ਮੇਰੀ ਨਿੱਜੀ ਲਾਇਬ੍ਰੇਰੀ ਵਿੱਚ ਕਈ ਹਜ਼ਾਰ ਕਿਤਾਬਾਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਪੰਜਾਬੀ ਦੀਆਂ, ਕੁਝ ਹਿੰਦੀ ਦੀਆਂ ਅਤੇ ਬਹੁਤ ਘੱਟ ਅੰਗਰੇਜ਼ੀ ਦੀਆਂ ਹਨ। ਮੇਰੇ ਪਿਤਾ ਜੀ ਸਕੂਲ-ਅਧਿਆਪਕ ਸਨ ਤੇ ਉਨ੍ਹਾਂ ਕੋਲ ਲਾਇਬ੍ਰੇਰੀ ਦਾ ਚਾਰਜ ਵੀ ਸੀ। ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸਕੂਲ ਪੜ੍ਹਦਿਆਂ ਚੌਥੀ ਜਮਾਤ ਵਿੱਚ ਹੀ ਹੋ ਗਿਆ ਸੀ। ਕੁਝ ਕਿਤਾਬਾਂ ਜੋ ਮੈਨੂੰ ਬੇਹੱਦ ਦਿਲਚਸਪ ਲੱਗੀਆਂ, ਇਹ ਹਨ : ਮੇਰਾ ਪਿੰਡ (ਗੁਰਦਿੱਤ ਸਿੰਘ), ਮੇਰਾ ਦਾਗ਼ਿਸਤਾਨ (ਰਸੂਲ ਹਮਜ਼ਾਤੋਵ), ਸਾਹਿਤ ਸੰਜੀਵਨੀ (ਜੰਗ ਬਹਾਦਰ ਗੋਇਲ), ਚਾਲ਼ੀ ਦਿਨ (ਗੁਰਪ੍ਰੀਤ ਧੁੱਗਾ), ਨੁਕਤਾ-ਏ-ਨਿਗਾਹ (ਅਰਵਿੰਦਰ ਸਿੰਘ), ਧਰਤੀ ਦੀ ਕੰਬਣੀ (ਮਨਮੋਹਨ ਸਿੰਘ ਦਾਊਂ), ਰੋਹ ਵਿਦਰੋਹ (ਰਘਬੀਰ ਸਿੰਘ ਮਾਨ), ਹੱਥਾਂ ‘ਚੋਂ ਕਿਰਦੀ ਰੇਤ (ਰਵਿੰਦਰ ਸਿੰਘ ਸੋਢੀ), ਸਤਿਆਮੇਵ ਜਯਤੇ (ਅਮਰੀਕ ਸਿੰਘ ਸ਼ੇਰਖਾਂ), ਗੱਲਾਂ ਸਾਹਿਤ ਦੀਆਂ (ਗੁਰਬਚਨ ਸਿੰਘ ਭੁੱਲਰ), ਸਾਹਿਤ ਚਰਚਾ ਦੇ ਪੰਨੇ (ਮੇਵਾ ਸਿੰਘ ਤੁੰਗ), ਵਗਦੀਆਂ ‘ਵਾਵਾਂ ਵਹਿੰਦੇ ਦਰਿਆ (ਮੋਹਨਜੀਤ), ਬਿਰਖ ਅਰਜ਼ ਕਰੇ (ਸੁਰਜੀਤ ਪਾਤਰ), ਸਿਰਜਣਾ ਦੀ ਜੂਹ (ਜਸਬੀਰ ਭੁੱਲਰ), ਹਨੇਰੇ ਦਾ ਚੀਰਹਰਣ (ਸੋਮਾ ਸਬਲੋਕ), ਮਲੇ ਝਾੜੀਆਂ (ਰਾਮ ਸਰੂਪ ਅਣਖੀ), ਮਣੇ (ਧਰਮਪਾਲ ਸਾਹਿਲ), ਜੰਗਨਾਮਾ ਪੰਜਾਬ (ਹਰਭਜਨ ਸਿੰਘ ਹੁੰਦਲ), ਧੁੱਪ ਛਾਂ ਦੇ ਖ਼ਤ (ਹਰਵਿੰਦਰ ਭੰਡਾਲ)। ਇਨ੍ਹਾਂ ‘ਚੋਂ ‘ਸਾਹਿਤ ਸੰਜੀਵਨੀ’ ਕਿਤਾਬ ਬਹੁਤ ਪ੍ਰੇਰਨਾਜਨਕ ਹੈ। ਇਸਦਾ ਲੇਖਕ ਜੰਗ ਬਹਾਦਰ ਗੋਇਲ ਹੈ, ਜੋ ਕਿ ਇੱਕ ਪਰਿਚਿਤ ਲੇਖਕ ਹੈ। ਉਹਨੇ ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ ਵਿੱਚ ਕੁੱਲ 19 ਪੁਸਤਕਾਂ (ਕ੍ਰਮਵਾਰ 6, 11 ਅਤੇ 2) ਦੀ ਰਚਨਾ ਕੀਤੀ ਹੈ। ਦਰਅਸਲ ਗੋਇਲ ‘ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ’ (ਪੰਜ ਭਾਗ) ਲਿਖ ਕੇ ਚਰਚਾ ਵਿੱਚ ਆਇਆ ਹੈ।
‘ਸਾਹਿਤ ਸੰਜੀਵਨੀ’ ਪੁਸਤਕ ਦੇ ਛੇ ਭਾਗ ਹਨ। ਲੇਖਕ ਨੇ ਇਸ ਪੁਸਤਕ ਦੇ ਹੋਂਦ ਵਿੱਚ ਆਉਣ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ। (ਮਰਹੂਮ) ਸੁਰਜੀਤ ਪਾਤਰ ਨੇ ਇਹਦਾ ਮੁੱਖਬੰਦ ਲਿਖਿਆ ਹੈ। ਇਹ ਕਿਤਾਬ ਪੜ੍ਹਦਿਆਂ ਮੈਨੂੰ ਚਾਰਲਸ ਡਿਕਨਜ਼ ਦੀ ਇਹ ਗੱਲ ਸ਼ਿਦਤ ਨਾਲ਼ ਯਾਦ ਆਈ ਕਿ “ਜੋ ਆਦਮੀ ਪੜ੍ਹਨਾ ਜਾਣਦੇ ਹੋਏ ਵੀ ਕਿਤਾਬਾਂ ਨਹੀਂ ਪੜ੍ਹਦਾ, ਉਹਦੇ ਤੇ ਅਨਪੜ੍ਹ ਵਿੱਚ ਉੱਕਾ ਹੀ ਫ਼ਰਕ ਨਹੀਂ ਹੈ।” ਗੋਇਲ ਦੀ ਇਸ ਕਿਤਾਬ ਦਾ ਪਹਿਲਾ ਭਾਗ ‘ਪੁਸਤਕਾਂ : ਮੇਰੀ ਜ਼ਿੰਦਗੀ ਵਿੱਚ’ ਲੇਖਕ ਦੀ ਸਾਹਿਤਕ ਸਵੈਜੀਵਨੀ ਦਾ ਕਾਂਡ ਕਿਹਾ ਜਾ ਸਕਦਾ ਹੈ। ਇਸੇ ਕਾਂਡ ਵਿੱਚ ਉਹ ਲਿਖਦਾ ਹੈ, “ਹੁਣ ਤੱਕ ਸਾਹਿਤ ਦੀ ਛਤਰੀ ਨੇ ਮੈਨੂੰ ਜ਼ਿੰਦਗੀ ਦੀ ਕਰੜੀ ਧੁੱਪ ਅਤੇ ਬਾਰਿਸ਼ ਤੋਂ ਹਮੇਸ਼ਾ ਬਚਾਈ ਰੱਖਿਆ। ਕਿਤਾਬਾਂ ਮੇਰੀਆਂ ਸੁਰੱਖਿਅਤ ਪਨਾਹਗਾਰ ਬਣ ਚੁੱਕੀਆਂ ਸਨ। ਉਨ੍ਹਾਂ ਕਰਕੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਸੀ ਹੁੰਦੀ। ਮੇਰੀ ਨੀਅਤ ਵਿੱਚ ਅਜੀਬ ਕਿਸਮ ਦਾ ਰੱਜ ਸਮੋ ਗਿਆ ਸੀ, ਪਰ ਕਿਤਾਬਾਂ ਬਾਰੇ ਮੇਰੀ ਭੁੱਖ ਕਦੇ ਵੀ ਸ਼ਾਂਤ ਨਹੀਂ ਹੋਈ।” (ਪੰਨਾ 20)
ਪਹਿਲੇ ਕਾਂਡ ਤੋਂ ਸਾਨੂੰ ਲੇਖਕ ਦੀ ਜ਼ਿੰਦਗੀ ਦੇ ਵਿਭਿੰਨ ਪੜਾਵਾਂ ਦਾ ਬਹੁਤ ਨੇੜਿਓਂ ਪਤਾ ਲੱਗਦਾ ਹੈ। ਇੱਕ ਇਤਿਹਾਸਕ ਕਸਬੇ (ਜੈਤੋ) ਵਿੱਚ 23 ਮਾਰਚ 1946 ਨੂੰ ਜਨਮਿਆ ਇਹ ਲੇਖਕ ਅੱਜ ਸੇਵਾਮੁਕਤ ਆਈਏਐੱਸ ਅਧਿਕਾਰੀ ਵਜੋਂ ਚੰਡੀਗੜ੍ਹ ਰਹਿ ਰਿਹਾ ਹੈ। ਵਿਰਸੇ ਚੋਂ ਮਿਲੀ ਪੜ੍ਹਨ ਦੀ ਆਦਤ ਨੂੰ ਉਹਨੇ ਪੱਲੇ ਬੰਨ੍ਹ ਲਿਆ ਅਤੇ ਪੜ੍ਹਨ ਦੇ ਨਾਲ਼ ਨਾਲ਼ ਲਿਖਣਾ ਜਾਰੀ ਰੱਖਿਆ।
ਕਿਸੇ ਸਮੇਂ ਡੂੰਘੇ ਤਣਾਅ ਵਿੱਚ ਆਉਣ ਤੇ ਉਹਨੂੰ ਧਰਮਵੀਰ ਭਾਰਤੀ ਦੀ ਕਵਿਤਾ ਨੇ ਜ਼ਿੰਦਗੀ ਦਾ ਠੁੰਮਣਾ ਦਿੱਤਾ ਸੀ। ਪ੍ਰੀ- ਮੈਡੀਕਲ ਕਰਨ ਪਿੱਛੋਂ ਉਹਨੇ ਆਰਟਸ ਵਿੱਚ ਬੀਏ ਕੀਤੀ। ਭਾਸ਼ਣ ਪ੍ਰਤਿਯੋਗਤਾਵਾਂ ਵਿੱਚ ਨਾਮਣਾ ਖੱਟਿਆ। ਲੁਧਿਆਣੇ ਤੋਂ ਅੰਗਰੇਜ਼ੀ ਦੀ ਐਮਏ ਕਰਕੇ ਕਾਲਜ ਅਧਿਆਪਕ ਲੱਗਾ ਤੇ ਫਿਰ ਪੀਸੀਐਸ ਪਾਸ ਕਰਕੇ ਐਸਡੀਐਮ, ਇੰਪਰੂਵਮੈਂਟ ਟ੍ਰੱਸਟ ਦਾ ਚੇਅਰਮੈਨ ਤੇ ਆਈਏਐੱਸ ਅਧਿਕਾਰੀ ਵਜੋਂ ਸੇਵਾਮੁਕਤ ਹੋਇਆ। ਇਸ ਦੌਰਾਨ ਵਾਪਰੀਆਂ ਅਣਕਿਆਸੀਆਂ ਘਟਨਾਵਾਂ, ਤਣਾਵਾਂ ਤੇ ਸਮੱਸਿਆਵਾਂ ਚੋਂ ਉਹਨੂੰ ਕਿਤਾਬਾਂ ਨੇ ਹੀ ਪਾਰ ਲਾਇਆ। ਪੁਸਤਕ ਦੇ ਹੋਰ ਕਾਂਡਾਂ ਵਿੱਚ ਬਿਬਲਿਓਥੈਰੇਪੀ (ਪੁਸਤਕ ਚਿਕਿਤਸਾ), ਸਾਹਿਤ ਅਧਿਐਨ ਦੇ ਚਿਕਿਤਸਕ ਪ੍ਰਭਾਵ, ਲੇਖਨ ਥੈਰੇਪੀ, ਲਿਟਰੇਰੀ ਕਲਿਨਿਕ, ਸਾਹਿਤ: ਸਮਾਜ ਦਾ ਸਰਜਨ ਸ਼ਾਮਲ ਹਨ। ਵਾਕਈ ਸਾਹਿਤ ਸੰਜੀਵਨੀ ਉਹ ਬੂਟੀ ਹੈ, ਜਿਸਦੀ ਵਰਤੋਂ ਨਾਲ਼ ਘੋਰ ਦੁਖੀ ਮਨੁੱਖ ਜੀਵਨ ਜੀਣ ਲੱਗ ਪੈਂਦਾ ਹੈ। ਸਾਹਿਤ ਵਿੱਚ ਅਜਿਹੀਆਂ ਕਿਤਾਬਾਂ ਤਣਾਓਗ੍ਰਸਤ ਬੰਦੇ ਨੂੰ ਪ੍ਰੇਰਨਾ, ਉਤਸ਼ਾਹ ਤੇ ਊਰਜਾ ਪ੍ਰਦਾਨ ਕਰਨ ਦੀ ਬੇਮਿਸਾਲ ਸਮਰੱਥਾ ਰੱਖਦੀਆਂ ਹਨ।

* ਪ੍ਰੋ. ਨਵਸੰਗੀਤਸਿੰਘ