
ਤਲਵੰਡੀ ਸਾਬੋ 12 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਚਰਚਿਤ ਯੁਵਾ ਸ਼ਾਇਰਾ ਅਤੇ ਲੇਖਕਾ ਰੂਹੀ ਸਿੰਘ ਨੂੰ ਪਟਿਆਲੇ ਵਿਖੇ ਇੱਕ ਸਾਹਿਤਕ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਦੀ ਅਗਵਾਈ ਅਧੀਨ ਕਾਰਜਕਾਰਨੀ ਦੀ ਹੋਈ ਇਕੱਤਰਤਾ ਵਿਚ ਸਾਲ 2024 ਲਈ ਚੌਥਾ “ਪ੍ਰੀਤਿਕਾ ਸ਼ਰਮਾ ਸਾਹਿਤਕ ਪੁਰਸਕਾਰ” ਉੱਘੀ ਯੁਵਾ-ਕਵਿੱਤਰੀ ਰੂਹੀ ਸਿੰਘ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਉਹਨਾਂ ਨੂੰ ਨਕਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ। ਕੌਮੀ ਪੱਧਰ ਦੇ ਕਵੀ-ਦਰਬਾਰਾਂ ਵਿੱਚ ਸ਼ਮੂਲੀਅਤ ਕਰਨ ਵਾਲੀ ਰੂਹੀ ਸਿੰਘ ਅਜੋਕੇ ਦੌਰ ਦੀ ਉਹ ਅਗਾਂਹਵਧੂ ਸ਼ਾਇਰਾ ਹੈ, ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਚੰਗਾ ਨਾਮਣਾ ਖੱਟਿਆ ਹੈ। ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੀ (ਬੀਏ – ਆਨਰਜ਼ ਇਨ ਇੰਗਲਿਸ਼) ਗੋਲਡ ਮੈਡਲਿਸਟ ਰਹਿ ਚੁੱਕੀ ਇਹ ਹੋਣਹਾਰ ਕਲਮਕਾਰ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਗਰੇਜ਼ੀ ਵਿਭਾਗ ਤੋਂ ਪੀਐਚਡੀ ਕਰ ਰਹੀ ਹੈ। ਉਸ ਦੀਆਂ ਦੋ ਬਾਲ ਪੁਸਤਕਾਂ ‘ਗੁਲਦਾਊਦੀਆਂ’ ਅਤੇ ‘ਸੁਨਹਿਰੀ ਸਵੇਰ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੂੰ ‘ਤਾਰੇ ਭਲਕ ਦੇ’ ਪੁਰਸਕਾਰ ਸਮੇਤ ਹੋਰ ਅਨੇਕ ਸੰਸਥਾਵਾਂ ਵੱਲੋਂ ਮਾਣ-ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਉਸ ਨੇ ਪੰਜਾਬੀ ਸ਼ਾਇਰੀ ਅਤੇ ਬਾਲ-ਸਾਹਿਤ ਦੇ ਜ਼ਰੀਏ ਔਰਤ ਅਤੇ ਬਾਲ-ਮਨ ਦੀ ਸੰਵੇਦਨਾ, ਕੋਮਲਤਾ ਅਤੇ ਸੰਭਾਵਨਾਵਾਂ ਨੂੰ ਖ਼ੂਬਸੂਰਤੀ ਨਾਲ ਚਿੱਤਰਿਆ ਹੈ। ਡਾ. ਆਸ਼ਟ ਅਨੁਸਾਰ ਸਭਾ ਦੇ ਜਨਰਲ ਸਕੱਤਰ ਸ੍ਰੀ ਦਵਿੰਦਰ ਪਟਿਆਲਵੀ ਦੇ ਪਰਿਵਾਰ ਵੱਲੋਂ ਇਹ ਪੁਰਸਕਾਰ ਹਰ ਸਾਲ ਉਹਨਾਂ ਦੀ ਬੇਟੀ ਪ੍ਰੀਤਿਕਾ ਸ਼ਰਮਾ ਦੇ ਜਨਮ ਦਿਨ ਦੇ ਅਵਸਰ ਤੇ ਪੰਜਾਬੀ ਸਾਹਿਤ ਦੇ ਕਿਸੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਲੇਖਕਾ ਨੂੰ ਦੇਣ ਦੀ ਪਿਰਤ ਸ਼ੁਰੂ ਕੀਤੀ ਗਈ ਹੈ। ਇਹ ਪੁਰਸਕਾਰ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸਹਿਯੋਗ ਨਾਲ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਇਹ ਪੁਰਸਕਾਰ ਸਰਬਜੀਤ ਕੌਰ ਜੱਸ, ਸੁਖਚੰਚਲ ਕੌਰ ਅਤੇ ਕਮਲ ਸੇਖੋਂ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ।
ਰੂਹੀ ਸਿੰਘ ਨੂੰ ਇਹ ਪੁਰਸਕਾਰ ਆਉਂਦੇ ਐਤਵਾਰ, ਯਾਨੀ 14 ਅਪਰੈਲ 2024 ਨੂੰ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਵਿਚ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।