ਮਨੁੱਖੀ ਜ਼ਿੰਦਗੀ ਦੇ ਤਿੰਨ ਪੜਾਅ ਹਨ:ਬਚਪਨ, ਜਵਾਨੀ ਅਤੇ ਬੁਢਾਪਾ। ਬੁਢਾਪਾ ਜ਼ਿੰਦਗੀ ਦਾ ਆਖਰੀ ਪੜਾਅ ਹੈ ਜਿਸ ਨੂੰ ਕਿ ਆਮ ਤੌਰ ਤੇ ਮਨੁੱਖ ਬੜੇ ਸੰਘਰਸ਼ਾਂ ਨਾਲ ਗੁਜ਼ਾਰਦਾ ਹੈ। ਬਜ਼ੁਰਗ ਬੋਹੜ ਦੇ ਉਸ ਰੁੱਖ ਵਾਂਗ ਹੁੰਦੇ ਹਨ ਜਿਸ ਦੀ ਘਣੀ ਛਾਂ ਹੇਠ ਬੱਚੇ ਅਤੇ ਉਹਨਾਂ ਦਾ ਪਰਿਵਾਰ ਵੱਧਦਾ ਫੁੱਲਦਾ ਹੈ। ਇਹ ਸਾਡੇ ਘਰਾਂ ਦੀਆਂ ਉਹ ਮਜਬੂਤ ਨੀਹਾਂ ਹਨ ਜਿਨਾਂ ਉੱਤੇ ਸਾਡੇ ਭਵਿੱਖ ਰੂਪੀ ਘਰ ਦੀਆਂ ਇਮਾਰਤਾਂ ਖੜੀਆਂ ਹੁੰਦੀਆਂ ਹਨ। ਇਹਨਾਂ ਦੇ ਅਨੁਭਵ ਆਪਣੇ ਬੱਚਿਆਂ ਦੇ ਹਨੇਰੇ ਰਾਹਾਂ ਨੂੰ ਰੁਸ਼ਨਾਉਂਦੇ ਹਨ। ਇਸ ਲਈ ਬਜ਼ੁਰਗ ਸਾਡੀ ਅਸਲੀ ਪੂੰਜੀ ਅਤੇ ਸਰਮਾਇਆ ਹਨ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸੰਭਾਲ ਕੇ ਰੱਖਣ ਦੀ ਜਰੂਰਤ ਹੈ। ਪਰ ਅੱਜ ਕੱਲ ਦੇ ਸਮੇਂ ਵਿੱਚ ਬਜ਼ੁਰਗਾਂ ਨੂੰ ਮਾਨ ਸਤਿਕਾਰ ਅਤੇ ਪਿਆਰ ਦੀ ਥਾਂ ਅਪਮਾਨ, ਸ਼ੋਸ਼ਣ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੂਰੇ ਵਿਸ਼ਵ ਵਿੱਚ ਬਜ਼ੁਰਗਾਂ ਨਾਲ ਵੱਧ ਰਹੇ ਸ਼ੋਸ਼ਣ, ਵਿਤਕਰੇ ਅਤੇ ਦੁਰਵਿਵਹਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਬਜ਼ੁਰਗ ਲੋਕਾਂ ਦੇ ਅਧਿਕਾਰਾਂ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਦੀ ਸਥਾਪਨਾ ਇੰਟਰਨੈਸ਼ਨਲ ਨੈਟਵਰਕ ਫਾਰ ਪ੍ਰੀਵੈਂਸ਼ਨ ਆਫ ਐਲਡਰ ਅਬਿਊਜ ਦੁਆਰਾ 2006 ਵਿੱਚ ਕੀਤੀ ਗਈ। ਸੰਯੁਕਤ ਰਾਸ਼ਟਰ ਮਹਾਸਭਾ ਨੇ 2011 ਵਿੱਚ ਇਸ ਨੂੰ ਮਾਨਤਾ ਦਿੱਤੀ ਅਤੇ ਹਰ ਸਾਲ 15 ਜੂਨ ਨੂੰ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਵਜੋਂ ਮਨਾਉਣ ਲਈ ਐਲਾਨ ਕੀਤਾ। ਇਹ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬਜ਼ੁਰਗਾਂ ਨਾਲ ਹੋ ਰਹੀ ਬੱਦਸਲੂਕੀ, ਇਸ ਦੀਆਂ ਕਿਸਮਾਂ ਅਤੇ ਇਸ ਨੂੰ ਕਿਵੇਂ ਪਛਾਣਨਾ ਹੈ ਇਸ ਦੇ ਬਾਰੇ ਜਨਤਾ ਨੂੰ ਸਿੱਖਿਆ ਦੇਣਾ, ਵਿਅਕਤੀਆਂ ਨੂੰ ਬਜ਼ੁਰਗਾਂ ਨਾਲ ਦੁਰਵਿਵਹਾਰ ਦੀ ਰਿਪੋਰਟ ਕਰਨ ਲਈ ਉਤਸਾਹਿਤ ਕਰਨਾ, ਬਜ਼ੁਰਗਾਂ ਦੀ ਸੁਰੱਖਿਆ ਲਈ ਬਣਾਏ ਹੋਏ ਕਾਨੂੰਨ, ਨੀਤੀਆਂ ਅਤੇ ਸਹਾਇਤਾ ਸੇਵਾਵਾਂ ਦੀ ਮੰਗ ਕਰਨਾ ਅਤੇ ਰੂੜੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਬਜ਼ੁਰਗ ਦੁਰਵਿਵਹਾਰ ਨੂੰ ਇੱਕ ਨੁਕਸਾਨ ਦੇਹ ਜਾਂ ਦੁੱਖਦਾਈ ਕਾਰਵਾਈ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਇਕ ਅਜਿਹੇ ਰਿਸ਼ਤੇ ਵਿੱਚ ਵਾਪਰਦਾ ਹੈ ਜਿੱਥੇ ਵਿਸ਼ਵਾਸ ਦੀ ਉਮੀਦ ਹੁੰਦੀ ਹੈ। ਇਹ ਸਰੀਰਕ, ਮਨੋਵਿਗਿਆਨਕ, ਭਾਵਨਾਤਮਕ, ਜਿਨਸੀ ਅਤੇ ਵਿੱਤੀ ਸ਼ੋਸ਼ਣ ਸਮੇਤ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੋ ਸਕਦਾ ਹੈ। ਬਜ਼ੁਰਗਾਂ ਨਾਲ ਦੁਰਵਿਵਹਾਰ ਜਾਣ ਬੁਝ ਕੇ ਜਾਂ ਅਨਜਾਨ ਅਣਗਹਿਲੀ ਦੇ ਨਤੀਜੇ ਵਜੋਂ ਵੀ ਹੋ ਸਕਦਾ ਹੈ। ਜਿੱਥੇ ਬਜ਼ੁਰਗ ਵਿਅਕਤੀਆਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਨ। ਬਜ਼ੁਰਗ ਬਾਲਗਾਂ ਦੀ ਭਲਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਜ਼ੁਰਗਾਂ ਨਾਲ ਦੁਰਵਿਵਹਾਰ ਨੂੰ ਹੱਲ ਕਰਨਾ ਅਤੇ ਰੋਕਣਾ ਮਹੱਤਵਪੂਰਨ ਹੈ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ ਪੂਰੇ ਵਿਸ਼ਵ ਵਿਚ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਛੇ ਵਿੱਚੋਂ ਇੱਕ ਵਿਅਕਤੀ ਨੇ ਪਿਛਲੇ ਸਾਲ ਕਮਿਊਨਿਟੀ ਸੈਂਟਰਾਂ ਵਿੱਚ ਕਿਸੇ ਕਿਸਮ ਦੇ ਦੁਰਵਿਵਹਾਰ ਦਾ ਅਨੁਭਵ ਕੀਤਾ ਹੈ। 2019 ਅਤੇ 2030 ਦੇ ਵਿਚਕਾਰ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਵਿਸ਼ਵ ਵਿਆਪੀ ਆਬਾਦੀ 38% ਵਧਣ ਦਾ ਅਨੁਮਾਨ ਹੈ ਜੋ 1.4 ਬਿਲੀਅਨ ਤੱਕ ਪਹੁੰਚ ਜਾਵੇਗਾ।
ਭਾਰਤ ਵਿੱਚ ਬਜ਼ੁਰਗਾਂ ਨਾਲ ਬਦਸਲੂਕੀ ਬਾਰੇ ਜਾਗਰੂਕਤਾ ਬਹੁਤ ਘੱਟ ਹੈ। ਆਮ ਤੌਰ ਤੇ ਘਰਾਂ ਅਤੇ ਨਰਸਿੰਗ ਹੋਮਾਂ ਦੀਆਂ ਕੰਧਾਂ ਦੇ ਅੰਦਰ ਪਰਿਵਾਰਕ ਮੈਂਬਰ ਅਤੇ ਦੇਖਭਾਲ ਕਰਨ ਵਾਲੇ ਵਿਅਕਤੀ ਦੁਰ ਵਿਵਹਾਰ ਨੂੰ ਅੰਜਾਮ ਦਿੰਦੇ ਹਨ। 2014 ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਭਾਰਤ ਦੇ ਅੱਧੇ ਬਜ਼ੁਰਗ ਵਿਅਕਤੀਆਂ ਨੇ ਦੁਰ ਵਿਵਹਾਰ ਦਾ ਅਨੁਭਵ ਕੀਤਾ ਜਿਸ ਵਿੱਚ 77% ਨੇ ਆਪਣੇ ਪਰਿਵਾਰਾਂ ਵਿੱਚ ਦੁਰ ਵਿਵਹਾਰ ਦੀ ਪਛਾਣ ਕੀਤੀ। ਸੰਨ 2022 ਵਿੱਚ ਹੈਲਪ ਏਜ ਇੰਡੀਆ (HelpAge India) ਵੱਲੋਂ 22 ਸ਼ਹਿਰਾਂ ਵਿੱਚ ਕੀਤੇ ਸਰਵੇਖਣ ਵਿੱਚ ਪਤਾ ਲੱਗਿਆ ਕਿ ਭਾਰਤ ਵਿੱਚ 35% ਬਜ਼ੁਰਗਾਂ ਨੂੰ ਆਪਣੇ ਪੁੱਤਰਾਂ ਦੁਆਰਾ 21% ਨੂੰ ਨੂਹਾਂ ਦੁਆਰਾ ਅਤੇ 2 % ਨੂੰ ਦੇਖਭਾਲ ਕਰਨ ਵਾਲਿਆਂ ਦੁਆਰਾ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵਿੱਚ 46% ਬਜ਼ੁਰਗ ਕਿਸੇ ਵੀ ਕਿਸਮ ਦੇ ਦੁਰਵਿਵਹਾਰ ਨਿਵਾਰਨ ਵਿਧੀ ਜਾਂ ਉਪਲਬਧ ਕਾਨੂੰਨੀ ਸਹਾਇਤਾ ਤੋਂ ਅਣਜਾਣ ਹਨ।
ਨੈਸ਼ਨਲ ਕੌਂਸਲ ਆਨ ਏਜਿੰਗ (2021) ਦੇ ਅਨੁਸਾਰ ਦੁਰ ਵਿਵਹਾਰ ਕੀਤੇ ਗਏ ਬਜ਼ੁਰਗ ਬਾਲਗਾਂ ਦੀ ਮੌਤ ਦੀ ਸੰਭਾਵਨਾ 300% ਵੱਧ ਹੈ ਉਹਨਾਂ ਲੋਕਾਂ ਨਾਲੋਂ ਜਿਨਾਂ ਨਾਲ ਦੁਰਵਿਵਹਾਰ ਨਹੀਂ ਕੀਤਾ ਗਿਆ ਹੈ। ਇਸੇ ਤਰ੍ਹਾਂ ਮਨੋਵਿਗਿਆਨਿਕ ਤੌਰ ਤੇ ਦੁਰਵਿਵਹਾਰ ਕੀਤੇ ਗਏ ਬਜ਼ੁਰਗ ਬਾਲਗਾਂ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੀ ਸੰਭਾਵਨਾ 5.3 ਗੁਣਾ ਜਿਆਦਾ ਹੈ।
ਭਾਰਤ ਸਰਕਾਰ ਵੱਲੋਂ ਬਜ਼ੁਰਗਾਂ ਦੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਕਈ ਪ੍ਰੋਗਰਾਮ ਉਲੀਕੇ ਹਨ ਜਿਨਾਂ ਵਿੱਚੋਂ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ, ਅੰਨ ਪੂਰਨਾ ਪ੍ਰੋਗਰਾਮ, ਬਜ਼ੁਰਗ ਵਿਅਕਤੀਆਂ ਲਈ ਰਾਸ਼ਟਰੀ ਨੀਤੀ ਅਤੇ ਮਾਤਾ ਪਿਤਾ ਦੀ ਦੇਖਭਾਲ ਅਤੇ ਭਲਾਈ ਅਤੇ ਸੀਨੀਅਰ ਸਿਟੀਜਨ ਐਕਟ ਸ਼ਾਮਿਲ ਹਨ। ਕਈ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਕਿ ਹੈਲਪ ਏਜ ਇੰਡੀਆ ਅਤੇ ਏਜ ਵੈਲ ਫਾਊਂਡੇਸ਼ਨ ਬਜ਼ੁਰਗਾਂ ਨਾਲ ਦੁਰਵਿਵਹਾਰ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਮਾਤਾ-ਪਿਤਾ ਅਤੇ ਸੀਨੀਅਰ ਸਿਟੀਜ਼ਨ ਮੇਨਟੇਨੈਂਸ ਐਂਡ ਵੈਲਫੇਅਰ ਐਕਟ, 2007 ਬਜ਼ੁਰਗ ਨਾਗਰਿਕਾਂ ਦੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਵਿਧਾਨਕ ਪਹਿਲ ਕਦਮੀ ਹੈ। ਇਸ ਨੇ ਸੀਨੀਅਰ ਸਿਟੀਜਨ ਟ੍ਰੀਬਿਊਨਲ ਵਜੋਂ ਜਾਣੇ ਜਾਂਦੇ ਵਿਸ਼ੇਸ਼ ਟ੍ਰੀਬਿਊਨਲਾਂ ਦੀ ਸਥਾਪਨਾ ਕੀਤੀ ਜੋ ਬਜ਼ੁਰਗਾਂ ਨਾਲ ਦੁਰਵਿਵਹਾਰ ਨਾਲ ਸੰਬੰਧਿਤ ਕੇਸਾਂ ਨੂੰ ਸੰਭਾਲਦੇ ਹਨ ਅਤੇ ਪੀੜਤਾਂ ਨੂੰ ਕਾਨੂੰਨੀ ਪਲੇਟਫਾਰਮ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਮਾਤਾ ਪਿਤਾ ਅਤੇ ਸੀਨੀਅਰ ਨਾਗਰਿਕਾਂ ਦਾ ਰੱਖ ਰਖਾਅ ਅਤੇ ਭਲਾਈ ਐਕਟ 2007 ਬਾਲਗ ਬੱਚਿਆਂ ਨੂੰ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਅਤੇ ਭਲਾਈ ਕਰਨ ਲਈ ਪਾਬੰਦ ਕਰਦਾ ਹੈ। ਬਜ਼ੁਰਗ ਆਪਣੇ ਬੱਚਿਆਂ ਤੋਂ ਮਹੀਨਾ ਵਾਰ ਭੱਤੇ ਲਈ ਅਰਜ਼ੀ ਦੇ ਸਕਦੇ ਹਨ ਜੇਕਰ ਬੱਚੇ ਉਨਾਂ ਨੂੰ ਗੁਜ਼ਾਰਾ ਭੱਤਾ ਨਹੀਂ ਦਿੰਦੇ ਤਾਂ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ। ਸੀਨੀਅਰ ਨਾਗਰਿਕਾਂ ਨੂੰ ਪਰੇਸ਼ਾਨ ਕਰਨ ਵਾਲੇ ਵਿਅਕਤੀ ਨੂੰ ਅਪਰਾਧਿਕ ਧਮਕੀ ਦੇਣ ਲਈ ਧਾਰਾ 506 ਦੇ ਤਹਿਤ ਲਿਆਂਦਾ ਜਾ ਸਕਦਾ ਹੈ। ਜੇਕਰ ਵਿਅਕਤੀ ਕਿਸੇ ਸੀਨੀਅਰ ਸਿਟੀਜ਼ਨ ਨਾਲ ਮਾਨਸਿਕ ਜਾਂ ਜ਼ੁਬਾਨੀ ਤੌਰ ‘ਤੇ ਦੁਰਵਿਵਹਾਰ ਕਰਦਾ ਹੈ, ਤਾਂ ਧਾਰਾ 294 ਅਧੀਨ ਕੇਸ ਲਾਗੂ ਕੀਤਾ ਜਾ ਸਕਦਾ ਹੈ। ਕਿਸੇ ਕਿਸਮ ਦੇ ਬਜ਼ੁਰਗ ਨਾਲ ਹੋ ਰਹੇ ਦੁਰਵਿਵਹਾਰ ਦੀ ਸੂਚਨਾ ਸੀਨੀਅਰ ਸਿਟੀਜਨ ਹੈਲਪ ਲਾਈਨ ਡਿਗਨਿਟੀ ਹੈਲਪਲਾਈਨ ਨੂੰ 18002678780 ਤੇ ਕਾਲ ਕਰਕੇ ਦਿੱਤੀ ਜਾ ਸਕਦੀ ਹੈ। ਬਜ਼ੁਰਗ ਵਿਰੁੱਧ ਦੁਰਵਿਵਹਾਰ ਦੇ ਅਪਰਾਧੀਆਂ ਨੂੰ ਤਿੰਨ ਤੋਂ ਛੇ ਮਹੀਨਿਆਂ ਦੀ ਕੈਦ ਅਤੇ 10 ਹਜਾਰ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾ ਹੋ ਸਕਦੀਆਂ ਹਨ।
ਇਸ ਸਾਲ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਵਿਸ਼ਵ ਸਿਹਤ ਸੰਗਠਨ (WHO), ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਮਾਮਲਿਆਂ ਦਾ ਵਿਭਾਗ(UN-DESA) ਅਤੇ ਬਜ਼ੁਰਗ ਦੁਰਵਿਵਹਾਰ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਨੈੱਟਵਰਕ(INPEA) ਵੱਲੋਂ ਜਿਨੇਵਾ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਸਾਲ ਦੀ ਥੀਮ “Spotlight on Older Persons in Emergencies” ਹੈ । ਸੰਕਟ ਦੇ ਦੌਰਾਨ ਬਜ਼ੁਰਗ ਵਿਅਕਤੀਆਂ ਦੀ ਸੁਰੱਖਿਆ ਅਤੇ ਸਹਾਇਤਾ ਕਰਨ ਦੀ ਮਹੱਤਵਪੂਰਨ ਲੋੜ ਨੂੰ ਉਜਾਗਰ ਕਰਨ ਲਈ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਐਮਰਜੈਂਸੀ, ਭਾਵੇਂ ਕੁਦਰਤੀ ਆਫ਼ਤਾਂ, ਮਹਾਂਮਾਰੀ, ਜਾਂ ਟਕਰਾਅ, ਬਜ਼ੁਰਗ ਵਿਅਕਤੀਆਂ ਨੂੰ ਅਸਪਸ਼ਟ ਤੌਰ ‘ਤੇ ਪ੍ਰਭਾਵਿਤ ਕਰਦੇ ਹਨ। ਇਹ ਘਟਨਾਵਾਂ ਅਕਸਰ ਮੌਜੂਦਾ ਕਮਜ਼ੋਰੀਆਂ ਨੂੰ ਵਧਾ ਦਿੰਦੀਆਂ ਹਨ, ਜਿਸ ਨਾਲ ਸੰਕਟਕਾਲੀਨ ਯੋਜਨਾਬੰਦੀ ਅਤੇ ਜਵਾਬ ਵਿੱਚ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਬਣ ਜਾਂਦਾ ਹੈ। ਬਜ਼ੁਰਗ ਵਿਅਕਤੀਆਂ ਨੂੰ ਗਤੀਸ਼ੀਲਤਾ ਦੀਆਂ ਸਮੱਸਿਆਵਾਂ, ਗੰਭੀਰ ਸਿਹਤ ਸਥਿਤੀਆਂ, ਜਾਂ ਸਮਾਜਿਕ ਅਲੱਗ-ਥਲੱਗਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਉਹਨਾਂ ਲਈ ਸਹਾਇਤਾ ਤੱਕ ਪਹੁੰਚ ਕਰਨਾ, ਸੁਰੱਖਿਅਤ ਢੰਗ ਨਾਲ ਬਾਹਰ ਨਿਕਲਣਾ, ਜਾਂ ਸਮੇਂ ਸਿਰ ਡਾਕਟਰੀ ਦੇਖਭਾਲ ਦੇ ਨਾਲ-ਨਾਲ ਸਹਾਇਤਾ ਸੇਵਾਵਾਂ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਸੰਕਟਕਾਲੀਨ ਸਥਿਤੀਆਂ ਦਾ ਤਣਾਅ ਅਤੇ ਹਫੜਾ-ਦਫੜੀ ਬਜ਼ੁਰਗਾਂ ਨਾਲ ਬਦਸਲੂਕੀ ਭਾਵ ਸਰੀਰਕ, ਭਾਵਨਾਤਮਕ, ਵਿੱਤੀ, ਜਾਂ ਅਣਗਹਿਲੀ ਦੇ ਜੋਖਮ ਨੂੰ ਵਧਾ ਸਕਦੀ ਹੈ।
ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ 2024 ਐਮਰਜੈਂਸੀ ਜਵਾਬ ਦੇਣ ਵਾਲਿਆਂ, ਦੇਖਭਾਲ ਕਰਨ ਵਾਲਿਆਂ ਅਤੇ ਜਨਤਾ ਲਈ ਸਿੱਖਿਆ ਅਤੇ ਸਿਖਲਾਈ ਦੇ ਮਹੱਤਵ ‘ਤੇ ਵੀ ਜ਼ੋਰ ਦਿੰਦਾ ਹੈ। ਐਮਰਜੈਂਸੀ ਵਿੱਚ ਬਜ਼ੁਰਗ ਵਿਅਕਤੀਆਂ ਦੁਆਰਾ ਦਰਪੇਸ਼ ਖਾਸ ਚੁਣੌਤੀਆਂ ਬਾਰੇ ਜਾਗਰੂਕਤਾ ਵਧਾ ਕੇ, ਅਸੀਂ ਇੱਕ ਵਧੇਰੇ ਸਮਾਵੇਸ਼ੀ ਅਤੇ ਸੁਰੱਖਿਆਤਮਕ ਵਾਤਾਵਰਣ ਨੂੰ ਉਤਸ਼ਾਹਿਤ ਕਰ ਸਕਦੇ ਹਾਂ।
ਬਜ਼ੁਰਗ ਇੱਕ ਪਰਿਵਾਰ ਦੇ ਉਸ ਮਾਲੀ ਦੀ ਤਰ੍ਹਾਂ ਹੁੰਦੇ ਹਨ ਜੋ ਆਪਣੇ ਖੂਨ ਪਸੀਨੇ, ਪਿਆਰ ਅਤੇ ਸੰਸਕਾਰਾਂ ਨਾਲ ਪਰਿਵਾਰ ਰੂਪੀ ਬਾਗ ਨੂੰ ਸਿੰਜਦੇ ਹਨ। ਸਾਨੂੰ ਆਪਣੇ ਬਜ਼ੁਰਗਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨਾਂ ਨੂੰ ਉਹ ਸਾਰੀਆਂ ਖੁਸ਼ੀਆਂ ਦੇਣੀਆਂ ਚਾਹੀਦੀਆਂ ਹਨ ਜਿਨਾਂ ਦੇ ਉਹ ਹੱਕਦਾਰ ਹਨ। ਆਓ ਅਸੀਂ ਸਾਰੇ ਮਿਲ ਕੇ ਸਾਡੇ ਘਰਾਂ ਵਿੱਚ ਅਤੇ ਆਲੇ ਦੁਆਲੇ ਹੋ ਰਹੇ ਬਜ਼ੁਰਗਾਂ ਪ੍ਰਤੀ ਦੁਰਵਿਹਾਰ ਨੂੰ ਰੋਕੀਏ ਅਤੇ ਨਕਾਰਾਤਮਕ ਮਾਨਸਿਕਤਾ ਨੂੰ ਪਿਆਰ ਅਤੇ ਸਦਭਾਵਨਾ ਨਾਲ ਸਕਾਰਾਤਮਕ ਰਵਈਏ ਨਾਲ ਬਦਲੀਏ।
ਪੂਜਾ ਸ਼ਰਮਾ
Leave a Comment
Your email address will not be published. Required fields are marked with *