜੋ ਮੈਨੂੰ ਉਨ੍ਹਾਂ ਤੋਂ ਮਿਲੀ।” ਇਸੇ ਤਰ੍ਹਾਂ ਟਾੱਮਮ ਐਡੀਸਨ, ਜਿਨ੍ਹਾਂ ਨੇ ਇਲੈਕਟ੍ਰਿਕ ਬਲਬ ਦੀ ਕਾਢ ਕੱਢੀ; ਅਬਰਾਹਮ ਲਿੰਕਨ, ਅਮਰੀਕਾ ਦੇ ਰਾਸ਼ਟਰਪਤੀ; ਪਾਬਲੋ ਪਿਕਾਸੋ ਜੋ ਵਿਸ਼ਵ ਪ੍ਰਸਿੱਧ ਚਿੱਤਰਕਾਰ ਅਤੇ ਮੂਰਤੀਕਾਰ ਸੀ, ਆਪਣੀ ਸਫਲਤਾ ਦਾ ਜ਼ਿੰਮੇਵਾਰ ਮਾਂ ਨੂੰ ਮੰਨਿਆ। ਇਸ ਤਰ੍ਹਾਂ ਦੀਆਂ ਦੁਨੀਆਂ ਵਿਚ ਅਣਗਿਣਤ ਉਦਾਹਰਣਾਂ ਮਿਲ ਜਾਣਗੀਆਂ ਜਿਸ ਵਿਚ ਅਸੀਂ ਇੱਕ ਬੱਚੇ ਦੇ ਜੀਵਨ ਨਿਰਮਾਣ ਵਿੱਚ ਮਾਂ ਦੀ ਸਖਤ ਮਿਹਨਤ ਅਤੇ ਪਿਆਰ ਨੂੰ ਦੇਖ ਸਕਦੇ ਹਾਂ। ਗੁਰਭਜਨ ਗਿੱਲ ਦੀ ਕਵਿਤਾ “ਮੇਰੀ ਮਾਂ ਤਾਂ ਰੱਬ ਦੀ ਕਵਿਤਾ” ਦੀਆਂ ਇਹ ਸਤਰਾਂ ਬਿਲਕੁਲ ਢੁੱਕਵੀਂ ਬੈਠਦੀਆਂ ਹਨ ਜਦੋਂ ਉਹ ਕਹਿੰਦੇ ਹਨ:
ਮਾਂ ਦੇ ਪਿਆਰ ਤਰੌਕੇ ਸਦਕਾ
ਹਰ ਪਰਬਤ ਤੇ ਚੜ ਲੈਂਦਾ ਹਾਂ।
ਸੂਰਜ ਤੀਕ ਪਹੁੰਚਦੀ ਪੌੜੀ
ਸ਼ਬਦਾਂ ਨਾਲ ਹੀ ਘੜ ਲੈਂਦਾ ਹਾਂ।
ਮਾਂ ਦੇ ਅਤੂੱਲ ਪਿਆਰ ਅਤੇ ਨਿਰਸੁਆਰਥ ਸਮਰਪਣ ਨੂੰ ਸਲਾਮ ਕਰਨ ਲਈ ਹਰ ਸਾਲ ਮਈ ਦੇ ਦੂਸਰੇ ਐਤਵਾਰ ਨੂੰ ‘ਮਦਰਜ਼ ਡੇ’ ਜਾਂ ‘ਮਾਂ ਦਿਵਸ’ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਅਮਰੀਕਾ ਦੀ ਏਨਾ ਐਮ ਜਾਰਵਿਸ ਨੇ ਕੀਤੀ। ਆਪਣੀ ਮਾਂ ਦੀ ਮੌਤ ਤੋਂ 2 ਸਾਲ ਬਾਅਦ ਉਸ ਨੇ ਇੱਕ ਅਭਿਆਨ ਚਲਾਇਆ ਅਤੇ ‘ਮਦਰਜ਼ ਡੇ’ ਦੀ ਰਾਸ਼ਟਰੀ ਛੁੱਟੀ ਕਰਵਾਉਣ ਲਈ ਲੋਕਾਂ ਦਾ ਸਮਰਥਨ ਹਾਸਲ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ਅਕਸਰ ਬੱਚੇ ਮਾਂ ਦੇ ਯੋਗਦਾਨ ਨੂੰ ਭੁਲਾ ਦਿੰਦੇ ਹਨ। ਉਹ ਚਾਹੁੰਦੀ ਸੀ ਕਿ ਜਦੋਂ ਮਾਂ ਜਿੰਦਾ ਹੋਵੇ ਉਦੋਂ ਬੱਚੇ ਉਸ ਦਾ ਸਨਮਾਨ ਕਰਨ ਅਤੇ ਉਸ ਦੇ ਵਿਲੱਖਣ ਯੋਗਦਾਨ ਲਈ ਉਸ ਦੀ ਪ੍ਰਸ਼ੰਸਾ ਕਰਨ। ਇਸ ਨਾਲ ਪਰਿਵਾਰ ਵਿੱਚ ਸਾਂਝੀਵਾਲਤਾ ਵਧੇਗੀ। 8 ਮਈ 1914 ਨੂੰ ਅਮਰੀਕਾ ਦੇ ਰਾਸ਼ਟਰਪਤੀ ਵੁਡੋ ਵਿਲਸਨ ਨੇ ਹਰ ਸਾਲ ਮਈ ਦੇ ਦੂਸਰੇ ਐਤਵਾਰ ਨੂੰ ‘ਮਾਂ ਦਿਵਸ’ ਵਜੋਂ ਮਨਾਉਣਾ ਘੋਸ਼ਿਤ ਕੀਤਾ।
ਮਾਂ ਦੇ ਨਿਸਵਾਰਥ ਪਿਆਰ ਨੂੰ ਕੋਈ ਸੰਸਕਾਰਿਤ ਬੱਚਾ ਕਦੇ ਭੁਲਾ ਨਹੀਂ ਸਕਦਾ। ਇਕ ਮਾਂ ਬੱਚੇ ਨੂੰ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਡਟ ਕੇ ਸਾਹਮਣਾ ਕਰਨਾ ਸਿਖਾਉਂਦੀ ਹੈ। ਉਹ ਖੁਦ ਬਹੁਤ ਸਾਰੇ ਦੁੱਖ ਸਹਿ ਕੇ ਬੱਚੇ ਦੇ ਸੁੱਖ ਦੀ ਕਾਮਨਾ ਕਰਦੀ ਹੈ। ਖੁੱਦ ਗਿੱਲੀ ਥਾਂ ਤੇ ਸੌਂ ਕੇ ਆਪਣੇ ਬੱਚੇ ਨੂੰ ਸੁੱਕੀ ਥਾਂ ਤੇ ਸੁਲਾਉਂਦੀ ਹੈ। ਪਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਹ ਬੱਚਾ ਮਾਂ ਦੇ ਉਪਕਾਰਾਂ ਨੂੰ ਭੁੱਲ ਜਾਂਦਾ ਹੈ। ਵੱਡਾ ਹੋ ਕੇ ਪੈਸੇ ਜਾਂ ਸਫਲਤਾ ਦੇ ਨਸ਼ੇ ਵਿੱਚ ਮਾਂ-ਬਾਪ ਨੂੰ ਬਿਰਧ ਆਸ਼ਰਮ ਵਿੱਚ ਭੇਜ ਦਿੰਦਾ ਹੈ। ਜੋ ਬੱਚੇ ਆਪਣੇ ਮਾਂ ਬਾਪ ਦਾ ਅਪਮਾਨ ਕਰਦੇ ਹਨ ਅਤੇ ਉਨ੍ਹਾਂ ਦੇ ਉਪਕਾਰਾਂ ਨੂੰ ਵਿਸਾਰਦੇ ਹਨ। ਜ਼ਿੰਦਗੀ ਵਿਚ ਕਦੇ ਖੁਸ਼ ਨਹੀਂ ਰਹਿ ਸਕਦੇ। ਭਗਵਾਨ ਵੀ ਉਨ੍ਹਾਂ ਤੋਂ ਕਦੇ ਖੁਸ਼ ਨਹੀਂ ਹੋ ਸਕਦੇ।
‘ਮਾਂ ਦਿਵਸ’ ਮਨਾਉਣ ਦਾ ਮੰਤਵ ਸਿਰਫ ਬੱਚਿਆਂ ਨੂੰ ਆਪਣੀ ਮਾਂ ਪ੍ਰਤੀ ਉਸਦੇ ਫਰਜ਼ ਯਾਦ ਦਿਲਾਉਣਾ ਸੀ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਕੱਲ ਇਹ ਸਿਰਫ ਦਿਖਾਵੇ ਦਾ ਜ਼ਰੀਆ ਬਣ ਗਿਆ ਹੈ। ਕੀ ਆਪਣੀ ਮਾਂ ਨੂੰ ਸਾਲ ਵਿੱਚ ਇੱਕ ਵਾਰ ਧੰਨਵਾਦ ਕਹਿਣਾ ਜਾਂ ਭੇਂਟ ਦੇਣਾ ਕਾਫੀ ਹੈ ਉਸ ਦੇ ਅਣਗਿਣਤ ਅਹਿਸਾਨਾਂ ਲਈ ਜੋ ਉਹ ਸਾਡੇ ਜਨਮ ਤੋਂ ਪਹਿਲਾਂ ਤੋਂ ਸਾਰੀ ਜ਼ਿੰਦਗੀ ਕਰਦੀ ਆ ਰਹੀ ਹੈ? ਬਿਲਕੁਲ ਨਹੀਂ। ਇਸ ਲਈ ਸਿਰਫ ‘ਮਦਰਜ਼ ਡੇ’ ਵਾਲੇ ਦਿਨ ਆਪਣੀ ਮਾਂ ਨੂੰ ਖੁਸ਼ ਕਰਨ ਲਈ ਕੋਈ ਸੁਗਾਤ ਦੇਣਾ ਉਸ ਦੇ ਤਿਆਗ ਅਤੇ ਸਮਰਪਣ ਲਈ ਕਾਫੀ ਨਹੀਂ ਹੈ ਸਾਡੇ ਲਈ ਹਰ ਦਿਨ ‘ਮਾਂ ਦਿਵਸ’ ਹੋਣਾ ਚਾਹੀਦਾ ਹੈ। ਆਓ ਅਸੀਂ ਸਾਰੇ ਦਿਲੋਂ ਆਪਣੀ ਮਾਂ ਦਾ ਸਤਿਕਾਰ ਕਰੀਏ ਅਤੇ ਉਸ ਦੇ ਪਿਆਰ ਅਤੇ ਭਾਵਨਾਵਾਂ ਦੀ ਕਦਰ ਕਰੀਏ ਕਿਉਂਕਿ ਮਾਂ ਵਿਚ ਭਗਵਾਨ ਦਾ ਵਾਸ ਹੁੰਦਾ ਹੈ।
ਪੂਜਾ ਸ਼ਰਮਾ
ਸਟੇਟ ਅਵਾਰਡੀ ਅੰਗਰੇਜ਼ੀ ਲੈਕਚਰਾਰ
ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ
Leave a Comment
Your email address will not be published. Required fields are marked with *