ਮੇਰਾ ਪਿੰਡ, ਉੱਭਾਵਾਲ ਜ਼ਿਲਾ ਸੰਗਰੂਰ ਦੇ ਦੱਖਣ-ਪੱਛਮ ਵਾਲੇ ਪਾਸੇ ਸੰਗਰੂਰ ਤੋਂ ਮਹਿਜ਼ 7 ਕਿਲੋਮੀਟਰ ਦੀ ਦੂਰੀ ਤੇ ਹੈ । ਆਜ਼ਾਦੀ ਤੋ ਪਹਿਲਾਂ ਮੇਰਾ ਪਿੰਡ ਉੱਭਾਵਾਲ, ਪਟਿਆਲਾ ਰਿਆਸਤ ਅਧੀਨ ਆਉਂਦਾ ਸੀ । ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਪਟਿਆਲਾ ਰਾਜ ਘਰਾਣੇ ਨਾਲ ਉੱਭਾਵਾਲ ਦਾ ਕਿਸੇ ਸਮੇਂ ਗਹਿਰਾ ਸੰਬੰਧ ਰਿਹਾ ਹੈ ਤੇ ਇਸੇ ਲਈ ਪਟਿਆਲਾ ਰਿਆਸਤ ਦੇ ਸ਼ਾਸ਼ਕਾਂ ਨੇ ਉੱਭਾਵਾਲ ਵਿੱਚ ਇੱਕ ਸ਼ਾਹੀ ਹਵੇਲੀ ਵੀ ਬਣਵਾਈ ਸੀ ਜੋ ਆਜ਼ਾਦੀ ਤੋਂ ਬਾਅਦ ਅੱਧੀ ਸਦੀ ਤੋਂ ਵੀ ਵੱਧ ਸਮੇਂ ਲਈ ਕਾਇਮ ਰਹੀ । ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਬਹੁਤੇ ਪਿੰਡਾਂ ਦੀ ਤਰਾਂ ਉੱਭਾਵਾਲ ਵਿੱਚ ਵੀ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰਾ ਰਲ ਮਿਲ ਕੇ ਰਹਿੰਦਾ ਸੀ । ਇਸ ਲਈ ਨਵੇਂ ਦੇਸ਼ ਪਾਕਿਸਤਾਨ ਦੇ ਬਨਣ ਨਾਲ ਉੱਭਾਵਾਲ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਹਿਜ਼ਰਤ ਹੋਈ । ਖੈਰ, ਆਜ਼ਾਦੀ ਤੋਂ ਬਾਅਦ ਪਟਿਆਲਾ ਅਤੇ ਕੁਝ ਹੋਰ ਰਿਆਸਤਾਂ ਮਿਲਾ ਕੇ ਪੈਪਸੂ ਨਾਂ ਦਾ ਰਾਜ ਬਣਾਇਆ ਗਿਆ ਅਤੇ ਮੇਰਾ ਪਿੰਡ ਉੱਭਾਵਾਲ ਪੈਪਸੂ ਅਧੀਨ ਆ ਗਿਆ । ਪਟਿਆਲਾ ਦਾ ਮਹਾਰਾਜਾ ਯਾਦਵਿੰਦਰ ਸਿੰਘ ਪੈਪਸੂ ਦਾ ਰਾਜ ਪ੍ਰਮੁੱਖ ਬਣਾਇਆ ਗਿਆ ਜੋ ਅਜੋਕੇ ਰਾਜਪਾਲ ਵਾਂਗ ਕੰਮ ਕਰਦਾ ਸੀ ।
1947 ਤੋਂ ਬਾਅਦ ਸਮਾਂ ਆਪਣੀ ਚਾਲ ਚਲਦਾ ਗਿਆ । ਇਸ ਤੋਂ ਪਹਿਲਾਂ ਮੇਰੇ ਪਿੰਡ ਵਿੱਚ ਰਵਾਇਤੀ ਸਿੱਖਿਆ ਦੇਣ ਵਾਲੀ ਕਿਸੇ ਸੰਸਥਾ ਦੇ ਅੰਸ਼ ਨਹੀਂ ਮਿਲਦੇ ਅਤੇ ਇਸ ਸਮੇਂ ਮੇਰੇ ਪਿੰਡ ਉੱਭਾਵਾਲ ਦੇ ਜੋ ਵਿਦਿਆਰਥੀ ਪੜ੍ਹਨ ਵਿੱਚ ਰੁਚੀ ਦਿਖਾਉਂਦੇ ਸਨ, ਉਹ ਗਵਾਂਢੀ ਪਿੰਡਾਂ ਜਿਵੇਂ ਕਿ ਬਡਰੁੱਖਾਂ ਜਾਂ ਚੱਠੇ ਸੇਖਵਾਂ ਪੜ੍ਹਾਈ ਲਈ ਜਾਂਦੇ ਸਨ, ਕੁਝ ਵਿਦਿਆਰਥੀ ਸੰਗਰੂਰ ਦੇ ਰਾਜ ਹਾਈ ਸਕੂਲ ਵਿਖੇ ਵੀ ਸਿੱਖਿਆ ਪ੍ਰਾਪਤ ਕਰਦੇ ਸਨ । ਸਮਾਂ ਬੀਤਦਾ ਗਿਆ, ਅਤੇ ਆਜ਼ਾਦ ਹਿੰਦੁਸਤਾਨ ਦੇ ਮੁੱਢਲੇ ਸਾਲਾਂ ਵਿੱਚ ਹੀ ਭਾਵ 1953 ਵਿੱਚ ਮੇਰੇ ਪਿੰਡ ਉੱਭਾਵਾਲ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮਿਲ ਗਿਆ । ਪਿੰਡੋਂ ਬਾਹਰ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਅਤੇ ਉਹਨਾਂ ਨੇ ਬਾਹਰਲੇ ਪਿੰਡਾਂ ਦੇ ਸਕੂਲਾਂ ਤੋਂ ਹਟ ਕੇ ਪਿੰਡ ਦੇ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਦਾਖਲੇ ਲੈ ਲਏ । ਸ਼ੁਰੂ ਵਿੱਚ ਸਕੂਲ ਲਈ ਕੋਈ ਅਲੱਗ ਬਿਲਡਿੰਗ ਨਾ ਹੋਣ ਕਰਕੇ ਪਟਿਆਲਾ ਸ਼ਾਸ਼ਕਾਂ ਦੁਆਰਾ ਬਣਵਾਈ ਗਈ ਹਵੇਲੀ ਦੇ ਨਜ਼ਦੀਕ ਖੁੱਲੇ ਗਰਾਊਂਡ ਵਿੱਚ ਹੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ । ਪੈਪਸੂ ਦੇ ਰਾਜ ਪ੍ਰਮੁੱਖ ਸਰਦਾਰ ਯਾਦਵਿੰਦਰ ਸਿੰਘ ਨੇ ਸਕੂਲ ਦਾ ਰਸਮੀ ਉਦਘਾਟਨ ਕੀਤਾ । ਵਰਨਣਯੋਗ ਹੈ ਕਿ ਇਸ ਸਮੇਂ ਪੈਪਸੂ ਦੇ ਮੁੱਖ ਮੰਤਰੀ ਸ੍ਰੀ ਬ੍ਰਿਸ਼ ਭਾਨ ਵੀ ਸੰਗਰੂਰ ਜ਼ਿਲੇ ਨਾਲ ਹੀ ਸੰਬੰਧ ਰੱਖਦੇ ਸਨ । ਬਾਅਦ ਵਿੱਚ ਪਿੰਡ ਤੋਂ ਬਾਹਰ ਵਾਰ ਪਿੰਡ ਦੇ ਚੜਦੇ ਵਾਲੇ ਪਾਸੇ ਬਣੀ ਬਿਲਡਿੰਗ ਵਿੱਚ ਸਕੂਲ ਦੀਆਂ ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ । ਪ੍ਰਾਇਮਰੀ ਸਕੂਲ ਚੱਲਦੇ ਨੂੰ ਤਿੰਨ ਸਾਲ ਹੀ ਹੋਏ ਸਨ ਕਿ 1957 ਵਿੱਚ ਸਕੂਲ ਨੂੰ ਅਪਗ੍ਰੇਡ ਕਰਕੇ ਮਿਡਲ ਪੱਧਰ ਦਾ ਕਰ ਦਿੱਤਾ ਗਿਆ । ਜੇ ਭਾਰਤ ਦੇ ਰਾਸ਼ਟਰੀ ਨਕਸ਼ੇ ਦੀ ਗੱਲ ਕਰੀਏ ਤਾਂ ਹੁਣ ਤੱਕ ਪੈਪਸੂ ਨੂੰ ਪੰਜਾਬ ਨਾਲ ਮਿਲਾ ਦਿੱਤਾ ਗਿਆ ਸੀ ।
ਮਿਡਲ ਤੋਂ ਹਾਈ ਸਕੂਲ ਬਨਣ ਤੱਕ ਮੇਰੇ ਪਿੰਡ ਵਾਸੀਆਂ ਨੂੰ ਬਹੁਤੀ ਉਡੀਕ ਨਹੀਂ ਕਰਨੀ ਪਈ ਅਤੇ 1962 ਵਿੱਚ ਸਰਕਾਰੀ ਹਾਈ ਸਕੂਲ ਉੱਭਾਵਾਲ ਦਾ ਨੀਂਹ ਪੱਥਰ ਰੱਖਿਆ ਗਿਆ । ਮੈਂ ਮਾਣ ਨਾਲ ਇਹ ਸ਼ਬਦ ਲਿਖ ਰਿਹਾ ਹਾਂ ਕਿ ਆਜ਼ਾਦੀ ਦੇ ਮਹਿਜ਼ ਦਸ ਸਾਲ ਬਾਅਦ ਹੀ ਮੇਰਾ ਪਿੰਡ ਦੇਸ਼ ਦੇ ਉਹਨਾਂ ਪਿੰਡਾਂ ਵਿੱਚ ਸੀ ਜਿੱਥੇ ਮਿਡਲ ਸਕੂਲ ਸਨ ਤੇ ਸਤਾਰਾਂ ਸਾਲਾਂ ਬਾਅਦ ਅਸੀਂ ਉਹਨਾਂ ਗਿਣਵੇਂ ਪਿੰਡਾਂ ਵਿੱਚ ਸੀ ਜੋ ਹਾਈ ਸਕੂਲ ਹੋਣ ਦਾ ਮਾਣ ਰੱਖਦੇ ਸਨ । ਪਰ ਇਸਤੋਂ ਬਾਅਦ ਕਾਫੀ ਲੰਮਾ ਸਮਾਂ ਉਡੀਕ ਦਾ ਆਇਆ ਅਤੇ 1995 ਵਿੱਚ ਪਿੰਡ ਦੇ ਸਕੂਲ ਨੂੰ ਦਸਵੀਂ ਤੋਂ ਬਾਅਦ ਗਿਆਰਵੀਂ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਸ਼ੁਭ ਮੌਕਾ ਮਿਲਿਆ । ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਕਰਨ ਵੇਲੇ ਪਿੰਡ ਨੂੰ ਕੇਂਦਰੀ ਵਿਦਿਆਲਿਆ ਸ਼ੁਰੂ ਕਰਨ ਦਾ ਮਾਣ ਹਾਸਲ ਹੋਇਆ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਬੱਚੇ ਪੜ੍ਹਾਈ ਕਰਨ ਆਉਂਦੇ ਹਨ । ਨਿਸ਼ਚਿਤ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਇਸ ਤਰਾਂ ਦੀ ਨਾਮੀ ਸੰਸਥਾ ਤੋਂ ਆਉਣ ਵਾਲੇ ਸਮੇਂ ਵਿੱਚ ਨਾ ਸਿਰਫ ਮੇਰੇ ਪਿੰਡ ਨੂੰ ਸਗੋਂ ਪੂਰੇ ਇਲਾਕੇ ਨੂੰ ਹੀ ਬਹੁਤ ਸਾਰਥਿਕ ਨਤੀਜਿਆਂ ਦੀ ਆਸ ਹੈ । ਇਸ ਸਮੇਂ ਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੋ ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਕੇਂਦਰੀ ਵਿਦਿਆਲਿਆ ਅਤੇ ਇੱਕ ਪ੍ਰਾਈਵੇਟ ਸੀਨੀਅਰ ਸੈਕੰਡਰੀ ਪੱਧਰ ਦਾ ਸਕੂਲ ਚੱਲ ਰਹੇ ਹਨ । ਇਸਦੇ ਨਾਲ ਹੀ ਇਹ ਵੀ ਵਰਨਣਯੋਗ ਹੈ ਕਿ ਸਰਕਾਰੀ ਆਈ.ਟੀ.ਆਈ. ਸੁਨਾਮ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਫਾਰਮੇਸੀ ਕਾਲਜ ਮਸਤੂਆਣਾ ਸਾਹਿਬ, ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ, ਅਕਾਲ ਕਾਲਜ ਆਫ ਐਜੂਕੇਸ਼ਨ, ਸ਼ਹੀਦ ਊਧਮ ਸਿੰਘ ਕਾਲਜ ਆਫ ਐਜੂਕੇਸ਼ਨ ਅਤੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਵੀ ਪਿੰਡ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ਹਨ ਅਤੇ ਆਧੁਨਿਕ ਵਿਗਿਆਨਕ ਯੁੱਗ ਵਿੱਚ ਜਦੋਂ ਆਵਾਜਾਈ ਦੇ ਸਾਧਨ ਇੰਨੇ ਵਿਕਸਿਤ ਹਨ ਤਾਂ ਇਹ ਦੂਰੀ ਬਹੁਤ ਹੱਦ ਤੱਕ ਸਿਮਟ ਜਾਂਦੀ ਹੈ ।
ਕਿਸੇ ਸਮੇਂ ਮੇਰੇ ਪਿੰਡ ਦੇ ਵਿਦਿਆਰਥੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਪੜਨ ਜਾਂਦੇ ਸਨ ਪਰ ਪਿਛਲੇ ਕਾਫੀ ਸਮੇਂ ਤੋਂ ਆਲੇ ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀ ਮੇਰੇ ਪਿੰਡ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ । ਇਹਨਾਂ ਸੰਸਥਾਵਾਂ ਵਿੱਚੋਂ ਸਿੱਖਿਆ ਹਾਸਲ ਕਰਕੇ ਕਈ ਵਿਦਿਆਰਥੀ ਉੱਚ ਅਹੁਦਿਆਂ ਤੇ ਬਿਰਾਜਮਾਨ ਹੋਏ ਹਨ ਅਤੇ ਕਾਫੀ ਵਿਦਿਆਰਥੀਆਂ ਨੇ ਦੇਸ਼ ਵਿਦੇਸ਼ ਵਿੱਚ ਸਫਲਤਾ ਦੇ ਨਵੇਂ ਮੁਕਾਮ ਹਾਸਲ ਕੀਤੇ ਹਨ । ਪੰਜਾਬ ਅਤੇ ਭਾਰਤ ਦੇ ਨਕਸ਼ੇ ਤੇ ਛਾਪ ਛੱਡਣ ਵਾਲੇ ਇਹਨਾਂ ਵਿਦਿਆਰਥੀਆਂ ਵਿੱਚ ਪੰਜਾਬ ਦੇ ਘਾਗ ਸਿਆਸਤਦਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਲ ਹਨ । ਦਿਨੋ-ਦਿਨ ਵਿੱਦਿਅਕ ਸੰਸਥਾਵਾਂ ਦੇ ਹੋ ਰਹੇ ਪ੍ਰਸਾਰ ਕਾਰਨ ਪਿੰਡ ਅਤੇ ਇਲਾਕੇ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਆਸ ਬੱਝਦੀ ਹੈ ।
ਪਰਵਿੰਦਰ ਸਿੰਘ ਢੀਂਡਸਾ
ਪਿੰਡ ਉੱਭਾਵਾਲ (ਸੰਗਰੂਰ)
ਮੋਬਾਈਲ : 9814829005
Leave a Comment
Your email address will not be published. Required fields are marked with *