ਪਰਿਵਾਰ ਦੇ ਸਾਰੇ ਬੱਚੇ ਇੱਕੋ ਮਾਹੌਲ ‘ਚ ਮਾਪਿਆਂ ਦੇ ਸਮਾਨ ਪਾਲਣ-ਪੌਸ਼ਣ ਅਧੀਨ ਪਲਦੇ ਹਨ ਪਰ ਬੱਚਿਆਂ ਦੀ ਬੁੱਧੀ , ਕਾਜਕੁਸ਼ਲਤਾ , ਸੋਚ , ਆਦਿ ਕੁਦਰਤ ਵਲੋਂ ਜਰੂਰ ਵੱਖਰੀ ਹੁੰਦੀ ਹੈ । ਭਰਾਵਾਂ ਦੇ ਕਾਰੋਬਾਰ ਦੇ ਖੇਤਰ ‘ਚ ਪੈਰ ਧਰਦਿਆਂ ਹੀ ਇਕਸਾਰਤਾ ਤਕਰੀਬਨ ਹੁੰਦੀ ਹੈ । ਪਰ ਕੁਝ ਪਰਿਵਾਰਾਂ ਅੰਦਰ ਭਰਾਵਾਂ ਦੇ ਕਾਰੋਬਾਰਾਂ ‘ਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ , ਇਹ ਜਰੂਰ ਉਨ੍ਹਾਂ ਦੇ ਲਏ ਦ੍ਰਿੜਤਾ ਨਾਲ ਫੈਸ਼ਲੇ ਕਾਰਨ , ਜੌਖਮਤਾ ਲੈਣ ਆਦਿ ਕਰਕੇ ਹੋ ਜਾਂਦਾ ਹੈ । ਇਹੋ ਜਿਹੀ ਹੀ ਢੀਂਡਸਾ ਪਰਿਵਾਰ ਦੀ ਸ਼ਖਸ਼ੀਅਤ ਹੈ ਸ੍ਰ. ਰਣਜੀਤ ਸਿੰਘ ਢੀਂਡਸਾ , ਜਿਨ੍ਹਾਂ ਦਾ ਜਨਮ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਵਿਖੇ ਸਵ: ਸ੍ਰ. ਦਰਬਾਰਾ ਸਿੰਘ ਢੀਂਡਸਾ ਪੁੱਤਰ ਸ੍ਰ. ਮੀਹਾਂ ਸਿੰਘ ਦੇ ਘਰ ਸਵ: ਮਾਤਾ ਸਰਦਾਰਨੀ ਨਰਾਤ ਕੌਰ ਦੀ ਕੁੱਖੋਂ 21 ਅਕਤੂਬਰ 1949 ਨੂੰ ਹੋਇਆ । ਉਨ੍ਹਾਂ ਦੇ ਵੱਡੇ ਭਰਾ ਸ੍ਰ. ਰਣ ਸਿੰਘ ਢੀਂਡਸਾ ਛੋਟੇ ਭਰਾ ਸਵ: ਸ੍ਰ. ਸੁਰਜੀਤ ਸਿੰਘ ਢੀਂਡਸਾ ਅਤੇ ਇੱਕਲੌਤੀ ਭੈਣ ਰਣਜੀਤ ਕੌਰ ਜੋ ਕਿ ਧੀਰੋਮਾਜਰਾ ਵਿਖੇ ਸ੍ਰ. ਕਮਿੱਕਰ ਸਿੰਘ ਨਾਲ ਵਿਆਹੇ ਹੋਏ ਹਨ । ਉਨ੍ਹਾਂ ਨੇ ਮੁੱਢਲੀ ਅੱਠਵੀਂ ਤੱਕ ਦੀ ਵਿੱਦਿਆ ਪਿੰਡ ਦੇ ਸਰਕਾਰੀ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਚੌਂਦਾ (ਸੰਗਰੂ੍ਰਰ) ਤੋਂ ਪ੍ਰਾਪਤ ਕੀਤੀ । ਉਚੇਰੀ ਪੜ੍ਹਾਈ ਲਈ ਉਨ੍ਹਾ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਦਾਖਲਾ ਲੈ ਲਿਆ ਅਤੇ ਮਈ 1973 ਵਿੱਚ ਬੀ,ਏ. ਪਾਸ ਕਰ ਲਈ ।ਉਨ੍ਹਾਂ ਨੇ ਮੁਜੱਫਰਨਗਰ ਵਿਖੇ ਕਿਸੇ ਪ੍ਰਾਈਵੇਟ ਕਾਲਜ ਵਿੱਚ ਡੀ.ਪੀ.ਈ. ਦੇ ਕੋਰਸ ‘ਚ ਦਾਖਲਾ ਲੈ ਲਿਆ । ਬਾਅਦ ‘ਚ ਉਨ੍ਹਾਂ ਨੂੰ ਪਤਾ ਲਗਿਆ ਕਿ ਇਹ ਕਾਲਜ ਮਾਨਤਾ ਪ੍ਰਾਪਤ ਨਹੀਂ ਜੋ ਕਿ ਠੱਗੀ ਲੱਗਦੀ ਹੈ ਤਾਂ ਪਹਿਲੇ ਸਾਲ ਹੀ ਉਨ੍ਹਾਂ ਨੇ ਇਹ ਕੋਰਸ ਅੱਧਵਾਟੇ ਹੀ ਛੱਡ ਦਿੱਤਾ । ਹੁਣ ਉਨ੍ਹਾ ਦਾ ਧਿਆਨ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਵੱਲ ਹੋ ਗਿਆ । ਉਸ ਸਮੇਂ ਪੀਟਰ ਇੰਜਨ ਨਵੇਂ ਨਵੇਂ ਆਏ ਸਨ ।ਕਿਸਾਨੀ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਨੇ ਕਿਸਾਨਾਂ ਨਾਲ ਸਬੰਧਤ ਕਾਰੋਬਾਰ 1973 ਵਿੱਚ ਪੀਟਰ ਇੰਜਨ ਦੇ ਸਪੇਅਰ ਪਾਰਟਸ ਦੀ ਦੁਕਾਨ ਖੋਲ ਲਈ ।ਉਨ੍ਹਾਂ ਦਾ ਵਿਆਹ ਪਿੰਡ ਬਾਲੀਆਂ (ਸੰਗਰੂਰ) ਵਿਖੇ ਸਵ: ਕੈਪਟਨ ਬਲਵੰਤ ਸਿੰਘ ਦੀ ਪੁੱਤਰੀ ਸੁਖਜੀਤ ਕੌਰ ਨਾਲ 1975 ਵਿੱਚ ਹੋਇਆ ।ਪਰਮੇਸ਼ਵਰ ਦੀ ਕਿਰਪਾ ਨਾਲ ਉਨ੍ਹਾ ਦੇ ਘਰ ਦੋ ਬੇਟਿਆਂ ਨੇ ਜਨਮ ਲਿਆ । ਇਹ ਕਾਰੋਬਾਰ ਉਨ੍ਹਾਂ ਨੇ 1986 ਤੱਕ ਕੀਤਾ ਕਿਉਂ ਕਿ ਬਿਜਲੀ ਪਿੰਡਾਂ ‘ਚ ਆਉਣ ਕਾਰਨ ਬਿਜਲੀ ਮੋਟਰਾਂ ਦਾ ਰੁਝਾਨ ਵਧਣਾ ਸ਼ੁਰੂ ਹੋ ਗਿਆ , ਮੂਹਰੇ ਇਸ ਕਾਰੋਬਾਰ ਦਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਸੀ ।ਉਨਾਂ੍ਹ ਨੇ ਫਿਰ ਪ੍ਰਾਪਰਟੀ ਸਲਾਹਕਾਰ ਦਾ ਕੰਮ ਸ਼ੁਰੂ ਕਰ ਲਿਆ ਜੋ ਅੱਜ ਵੀ ਜਾਰੀ ਹੈ । ਇਹ ਪ੍ਰਾਪਰਟੀ ਦਾ ਕਾਰੋਬਾਰ ਅੱਜ ਕੁਝ ਕੱਲ਼੍ਹ ਕੂਝ ਹੋਰ ਏਨਾ ਵੱਧਿਆ ਕਿ ਢੀਂਡਸਾ ਪਰਿਵਾਰ ਨੂੰ ਸਫਲ ਕਾਰੋਬਾਰੀ ਬਣਾ ਦਿੱਤਾ ।ਉਨ੍ਹਾਂ ਨੇ ਚੋਧਰੀ ਮਾਜਰਾ ਰੋਡ ਤੇ ਇੱਕ ਕਾਲੋਨੀ ਦੇ ਪਲਾਟ ਕੱਟਣੇ ਤਕਰੀਬਨ 1987 ‘ਚ ਸ਼ੁਰੂ ਕੀਤੇ ਜਿਸ ਦਾ ਨਾਮ ਉਨ੍ਹਾਂ ਨੇ ਨੌਵੇਂ ਗੁਰੂ ਸਾਹਿਬਾਨ ਨੂੰ ਸਮਰਪਿਤ ਕਰਕੇ ਉਸ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਰੱਖਿਆ । ਇਸ ਕਾਲੋਨੀ ‘ਚ ਉਨ੍ਹਾਂ ਇੱਕ ਪਲਾਟ ਆਲੋਹਰਾਂ ਵਾਲੇ ਮਹਾਂਪੁਰਸ਼ ਸੰਤ ਸੁਖਦੇਵ ਸਿੰਘ ਦੇ ਨਾਂ ਗੁਰੂ ਘਰ ਲਈ ਕਰਵਾ ਦਿੱਤਾ ਜਿਸ ਦਾ ਉਸਾਰੀ ਦੇ ਕੰਮ ਦਾ ਉਦਘਾਟਨ ਮਹਾਂਪੁਰਸ਼ਾਂ ਨੇ ਨੀਂਹ ਦੀ ਇੱਟ ਆਪ ਰੱਖ ਕੇ ਕੀਤਾ ਸੀ ,ਉਨ੍ਹਾਂ ਉਸ ਸਮੇਂ ਵਚਨ ਕੀਤੇ ਸੀ ਕਿ ਇਥੇ ਸ਼ਾਨਦਾਰ ਗੁਰੂ ਘਰ ਬਣੇਗਾ ।ਥੋੜੇ ਚਿਰ ਬਾਅਦ ਇੱਕ ਕਮਰਾ ਉਸਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਨਿੱਤਨੇਮ ਦੀਆਂ ਬਾਣੀਆਂ ਦੇ ਜਾਪ ਹੋਣੇ ਸ਼ੁਰੂ ਹੋ ਗਏ । ਹੌਲੀ ਹੌਲੀ ਹੋਰ ਕਮਰੇ ਬਣ ਗਏ । ਅੱਜ ਇਸ ਗੁਰੂ ਘਰ ਦੀ ਸ਼ਾਨਦਾਰ ਇਮਾਰਤ ਬਣ ਗਈ ਹੈ।ਉਨ੍ਹਾਂ ਕਾਲੋਨੀ ਦੇ ਬੱਚਿਆਂ ਲਈ ਵਿੱਦਿਆ ਦੇਣ ਲਈ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਸ਼ੁਰੂਆਤ ਵੀ ਕੀਤੀ ਜੋ ਬਾਅਦ ‘ਚ ਕਿਸੇ ਹੋਰ ਵਿਅਕਤੀ ਨੇ ਲੈ ਲਿਆ ਅਤੇ ਉਹੀ ਸਕੂਲ ਹੁਣ ‘ ਔਕਸਫੋਰਡ ਸਕੂਲ’ ਦੇ ਨਾਂ ਤੇ ਚਲ ਰਿਹਾ ਹੈ ।ਇਹ ਸਾਰੇ ਕਾਰਜਾਂ ਨੂੰ ਸ਼ੁਰੂ ਕਰਨ ‘ਚ ਸ਼੍ਰ. ਰਣਜੀਤ ਸਿੰਘ ਢੀਂਡਸਾ ਨੇ ਅਹਿਮ ਭੂਮਿਕਾ ਨਿਭਾਈ । ਇਸ ਕਾਲੋਨੀ ‘ਚ ਏਨੀ ਸੰਘਣੀ ਆਬਾਦੀ ਹੋ ਗਈ ਹੈ , ਹੁਣ 2024 ਦੀਆਂ ਪੰਚਾਇਤੀ ਚੋਣਾਂ ਹੋਣ ਤੇ ਇਸ ਕਾਲੋਨੀ ਦੀ ਚੌਥੀ ਆਪਣੀ ਗ੍ਰਾਮ ਪੰਚਾਇਤ ਬਣੀ ਹੈ ।ਉਨ੍ਹਾਂ ਨੇ ਨਾਭਾ ਅਨਾਜ ਮੰਡੀ ਵਿਖੇ 1997 ਤੋਂ 2017 ਤੱਕ ਆੜ੍ਹਤ ਦਾ ਕੰਮ ਵੀ ਕੀਤਾ ।ਉਨ੍ਹਾਂ ਪਿੰਡ ਦੰਦਰਾਲਾ ਢੀਂਡਸਾ ਦੇ ਖ੍ਰੀਦ ਕੇਂਦਰ ‘ਚ ਵੀ ਆੜ੍ਹਤ ਦਾ ਕੰਮ ਕੀਤਾ ਅਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਵੀ ਰਹੇ । ਉਨ੍ਹਾਂ ਨੇ ਆਪਣੇ ਭਤੀਜੇ ਮਹਿੰਦਰ ੁਸਿੰਘ ਢੀਂਡਸਾ ਅਤੇ ਭਾਣਜੇ ਦਵਿੰਦਰ ਸਿੰਘ ਨੂੰ ਵੀ ਪ੍ਰਾਪਰਟੀ ਸਲਾਹਕਾਰ ਦਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਜੋ ਆਪਣਾ ਵਧੀਆ ਕੰਮ ਚਲਾ ਰਹੇ ਹਨ ।ਉਨ੍ਹਾਂ ਜਦੋਂ ਗੁਰੂ ਤੇਗ ਬਹਾਦਰ ਨਗਰ ਕਾਲੋਨੀ ਕੱਟਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਸਾਨੂੰ ਪਹਿਲਾਂ ਮੇਨ ਰੋਡ ਉੱਪਰ ਇੱਕ ਪਲਾਟ ਦੇ ਦਿੱਤਾ ਉਦੌ ਸਾਨੂੰ ਪਲਾਟਾਂ ਦੀ ਕੋਈ ਜਾਣਕਾਰੀ ਨਹੀਂ ਸੀ ਨਾ ਸੋਚਿਆ ਸੀ ਕਿ ਨਾਭੇ ਰਿਹਾਇਸ ਕਰਾਂਗੇ । ਚਲੋ ਇਸ ਪਲਾਟ ਦੀ ਰਜਿਸਟਰੀ ਹੋ ਗਈ। ਢੀਂਡਸਾ ਸਾਬ੍ਹ ਨੇ ਕਿਹਾ ਕਿ ਜੋ ਪਲਾਟ ਪਿਛਾਂਹ ਗਲੀ ਦੇ ਸਾਹਮਣੇ ਹੈ ਤੁਹਾਨੂੰ ਹੀ ਦੇਣਾ ਹੈ ਜਿਸ ਦਾ ਰੇਟ ਕਾਫੀ ਘੱਟ ਸੀ , ਉਹ ਵੀ ਉਨ੍ਹਾਂ ਦੀ ਹੀ ਦੇਣ ਹੈ। ਅਸੀਂ ਇਥੇ ਕਦੇ ਵੀ ਪਲਾਟ ਨਹੀਂ ਖਰੀਦ ਸਕਦੇ ਸੀ ਕਿਉਂ ਕਿ ਆਰਥਿਕ ਹਾਲਾਤ ਚੰਗੇ ਨਹੀਂ ਸਨ ਜੋ ਕਿ ਕਿਸ਼ਤਾਂ ‘ਚ ਪੈਸੇ ਦੇਣ ਕਾਰਨ ਕੰਮ ਚਲ ਗਿਆ । ਅੱਜ ਵੀ ਇਥੇ ਜ਼ਿਆਦਾ ਰੇਟ ਕਾਰਨ ਜਗ੍ਹਾ ਖਰੀਦਣੀ ਔਖੀ ਲੱਗਦੀ ਹੈ । ਇਹ ਪਿੰਡ ‘ਚ ਢੀਂਡਸਾ ਪਰਿਵਾਰ ਨਾਲ ਪਰਿਵਾਰਿਕ ਸਾਂਝ ਕਾਰਨ ਹੀ ਹੋ ਸਕਿਆ ।
ਧਾਰਮਿਕ ਬਿਰਤੀ ਹੋਣ ਕਾਰਨ ਉਨ੍ਹਾ ਨੇ 1986 ਵਿੱਚ ਸ੍ਰੀ ਗੁਰੂ ਗiਬਿੰਦ ਸਿੰਘ ਜੀ ਵਲੋਂ ਬਖਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ।ਗੁਰੂ ਘਰ ਨਿੱਤਨੇਮ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਨੇ ਉਨ੍ਹਾਂ ਦੀ ਪਟਿਆਲਾ ਰੋਡ ਤੇ ਰਿਹਾਇਸ਼ ਨੂੰ ਬਦਲ ਕੇ ਘੋੜਿਆਂ ਵਾਲਾ ਗੁਰੂਦੁਆਰਾ ਸਾਹਿਬ ਨੇੜੇ ਨਵੀਂ ਰਿਹਾਇਸ਼ ਮੋਤੀ ਬਾਗ ਨਾਭਾ ਵਿੱਚ ਬਣਾ ਲਈ ।
ਉਹ ਧਾਰਮਿਕ ਸਮਾਗਮਾਂ ਵਿੱਚ ਅਕਸਰ ਹਾਜ਼ਰੀ ਭਰਨ ਦੇ ਨਾਲ ਸਹਿਯੋਗ ਵੀ ਦਿੰਦੇ ਰਹਿੰਦੇ ਹਨ ।ਸੰਨ 2023 ਵਿੱਚ ‘ਗੁਰੂ ਹਰਗੋਬਿੰਦ ਸਾਹਿਬ ਸੇਵਾ ਸੋਸਾਇਟੀ’ ਹੋਂਦ ‘ਚ ਆਈ ਜਿਸ ਦੇ ਲੱਗਭੱਗ ਸੌ ਮੈਂਬਰ ਹਨ ਤਾਂ ਇਨ੍ਹਾਂ ਨੂੰ ਇਸ ਸੋਸਾਇਟੀ ਦੇ ਸ੍ਰਪਰਸ਼ਤ ਦੀ ਸੇਵਾ ਬਖਸ਼ਿਸ਼ ਹੋਈ । ਇਸ ਸੋਸਾਇਟੀ ਨੇ ਗਰੀਬ ਬੱਚਿਆਂ ਦੀ ਵਿੱਦਿਆ ਲਈ ਮਦਦ , ਪੜ੍ਹਾਈ ‘ਚ ਅੱਵਲ ਬੱਚਿਆਂ ਨੂੰ ਸਨਮਾਨਿਤ ਕਰਨਾ , ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਾਉਣੇ ਆਦਿ ਕਾਰਜ ਆਰੰਭ ਕੀਤੇ ਹੋਏ ਹਨ ।ਸ੍ਰ. ਰਣਜੀਤ ਸਿੰਘ ਢੀਂਡਸਾ ਦੇ ਵੱਡਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਜੋ ਕਿ ਐਮ.ਏ., ਐਲ.ਐਲ.ਬੀ. ( ਪੰਜਾਬੀ ਯੂਨੀਵਰਸਿਟੀ ) ਤੋਂ ਕਰਕੇ ਨਾਭਾ ਕੋਰਟ ਕੰਪਲੈਕਸ ਵਿਖੇ ਪ੍ਰੈਕਟਿਸ ਕਰ ਰਿਹਾ ਹੈ । ਉਸ ਦਾ ਵਿਆਹ ਸ੍ਰ. ਬਲਜੀਤ ਸਿੰਘ ਢਿੱਲੋਂ ਪਿੰਡ ਸਿੰਘੇਵਾਲਾ (ਬਠਿੰਡਾ ) ਦੀ ਪੁੱਤਰੀ ਵਿਪਨਪ੍ਰੀਤ ਕੌਰ ਨਾਲ ਹੋਇਆ , ਉਨ੍ਹਾਂ ਦੀ ਬੇਟੀ ਗੁਰਚਿਤਵਨ ਕੌਰ ਪੜ੍ਹ ਰਹੀ ਹੈ । ਦੂਸਰਾ ਬੇਟਾ ਵਰਿੰਦਰ ਸਿੰਘ ਢੀਂਡਸਾ ਐਮ.ਏ.( ਇੰਗਲਸ ) , ਐਲ.ਐਲ.ਬੀ. ( ਪੰਜਾਬ ਯੂਨੀਵਰਸਿਟੀ ) ਕਰਕੇ ਚੰਡੀਗੜ੍ਹ ਹਾਈ ਕੋਰਟ ਵਿਖੇ ਪ੍ਰੈਕਟਿਸ ਕਰ ਰਿਹਾ ਹੈ । ਉਸ ਦਾ ਵਿਆਹ ਕੂਮ ਕਲਾਂ (ਸਮਰਾਲਾ) ਵਿਖੇ ਡਾ. ਸੁਮਨਪ੍ਰੀਤ ਕੌਰ ਪੁੱਤਰੀ ਸਵ: ਸ੍ਰ. ਤਰਲੋਚਨ ਸਿੰਘ ਨਾਲ ਹੋਇਆ । ਉਨ੍ਹਾ ਦੀਆਂ ਦੋ ਬੇਟੀਆਂ ਅਵੀਰੂਪ ਕੌਰ ਅਤੇ ਅਨੀਤ ਕੌਰ ਹਨ ਜੋ ਕਿ ਮੋਹਾਲੀ ਵਿਖੇ ਰਹਿ ਰਹੇ ਹਨ ।ਸ੍ਰ. ਰਣਜੀਤ ਸਿੰਘ ਦੀਆਂ ਪੋਤਰੀਆਂ ਚੰਡੀਗੜ੍ਹ ਦੇ ਨਾਮਵਰ ਸਕੂਲ ‘ਕਾਰਮਲ ਪਬਲਿਕ ਸਕੂਲ’ ਵਿਖੇ ਪੜ੍ਹ ਰਹੀਆਂ ਹਨ । ਪਰਮੇਸ਼ਵਰ ਉਨ੍ਹਾਂ ਨੂੰ ਹੋਰ ਵਧੇਰੇ ਸਮਾਜ ਭਲਾਈ ਕੰਮਾਂ ਨੂੰ ਕਰਨ ਲਈ ਤੰਦਰੁਸਤੀ, ਸੁਮੱਤ ਅਤੇ ਚੜ੍ਹਦੀਕਲਾ ਬਖਸ਼ਣ ।
ਮੇਜਰ ਸਿੰਘ ਨਾਭਾ, ਮੋ: 9463553962