ਕੋਟਕਪੂਰਾ, 1 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
“ਮਾਪੇ-ਅਧਿਆਪਕ” ਮਿਲਣੀ ਵਿਦਿਆਰਥੀ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ, ਜਿਸ ਵਿੱਚ ਅਧਿਆਪਕ ਅਤੇ ਬੱਚੇ ਦੇ ਮਾਪਿਆਂ ਵਿੱਚ ਨਿਰੰਤਰ ਸੰਪਰਕ ਚਲਦਾ ਰਹਿੰਦਾ ਹੈl ਇਸ ਮਿਲਣੀ ਵਿੱਚ ਉਹ ਸਕੂਲ ਅਤੇ ਘਰ ਵਿੱਚ ਬੱਚੇ ਦੁਆਰਾ ਹੋ ਰਹੀਆਂ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਚਰਚਾ ਕਰ ਸਕਦੇ ਹਨ ਅਤੇ ਇਹ ਪਤਾ ਲਗਾ ਸਕਦੇ ਹਨ ਕਿ ਬੱਚੇ ਨੂੰ ਇੱਕ ਸਿਹਤਮੰਦ ਵਾਤਾਵਰਣ ਵਿੱਚ ਵੱਡੇ ਹੋਣ ਲਈ ਇਸ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ। ਅਜਿਹੀਆਂ ਗਤੀਵਿਧੀਆਂ ‘ਤੇ ਚਰਚਾ ਕਰਨ ਲਈ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆl ਇਸ ਮੌਕੇ ‘ਤੇ ਪਹੁੰਚਣ ਵਾਲੇ ਮਾਪਿਆਂ ਵੱਲੋਂ ਅਧਿਆਪਕਾਂ ਨਾਲ ਬੱਚਿਆਂ ਦੀਆਂ ਕਾਰਗੁਜ਼ਾਰੀਆਂ ਉੱਤੇ ਚਰਚਾ ਕੀਤੀ ਗਈ l ਜਿੱਥੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਲਏ ਗਏ ਆਨਲਾਈਨ ਪੇਪਰਾਂ ਦੇ ਅਧਾਰ ‘ਤੇ ਤਿਆਰ ਕੀਤੇ ਰਿਜ਼ਲਟ ਨੂੰ ਪੇਸ਼ ਕੀਤਾ ਗਿਆ, ਉੱਥੇ ਹੀ ਛੁੱਟੀਆਂ ਦਾ ਕੰਮ ਵੀ ਪ੍ਰਦਾਨ ਕੀਤਾ ਗਿਆl ਇਸ ਮਿਲਣੀ ਸਮੇਂ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਜੀ ਵੱਲੋਂ ਮਾਪਿਆਂ ਨਾਲ ਖਾਸ ਤੌਰ ‘ਤੇ ਮਿਲਣੀ ਕੀਤੀ ਗਈ, ਜਿਸ ਵਿੱਚ ਪ੍ਰਿੰਸੀਪਲ ਧਵਨ ਕੁਮਾਰ ਨੇ ਮਾਪਿਆਂ ਨਾਲ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਹੋਰ ਕੋਸ਼ਿਸ਼ਾਂ ਅਤੇ ਸਹਿਯੋਗ ਦੇ ਨਾਲ ਬੱਚਿਆਂ ਦੀ ਕਾਰਗੁਜ਼ਾਰੀ ਵਿੱਚ ਵਾਧਾ ਕਰ ਸਕਦੇ ਹਾਂl ਉਹਨਾਂ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਵਾਰ ਦੀਆਂ ਛੁੱਟੀਆਂ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਛੁੱਟੀਆਂ ਦੌਰਾਨ ਨੈਤਿਕ ਕੀਮਤਾਂ, ਚੰਗੀਆਂ ਆਦਤਾਂ, ਵੱਡਿਆਂ ਦਾ ਸਤਿਕਾਰ ਕਰਨਾ, ਆਂਢ-ਗੁਆਂਢ ਨਾਲ਼ ਭਾਈਚਾਰਕ ਸਾਂਝ ਬਣਾ ਕੇ ਰੱਖਣਾ, ਕਿਰਸਾਨੀ ਜੀਵਨ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣਾ ਆਦਿ ਵਿਸ਼ਿਆਂ ਉੱਤੇ ਚਰਚਾ ਕਰਨਗੇ ਤਾਂ ਕਿ ਬੱਚਿਆਂ ਅੰਦਰ ਨਿਮਰਤਾ ਭਾਵਨਾ ਪੈਦਾ ਹੋ ਸਕੇ ਅਤੇ ਬੱਚੇ ਹਰ ਮਾਹੌਲ ਵਿੱਚ ਸਮਾਯੋਜਨ ਕਰਨ ਦੇ ਯੋਗ ਹੋ ਜਾਣl ਇਸ ਤੋਂ ਇਲਾਵਾ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਸਟਾਫ਼ ਵੱਲੋਂ ਅਧਿਆਪਕ ਮਾਪੇ ਮਿਲਣੀ ‘ਤੇ ਆਉਣ ਵਾਲੇ ਸਾਰੇ ਮਹਿਮਾਨ ਮਾਪਿਆਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਦਾ ਇੰਤਜ਼ਾਮ ਵੀ ਕੀਤਾ ਗਿਆl
Leave a Comment
Your email address will not be published. Required fields are marked with *