ਪ੍ਰਿੰਸੀਪਲ ਧਵਨ ਕੁਮਾਰ ਨੇ ਇੱਕ ਰੋਜਾ ਸੈਮੀਨਾਰ ’ਚ ਸਕੂਲ ਅਧਿਆਪਕਾਂ ਨੂੰ ਦੱਸੇ ਜਰੂਰੀ ਨੁਕਤੇ
ਕੋਟਕਪੂਰਾ, 17 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਧੀਆ ਸਕੂਲ ਮੁਖੀ ਉਹ ਹੁੰਦੇ ਹਨ, ਜੋ ਅਧਿਆਪਕਾਂ ਦੀ ਯੋਗਤਾ ਅਤੇ ਹੁਨਰ ਨੂੰ ਨਿਖਾਰਨ ਲਈ ਲੋੜੀਂਦੇ ਸਮੇਂ ਨੂੰ ਖਰਚਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਇਹਨਾਂ ਗੁਣਾਂ ਦੀ ਤਰਜਮਾਨੀ ਕਰਦੇ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੂੰ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਆਮਦ ਕਰਵਾਉਣ ਵਾਲੇ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲਿਆ। ਪ੍ਰਿੰਸੀਪਲ ਧਵਨ ਕੁਮਾਰ ਨੂੰ ਸ਼ੁਰੂ ਤੋਂ ਹੀ ਇਸ ਗੱਲ ਦੀ ਚੇਟਕ ਹੈ ਕਿ ਉਹ ਪੇਂਡੂ ਸਕੂਲਾਂ ’ਚ ਪੜਨ ਵਾਲੇ ਬੱਚਿਆਂ ਅਤੇ ਅਧਿਆਪਕਾਂ ਦੀ ਯੋਗਤਾ ਅਤੇ ਹੁਨਰ ਨੂੰ ਨਿਖਾਰਨ ਇਸ ਕਰਮ ਨੂੰ ਲੀਹਾਂ ’ਤੇ ਪਾਉਣ ਲਈ ਮਨਿੰਦਰਪਾਲ (ਚੇਅਰਮੈਨ ਗੋਲਡਨ ਟਾਈਮ ਪਬਲਿਕੇਸ਼ਨਜ) ਨੇ ਧਵਨ ਕੁਮਾਰ ਨੂੰ ਬਤੌਰ ਟਰੇਨਰ ਐਸੋਸੀਏਟ ਕੀਤਾ, ਇਹਨਾਂ ਦੇ ਸਹਿਯੋਗ ਸਦਕਾ ਧਵਨ ਕੁਮਾਰ ਨੇ ਬਹੁਤ ਸਾਰੇ ਸਕੂਲਾਂ ਵਿੱਚ ਵਿਜ਼ਿਟ ਕੀਤਾ ਅਤੇ ਵੱਖ-ਵੱਖ ਵਿਸ਼ਿਆਂ ’ਤੇ ਅਧਿਆਪਕ ਵਰਗ ਨੂੰ ਸਿਖਲਾਈ ਦਿੱਤੀ, ਗੋਲਡਨ ਟਾਈਮ ਪਬਲਿਕੇਸ਼ਨਜ਼ ਦੇ ਟੀਮ ਮੈਂਬਰ ਸੁਰਿੰਦਰ ਸਿੰਘ ਦੇ ਸਹਿਯੋਗ ਨਾਲ਼ ਬੀਤੇ ਦਿਨੀਂ ਸਿਲਵਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਭੀਖੀ ਮਾਨਸਾ ਵਿਖੇ ਵਿਜ਼ਿਟ ਕੀਤਾ। ਸਕੂਲ ਪ੍ਰਿੰਸੀਪਲ ਮੈਡਮ ਕਿਰਨ ਬਾਲਾ ਅਤੇ ਸਮੂਹ ਸਟਾਫ਼ ਵਲੋਂ ਧਵਨ ਕੁਮਾਰ ਦਾ ਨਿੱਘਾ ਸਵਾਗਤ ਕੀਤਾ ਗਿਆ, ਇਸ ਉਪਰੰਤ ਧਵਨ ਕੁਮਾਰ ਨੇ ਅਜਿਹੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਚਰਚਾ ਕੀਤੀ, ਜਿਨਾਂ ਰਾਹੀਂ ਬੱਚਿਆਂ ਦੀ ਵਿੱਦਿਅਕ ਯੋਗਤਾ ’ਚ ਸੁਧਾਰ ਕੀਤਾ ਜਾ ਸਕੇ! ਉਹਨਾਂ ਵਲੋਂ ਅਧਿਆਪਕਾਂ ਨਾਲ ਪ੍ਰਭਾਵਸ਼ਾਲੀ ਪਾਠ ਯੋਜਨਾ ਉੱਪਰ ਜਿੱਥੇ ਚਰਚਾ ਕੀਤੀ ਗਈ, ਉੱਥੇ ਇਹ ਵੀ ਦੱਸਿਆ ਕਿ ਕਿਸੇ ਵੀ ਵਿਸੇ ਨੂੰ ਪੜਾਉਣ ਤੋਂ ਪਹਿਲਾਂ ਪਾਠ ਯੋਜਨਾ ਕਰਨਾ ਇੱਕ ਅਧਿਆਪਕ ਦੇ ਪੜਾਉਣ ਵਿਧੀ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਧਵਨ ਕੁਮਾਰ ਵਲੋਂ ਇਸ ਇੱਕ ਰੋਜਾ ਸੈਮੀਨਾਰ ’ਚ ਭੀਖੀ ਸਕੂਲ ਦੇ ਅਧਿਆਪਕਾਂ ਨੂੰ ਅਜੋਕੇ ਯੁੱਗ ਦੀਆਂ ਤਕਨੀਕੀ ਅਤੇ ਵਿਦਿਅਕ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਕਲਾਸ ਰੂਮ ਮੈਨੇਜਮੈਂਟ ਸਿਖਲਾਈ, ਸੀ.ਬੀ.ਐਸ.ਈ. ਵਲੋਂ ਜਾਰੀ ਕੀਤੇ ਨਵੇਂ ਪਾਠਕ੍ਰਮ ਦੀਆਂ ਲੋੜਾਂ, ਖੇਡ ਵਿਧੀ ਰਾਹੀਂ ਬੱਚਿਆਂ ਨੂੰ ਸਿਖਾਉਣਾ, ਮਾਪਿਆਂ ਨੂੰ ਬੱਚਿਆਂ ਦੀ ਪੜਾਈ ਪ੍ਰਤੀ ਸੰਤੁਸ਼ਟ ਕਰਨਾ ਅਤੇ ਬੱਚਿਆਂ ਨੂੰ ਹਰ ਖੇਤਰ ’ਚ ਉਤਸ਼ਾਹਿਤ ਕਰਨ ਦੇ ਢੰਗਾਂ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਗਈ। ਉਪਰੋਕਤ ਸਾਰੇ ਵਿਸ਼ਿਆਂ ’ਤੇ ਚਰਚਾ ਕਰਨ ਉਪਰੰਤ ਅਧਿਆਪਕਾਂ ਅਤੇ ਸਕੂਲ ਦੇ ਪ੍ਰਿੰਸੀਪਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦਾ ਸੈਮੀਨਾਰ ਬਹੁਤ ਹੀ ਸਫ਼ਲ ਸੈਮੀਨਾਰ ਰਿਹਾ, ਜਿੱਥੇ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਗੱਲ ਕੀਤੀ ਗਈ, ਉੱਥੇ ਹੀ ਅਧਿਆਪਕਾਂ ਦੀ ਯੋਗਤਾ ਤੇ ਪ੍ਰਤਿਭਾ ਨਿਖਾਰਨ ਲਈ ਬਹੁਤ ਸਾਰੀਆਂ ਸਿੱਖਿਆ ਨੀਤੀਆਂ ਅਤੇ ਵਿਚਾਰਾਂ ਨੂੰ ਸਾਂਝੇ ਕੀਤਾ ਗਿਆ। ਇਸ ਇੱਕ ਰੋਜ਼ਾ ਸੈਮੀਨਾਰ ਦੀ ਸਮਾਪਤੀ ’ਤੇ ਸਿਲਵਰ ਵਾਟਿਕਾ ਸਕੂਲ ਦੇ ਚੇਅਰਮੈਨ ਸ਼੍ਰੀਮਾਨ ਰਿਸ਼ਭ ਅਤੇ ਪ੍ਰਬੰਧਕੀ ਕਮੇਟੀ ਨੇ ਜਿੱਥੇ ਧਵਨ ਕੁਮਾਰ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ, ਉੱਥੇ ਹੀ ਉਹਨਾਂ ਇਹ ਵੀ ਕਾਮਨਾ ਕੀਤੀ ਕਿ ਅਜੋਕੇ ਸਮੇਂ ’ਚ ਅਜਿਹੇ ਪ੍ਰਿੰਸੀਪਲਾਂ ਦੀ ਸਕੂਲਾਂ ਨੂੰ ਖਾਸ ਤੌਰ ’ਤੇ ਜਰੂਰਤ ਹੈ, ਅਤੇ ਸਿਲਵਰ ਵਾਟਿਕਾ ਸਕੂਲ ਦੇ ਚੇਅਰਮੈਨ ਸ਼੍ਰੀਮਾਨ ਰਿਸ਼ਭ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਧਵਨ ਕੁਮਾਰ ਨੂੰ ਭਵਿੱਖ ’ਚ ਅਜਿਹੇ ਹੋਰ ਸੈਮੀਨਾਰ ਵਿੱਢਣ ਲਈ ਪ੍ਰੇਰਿਤ ਕੀਤਾ।