ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਮਾਸਟਰ ਸੀਤ ਮੁਹੰਮਦ ਬਤੌਰ ਆਰਟ / ਕਰਾਫਟ ਟੀਚਰ ਸਰਕਾਰੀ ਹਾਈ ਸਕੂਲ਼ ਮੰਡੋਰ (ਪਟਿਆਲਾ) ਹੁਣ ਸ.ਸ.ਸ.ਸ. ਮੰਡੋਰ ਸਕੂਲ ਜਿਲ੍ਹਾ ਪਟਿਆਲਾ ਤੋਂ 31 ਮਾਰਚ 2008 ਨੂੰ ਰਿਟਾਇਰ ਹੋ ਚੁੱਕੇ ਹਨ। ਇਹਨਾਂ ਦਾ ਜਨਮ ਪਿੰਡ ਘਣੀਵਾਲ ਜਿਲ੍ਹਾ ਪਟਿਆਲਾ ਵਿਖੇ 15 ਜੂਨ 1949 ਨੂੰ ਮਾਤਾ ਸਵ: ਸ੍ਰੀਮਤੀ ਬਚਨ ਕੌਰ ਦੀ ਕੁੱਖ ਤੋਂ ਹੋਇਆ। ਆਪ ਦੇ ਪਿਤਾ ਸਵ: ਸ੍ਰੀ ਹੁਸਨਦੀਨ ਇੱਕ ਕਿਰਤੀ ਇਨਸਾਨ ਸਨ।ਸੀਤ ਮੁਹੰਮਦ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ।ਅਗਲੀ ਪੜ੍ਹਾਈ ਉਸ ਨੇ ਸਰਕਾਰੀ ਹਾਈ ਸਕੂਲ ਮਲੇ੍ਹਵਾਲ ਤੋਂ ਕਰਦੇ ਹੋਏ ਉਨ੍ਹਾਂ ਦੇ ਪਿਤਾ ਜੀ ਦੀ ਦਸਵੀਂ ‘ਚ ਪੜ੍ਹਦੇ ਹੋਏ ਟੋਕੇ ਕਰਨ ਵਾਲੀ ਮਸ਼ੀਨ ‘ ਬਾਂਹ ਵੱਢੀ ਗਈ ।ਜ਼ਮੀਨ ਠੇਕੇ ਉੱਪਰ ਲੈਕੇ ਪਿਤਾ ਜੀ ਖੇਤੀਬਾੜੀ ਕਰਦੇ ਸੀ ਜਿਸ ਵਿੱਚ ਸੀਤ ਮੁਹੰਮਦ ਪੂਰਾ ਸਾਥ ਦਿੰਦੇ ਸੀ । ਹੁਣ ਸਾਰੀ ਜਿੰਮੇਵਾਰੀ ਛੋਟੀ ਉਮਰੇ ਹੀ ਉਸ ਉੱਪਰ ਆ ਪਈ । ਸਕੂਲੋਂ ਹੱਟਣ ਦੀ ਨੌਬਤ ਆ ਗਈ ਪਰ ਅਧਿਆਪਕਾਂ ਕਹਿਣ ਤੇ ਦਸਵੀਂ ਦੀ ਪੜ੍ਹਾਈ ਜਾਰੀ ਰੱਖਦੇ ਹੋਏ ਔਖਿਆਈ ਦੇ ਨਾਲ 1968 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰ ਲਈ ਪਰ ਘਰ ਦੀ ਆਰਥਿਕ ਮਜਬੂਰੀ ਕਾਰਨ ਅੱਗੇ ਪੜ੍ਹਨ ਜਾਂ ਕੋਈ ਕੋਰਸ ਕਰਨ ਦੀ ਸਮਰੱਥਾ ਨਹੀਂ ਸੀ ।ਗੁਆਂਢੀ ਮਾਸਟਰ ਸਵ: ਸ੍ਰ. ਹਰਮਿੰਦਰ ਸਿੰਘ ਨੇ ਇਸ ਔਖੀ ਘੜੀ ‘ਚ ਬਹੁਤ ਸਾਥ ਦਿੱਤਾ । ਉਨ੍ਹਾਂ ਨੇ ਸੀਤ ਮੁਹੰਮਦ ਨੂੰ ਅਧਿਆਪਕ ਬਣਨ ਦਾ ਸੁਪਨਾ ਦਿਖਾਇਆ । ਉਸ ਨੇਕ ਇਨਸਾਨ ਨੇ ਉਸ ਦੇ ਪਿਤਾ ਨੂੰ ਸਮਝਾ ਕੇ ਸੀਤ ਮੁਹੰਮਦ ਨੂੰ ਨਾਭੇ ਟੀਚਰ ਦਾ ਕੋਰਸ ਕਰਵਾਉਣ ਲਈ ਉਸ ਨੂੰ ਨਾਲ ਲਿਜਾ ਕੇ ਸਰਕਾਰੀ ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਸੰਸ਼ਥਾ ਵਿਖੇ 1968 ਵਿੱਚ ਹੀ ਦੋ ਸਾਲਾ ਟੀਚਰ ਡਪਲੋਮੇ ‘ਚ ਦਾਖਲਾ ਦਿਵਾ ਕੇ ਆਪ ਹੀ ਜੇਬ ‘ਚੋਂ ਫੀਸ਼ ਭਰ ਦਿੱਤੀ । ਘਰ ਦੀ ਗਰੀਬੀ ਨੇ ਹੁਣ ਥੋੜੀ ਜਮੀਨ ਠੇਕੇ ਲੈਣ ਲਈ ਮਜਬੂਰ ਕਰ ਦਿੱਤਾ ਜੋ ਸੀਤ ਮੁਹੰਮਦ ਨਾਭੇ ਤੋਂ ਆਕੇ ਖੇਤ ਕੰਮ ਵੀ ਕਰਦੇ । ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ ।ਮਾਸਟਰ ਹਰਮਿੰਦਰ ਸਿੰਘ ਸਮੇਂ ਸਮੇਂ ਸਿਰ ਸੰਸ਼ਥਾ ਵਿੱਚ ਜਾਕੇ ਪ੍ਰਿੰਸੀਪਲ ਨੂੰ ਮਿਲ ਕੇ ਸੀਤ ਮੁਹੰਮਦ ਦਾ ਧਿਆਨ ਰੱਖਣ ਲਈ ਕਹਿ ਕੇ ਆਉਂਦੇ ਰਹਿੰਦੇ ।ਮਾਸਟਰ ਸੀਤ ਮੁਹੰਮਦ ਉਨ੍ਹਾਂ ਦਾ ਅਹਿਸ਼ਾਨ ਆਪਣੇ ਮਨ ਅੰਦਰ ਬੜੇ ਮਾਣ ਅਤੇ ਸਤਿਕਾਰ ਸਹਿਤ ਸਮੋਈ ਬੈਠੇ ਹਨ ।ਔਖੀਆਂ ਘੜੀਆਂ ਦੀ ਯਾਦ ਕਰਕੇ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਏ । ਅੱਜ ਐਸੇ ਬਿਰਤੀ ਵਾਲੇ ਇਨਸਾਨਾਂ ਦਾ ਮਿਲਨਾ ਮੁਸ਼ਕਲ ਹੈ ਜਿਨ੍ਹਾ ਨੇ ਆਪਣੇ ਗੁਆਂਢੀ ਦੇ ਬੱਚੇ ਦੀ ਆਪਣੇ ਬੱਚਿਆਂ ਤੋਂ ਵੱਧ ਕੇ ਮਦਦ ਕਰ ਕੇ ਜ਼ਿੰਦਗੀ ਬਦਲ ਦਿੱਤੀ ।ਟ੍ਰੇਨਿੰਗ ਕਰਨ ਉਪਰੰਤ ਅਗਲੇ ਸਾਲ ਹੀ 12 ਮਈ 1971 ਨੂੰ ਸੀਤ ਮੁਹੰਮਦ ਨੂੰ ਸਰਕਾਰੀ ਹਾਈ ਸਕੂਲ ਸਨੌਰ ਵਿਖੇ ਛੇ ਮਹੀਨੇ ਦੇ ਆਧਾਰ ਉੱਪਰ ਉਸ ਸਮੇਂ ਸਕੂਲ਼ ਦੇ ਮੁੱਖ ਅਧਿਆਪਕ / ਡੀ.ਡੀ.ੳ. ਵਲੋਂ ਇੰਟਰਵਿਊ ਲੈ ਕੇ ਨਿਯੁਕਤੀ ਦੇ ਦਿੱਤੀ ਗਈ ਸੀ ਜਿਨ੍ਹਾਂ ਦੇ ਨਾਂ ਉਸ ਸਮੇਂ ਰੋਜ਼ਗਾਰ ਦਫਤਰ ਵਲੋਂ ਨਾਮ ਦਰਜ਼ ਕਰਾਉਣ ਬਾਅਦ ਮਹਿਕਮਿਆਂ ਵਲੋਂ ਖਾਲੀ ਪੋਸਟਾਂ ਭਰਨ ਲਈ ਮੰਗ ਕਰਨ ਤੇ ਰੋਜ਼ਗਾਰ ਦਫਤਰ ਵਲੋਂ ਡਾਕ ਰਾਹੀਂ ਇੰਟਰਵਿਊ ਪੱਤਰ ਆਉਂਦੇ ਹੁੰਦੇ ਸੀ ।ਉਦੋਂ ਰੁਜ਼ਗਾਰ ਪ੍ਰਾਪਤ ਕਰਨਾ ਸੌਖਾ ਸੀ । ਇਥੋਂ ਉਹ ਬਾਅਦ ਸ.ਹ.ਸ. ਮਲ੍ਹੇਵਾਲ , ਸ.ਮਿ.ਸ. ਛਲਸੀਣੀ , 1972 ਅਪ੍ਰੈਲ ਵਿੱਚ ਸ.ਹ.ਸ. ਦੰਦਰਾਲਾ ਢੀਂਡਸਾ , 1973 ਵਿੱਚ ਸ.ਮਿ.ਸ. ਖਨਿਆਣ ਅਤੇ ਦਸੰਬਰ ‘ਚ ਸ.ਮਿ.ਸ. ਜਸੋਮਾਜਰਾ ਵਿਖੇ ਚਲੇ ਗਏ । ਇਥੇ ਉਨ੍ਹਾ ਨੂੰ ਵਿਭਾਗੀ ਨਿਯਮਾਂ ਮੁਤਾਬਕ 1-1-1973 ਨੂੰ ਇੱਕ ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਫਰਵਰੀ 1975 ‘ਚ ਰੈਗੂਲਰ ਕਰ ਦਿੱਤਾ ਗਿਆ ਇਥੇ ਉਨ੍ਹਾਂ 1982 ਤੱਕ ਸੇਵਾ ਕੀਤੀ ਇਸ ਸਮੇਂ ਦੌਰਾਨ ਉਹ ਬੜੇ ਔਖਿਆਂ ਸਮਿਆਂ ‘ਚੋਂ ਲੰਘੇ । ਜੂਨ 1982 ‘ਚ ਸ.ਹ.ਸ. ਫਤਿਹਪੁਰ ਵਿਖੇ ਆ ਗਏ । ਪਿੰਡੋਂ ਨਾਭੇ ਰਿਹਾਇਸ਼ ਕਰਨ ਕਰਕੇ ਉਹ 1992 ਵਿੱਚ ਬਦਲੀ ਕਰਵਾ ਕੇ ਸ.ਹ.ਸ. ਮੰਡੌਰ ਵਿਖੇ ਆ ਕੇ ਸੇਵਾ ਨਿਭਾਉਣ ਲੱਗੇ। ਉਨ੍ਹਾਂ ਨੇ ਆਪਣੀ ਵਿਸ਼ੇ ਦੀ ਪੜ੍ਹਾਈ ਬੜੇ ਰੋਚਕ ਢੰਗ ਨਾਲ ਕਰਵਾਉਣ ਸਦਕਾ ਉਨ੍ਹਾਂ ਦੇ ਬੋਰਡ ਦੇ ਨਤੀਜ਼ੇ ਹਮੇਸ਼ਾ ਸੌ ਪ੍ਰਤੀਸ਼ਤ ਆਉਂਦੇ ਰਹੇ । ਸਕੇਲਾਂ , ਕੋਨਾਂ ਆਦਿ ਬੱਚਆਂ ਨੂੰ ਜਬਾਨੀ ਬਿਨ੍ਹਾਂ ਤਿਾਬ ਤੌ ਕਰਵਾਉਂਦੇ ਰਹੇ ।ਸਾਰੇ ਪ੍ਰਸ਼ਨ ਉਨ੍ਹਾ ਨੂੰ ਉੰਗਲਾਂ ਤੇ ਜ਼ਿਆਦ ਸਨ । ਉਨ੍ਹਾਂ ਦੇ ਬੱਚਿਆਂ ਦੇ 150 ਅੰਕਾਂ ਚੋਂ 148 ਅੰਕ ਵੀ ਆਏ ਜੋ ਕਿ ਇੱਕ ਰਿਕਾਰਡ ਹੈ । ਉਨ੍ਹਾਂ ਦੇ ਪੜ੍ਹਾਏ ਕਈ ਬੱਚੇ ਡਰਾਇੰਗ ‘ਚ ਅੱਵਲ ਹੋਣ ਕਰਕੇ ਡਰਾਫਟਸਮੈਨ ਦਾ ਕੋਰਸ ਕਰਕੇ ਹੈਡ ਡਰਾਫਟਸਮੈਨ ਬਣ ਚੁੱਕੇ ਹਨ।ਡਰਾਇੰਗ ਅਧਿਆਪਕ ਬਣਨ ਵਾਲੇ ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਤਾਂ ਬਹੁਤ ਜ਼ਿਆਦਾ ਹਿਣਤੀ ‘ਚ ਹਨ । ਉਨ੍ਹਾਂ ਦੀ ਰੌਚਕ ਤਰੀਕੇ ਨਾਲ ਸਿਖਾਈ ਸਕੇਲ ਡਰਾਇੰਗ ਬੱਚਿਆਂ ਲਈ ਇੰਜਨੀਅਰ ਲਾਈਨ ‘ਚ ਜਾਣ ਲਈ ਲਾਹੇਬੰਦ ਸਾਬਤ ਹੁੰਦੀ ਸੀ । ਉਨ੍ਹਾਂ ਦੀ ਧਰਮ ਪਤਨੀ ਸੀਮਾ ਬੇਗਮ ਵਧੀਆ ਸੁਭਾਅ ਦੇ ਹਨ ।ਉਨ੍ਹਾ ਦੀ ਬੇਟੀ ਰਵੀਨਾ ਅਹਿਮਦਗੜ੍ਹ ਮੰਡੀ ਵਿਆਹੀ ਹੋਈ ਹੈ ਜੋ ਆਪਣੇ ਪਤੀ ਅਤੇ ਬੱਚਿਆਂ ਨਾਲ ਆਪਣੀ ਵਧੀਆ ਜ਼ਿੰਦਗੀ ਬਸ਼ਰ ਕਰ ਰਹੀ ਹੈ । ਬੇਟਾ ਸਕੀਲ ਅਹਿਮਦ ਪਿੰਡ ਮੂੰਗੋ ਵਿਖੇ ਸਵ: ਕਪੂਰ ਖਾਂ ਦੀ ਬੇਟੀ ਸਮੀਨਾ ਬੇਗਮ ਨਾਲ ਵਿਆਹਿਆ ਹੋਇਆ ਹੈ । ਉਸ ਨੇ ਡੀ ਫਾਰਮੇਸ਼ੀ ਕਰਕੇ ‘ਡਾਇਮੰਡ ਮੈਡੀਕਲ ਸਟੋਰ’ ਘਰ ਮੂਹਰੇ ਹੀ ਚੋਧਰੀ ਮਾਜਰਾ ਰੋਡ ਉੱਪਰ ਖੋਲਿਆ ਹੋਇਆ ਹੈ ।ਭਾਵੇਂ ਉਹ ਕਈ ਬਿਮਾਰੀਆਂ ਤੋਂ ਪੀੜ੍ਹਤ ਹਨ ਪਰ ਫਿਰ ਵੀ ਆਪਣੇ ਆਪ ਨੂੰ ਰੁਝਾ ਕੇ ਰੱਖਦੇ ਹਨ ।ਉਹ ਮਿੱਠਬੋਲੜੇ ਸੁਭਾਅ ਦੇ ਇਮਾਨਦਾਰ ਵਿਅਕਤੀ ਹਨ । ਜਦੋਂ ਵੀ ਉਹ ਮਿਲਦੇ ਹਨ ਤਾਂ ‘ ਵੀਰੇ’ ਸ਼ਬਦ ਤੋਂ ਬਿਨ੍ਹਾਂ ਨਹੀਂ ਬੋਲਦੇ ਜੋ ਉਨ੍ਹਾਂ ਦੀ ਸ਼ਾਦਗੀ , ਅਪਣੱਤ ਦਾ ਪ੍ਰਤੀਕ ਹੈ । ਉਨ੍ਹਾਂ ਦੀਆਂ ਗੱਲ੍ਹਾਂ ‘ਚੋਂ ਕੁਝ ਨਾ ਕੁਝ ਸਿੱਖਣ ਵਾਲਾ ਜਰੂਰ ਹੁੰਦਾ ਹੈ ।ਸਮਾਜ ਨੂੰ ਅਜਿਹੀਆਂ ਸਖਸ਼ੀਅਤਾਂ ਦੀ ਅੱਜ ਲੋੜ ਹੈ । ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀਕਲਾ ਅਤੇ ਤੰਦਰੁਸਤੀ ਬਖਸ਼ੇ ।
—-ਮੇਜਰ ਸਿੰਘ ਨਾਭਾ ਮੋਬ: 9463553962
Leave a Comment
Your email address will not be published. Required fields are marked with *