ਕੋਟਕਪੂਰਾ, 11 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰ੍ਹਾਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ ਵਿਕਾਸ ਕਾਰਜਾਂ ’ਤੇ ਕਰੋੜਾਂ ਰੁਪਿਆ ਖਰਚ ਕਰਨ ਦੇ ਦਾਅਵਿਆਂ ਦੇ ਬਾਵਜੂਦ ਹਰ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾ ਮੌਕੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਮੁਹੱਲਾ ਵਾਸੀਆਂ ਵਲੋਂ ਬਕਾਇਦਾ ਫਲੈਕਸ ਬੋਰਡ ਲਾ ਕੇ ਵੋਟਾਂ ਦੇ ਬਾਈਕਾਟ ਕਰਨ ਦੀਆਂ ਖਬਰਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਅੱਜ ਸਥਾਨਕ ਬਠਿੰਡਾ ਸੜਕ ’ਤੇ ਸਥਿੱਤ ਪਾਸ਼ ਇਲਾਕੇ ਵਜੋਂ ਜਾਣੀ ਜਾਂਦੀ ‘ਢਿੱਲੋਂ ਕਲੋਨੀ’ ਦੇ ਵਸਨੀਕਾਂ ਨੇ ਕਲੋਨੀ ਦੇ ਵੱਖ ਵੱਖ ਹਿੱਸਿਆਂ ਵਿੱਚ ਪੋਸਟਰ ਲਾ ਕੇ ਸਮੂਹ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਵੋਟ ਮੰਗਣ ਤੋਂ ਪਹਿਲਾਂ ਸਾਡੀ 35 ਸਾਲਾਂ ਤੋਂ ਆਬਾਦ ਢਿੱਲੋਂ ਕਲੋਨੀ ਦਾ ਜਾਇਜਾ ਜਰੂਰ ਲਉ, ਕਿਉਂਕਿ ਅਜੇ ਤੱਕ ਤਾਂ ਤੁਹਾਡੇ ਤੋਂ ਗਲੀਆਂ-ਨਾਲੀਆਂ ਹੀ ਨਹੀਂ ਬਣੀਆਂ ਤੇ ਤੁਹਾਡੇ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਵੱਡੇ ਵੱਡੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਆਪਣੇ ਆਪ ਖੁੱਲ ਜਾਣੀ ਹੈ। ਮੁਹੱਲਾ ਵਾਸੀਆਂ ਮੁਤਾਬਿਕ ਉਹ ਪਿਛਲੇ ਕਰੀਬ 35 ਸਾਲਾਂ ਤੋਂ ਵਾਰ ਵਾਰ ਬਦਲਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਨੂੰ ਲਿਖਤੀ ਅਤੇ ਜੁਬਾਨੀ ਤੌਰ ’ਤੇ ਸ਼ਿਕਾਇਤਾਂ ਕਰ ਕਰ ਕੇ ਅੱਕ ਅਤੇ ਥੱਕ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਮੁਹੱਲਾ ਵਾਸੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਹਰ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਇਸ ਕਲੋਨੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੁਹੱਲਾ ਵਾਸੀਆਂ ਦੇ ਸੁਆਲਾਂ ਦਾ ਜੁਆਬ ਦੇਣਾ ਲਾਜ਼ਮੀ ਹੋਵੇਗਾ।