ਬੱਚਿਆਂ ਦਾ ਨੈਤਿਕ ਕਦਰਾਂ-ਕੀਮਤਾਂ ਵੱਲ ਧਿਆਨ ਵਧਾਉਣ ਲਈ ਮਾਪਿਆਂ ਤੋਂ ਕਰਵਾਇਆ ਗਿਆ ਪ੍ਰਣ
ਕੋਟਕਪੂਰਾ, 4 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਮਾਪੇ- ਅਧਿਆਪਕ ਮਿਲਣੀ’ ਵਿਦਿਆਰਥੀ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ, ਜਿਸ ਵਿੱਚ ਅਧਿਆਪਕ ਅਤੇ ਬੱਚੇ ਦੇ ਮਾਪਿਆਂ ਵਿੱਚ ਨਿਰੰਤਰ ਸੰਪਰਕ ਚਲਦਾ ਰਹਿੰਦਾ ਹੈl ਇਸ ਮਿਲਣੀ ਵਿੱਚ ਉਹ ਸਕੂਲ ਅਤੇ ਘਰ ਵਿੱਚ ਬੱਚੇ ਵੱਲੋਂ ਹੋ ਰਹੀਆਂ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਚਰਚਾ ਕਰ ਸਕਦੇ ਹਨ, ਅਤੇ ਇਹ ਪਤਾ ਲਗਾ ਸਕਦੇ ਹਨ ਕਿ ਬੱਚੇ ਨੂੰ ਇੱਕ ਸਿਹਤਮੰਦ ਵਾਤਾਵਰਣ ਵਿੱਚ ਵੱਡੇ ਹੋਣ ਲਈ ਇਸ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈl ਨਾਲ ਹੀ ਨਾਲ ਜੁਲਾਈ ਮਹੀਨੇ ਦੀਆਂ ਪੀ ਟੀ-2 ਪ੍ਰੀਖਿਆਵਾਂ ਦਾ ਰਿਜ਼ਲਟ ਸਾਂਝਾ ਕਰਨ ਦੇ ਲਈ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਮੋਗਾ ਵਿਖ਼ੇ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ, ਮੌਕੇ ‘ਤੇ ਪਹੁੰਚਣ ਵਾਲੇ ਮਾਪਿਆਂ ਵੱਲੋਂ ਅਧਿਆਪਕਾਂ ਨਾਲ ਬੱਚਿਆਂ ਦੀਆਂ ਕਾਰਗੁਜ਼ਾਰੀਆਂ ਉੱਤੇ ਚਰਚਾ ਕੀਤੀ ਗਈ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਪੀ.ਟੀ.-2 ਪ੍ਰੀਖਿਆਵਾਂ ਦੇ ਅਧਾਰ ‘ਤੇ ਤਿਆਰ ਕੀਤੇ ਰਿਜ਼ਲਟ ਨੂੰ ਪੇਸ਼ ਕੀਤਾ ਗਿਆl ਇਸ ਮਿਲਣੀ ਸਮੇਂ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਵੱਲੋਂ ਮਾਪਿਆਂ ਨਾਲ ਖਾਸ ਤੌਰ ‘ਤੇ ਮਿਲਣੀ ਕੀਤੀ ਗਈ, ਜਿਸ ਵਿੱਚ ਧਵਨ ਕੁਮਾਰ ਨੇ ਮਾਪਿਆਂ ਨਾਲ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਹੋਰ ਕੋਸ਼ਿਸ਼ਾਂ ਅਤੇ ਸਹਿਯੋਗ ਨਾਲ ਬੱਚਿਆਂ ਦੀ ਕਾਰਗੁਜ਼ਾਰੀ ਵਿੱਚ ਵਾਧਾ ਕਰ ਸਕਦੇ ਹਾਂl ਉਹਨਾਂ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚਿਆਂ ਦਾ ਰੋਜ਼ਾਨਾ ਸਕੂਲ ਆਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਨੇੜੇ ਆ ਰਹੀਆਂ ਛਿਮਾਹੀ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾ ਸਕੇl ਉਹਨਾਂ ਕਿਹਾ ਕਿ ਸਾਰੇ ਮਾਪੇ ਪ੍ਰਣ ਕਰਨ ਕਿ ਆਪਣੇ ਬੱਚਿਆਂ ਨੂੰ ਨੈਤਿਕ ਕੀਮਤਾਂ, ਚੰਗੀਆਂ ਆਦਤਾਂ, ਵੱਡਿਆਂ ਦਾ ਸਤਿਕਾਰ ਕਰਨਾ, ਆਂਢ-ਗੁਆਂਢ ਨਾਲ਼ ਭਾਈਚਾਰਕ ਸਾਂਝ ਬਣਾ ਕੇ ਰੱਖਣ, ਕਿਰਸਾਨੀ ਜੀਵਨ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਆਦਿ ਵਿਸ਼ਿਆਂ ਉੱਤੇ ਚਰਚਾ ਕਰਨ ਤਾਂ ਕਿ ਬੱਚਿਆਂ ਅੰਦਰ ਨਿਮਰਤਾ ਭਾਵਨਾ ਪੈਦਾ ਹੋ ਸਕੇ ਅਤੇ ਬੱਚੇ ਹਰ ਮਾਹੌਲ ਵਿੱਚ ਸਮਾਯੋਜਨ ਕਰਨ ਦੇ ਯੋਗ ਹੋ ਜਾਣl ਮਾਪਿਆਂ ਨੇ ਪ੍ਰਿੰਸੀਪਲ ਧਵਨ ਕੁਮਾਰ ਦੇ ਵਿਚਾਰਾਂ ਦੀ ਹਾਮੀ ਭਰਦਿਆਂ ਉਹਨਾਂ ਦਾ ਸਹਿਯੋਗ ਕਰਨ ਲਈ ਆਪਣੇ ਆਪ ਨੂੰ ਹਰ ਸਮੇਂ ਤਿਆਰ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਦੀ ਅਰਦਾਸ ਕਰਦੇ ਹੋਏ ਸਕੂਲ ਮੁਖੀ ਅਤੇ ਅਧਿਆਪਕ ਵਰਗ ਦਾ ਸਮਰਥਨ ਕਰਦੇ ਹਨl