‘ਭਾਜਪਾ ਹਰਾਓ-ਦੇਸ਼ ਬਚਾਓ’ ਹੋਵੇਗਾ ਪਾਰਟੀ ਦਾ ਮੁੱਖ ਨਾਅਰਾ’ : ਹਰਦੇਵ ਅਰਸ਼ੀ
ਫਰੀਦਕੋਟ , 24 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਜਿਲਾ ਕੌਂਸਲ ਫਰੀਦਕੋਟ ਦੀ ਇੱਕ ਹੰਗਾਮੀ ਮੀਟਿੰਗ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ 18ਵੀਂ ਲੋਕ ਸਭਾ ਲਈ ਹੋਣ ਵਾਲੀਆਂ ਚੋਣਾਂ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਪਿਛਲੇ ਸਮੇਂ ਤੋਂ ਚੱਲ ਰਹੀ ਵਿਚਾਰਧਾਰਕ ਜੰਗ ਦਾ ਸਿਖਰ ਹਨ, ਜਿਸ ਨੇ ਦੇਸ਼ ਦਾ ਭਵਿੱਖ ਤਹਿ ਕਰਨਾ ਹੈ। ਉਹਨਾਂ ਦੱਸਿਆ ਕਿ ਕਮਿਊਨਿਸਟ ਪਾਰਟੀ ਆਪਣੀ 98 ਸਾਲ ਪਹਿਲਾਂ ਹੋਈ ਸਥਾਪਨਾ ਤੋਂ ਲੈ ਕੇ ਲਗਾਤਾਰ ਦੇਸ਼ ਦੀ ਬਹੁਗਿਣਤੀ ਵਸੋਂ ਖਾਸ ਕਰਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸੰਸਦ ਦੇ ਅੰਦਰ ਅਤੇ ਬਾਹਰ ਸੰਘਰਸ਼ ਕਰਦੀ ਆ ਰਹੀ ਹੈ। ਇਹ ਚੋਣਾਂ ਵੀ ਸਾਡੇ ਲੋਕ ਸੰਘਰਸ਼ਾਂ ਦਾ ਹੀ ਹਿੱਸਾ ਹਨ। ਉਨਾਂ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੂੰ ਪਾਰਟੀ ਦੇ ਫਰੀਦਕੋਟ ਹਲਕੇ ਵਿੱਚ ਚੋਣ ਲੜਣ ਲਈ ਯੋਗ ਉਮੀਦਵਾਰ ਦੀ ਸਿਫ਼ਾਰਸ਼ ਕਰਨ ਲਈ ਕਿਹਾ। ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਸੇਵਾਮੁਕਤ ਲੈਕਚਰਾਰ ਗੁਰਚਰਨ ਸਿੰਘ ਮਾਨ ਦਾ ਨਾਂਅ ਪੇਸ਼ ਕੀਤਾ ਤਾਂ ਸਾਰਿਆ ਨੇ ਸਹਿਮਤੀ ਦਿੰਦਿਆਂ ਇਨਕਲਾਬ ਜਿੰਦਾਬਾਦ ਦਾ ਨਾਹਰਾ ਲਾ ਦਿੱਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਨਾਲ ਇਸ ਹਲਕੇ ਤੋਂ ਮੁਕਾਬਲੇ ਬਹੁਕੋਨੇ ਹੋਣੇ ਸੁਭਾਵਿਕ ਹਨ।