ਪਾਇਲ/ਮਲੌਦ, 8 ਅਪ੍ਰੈਲ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ)
ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਪ੍ਰਧਾਨ ਬਲਦੇਵ ਸਿੰਘ ਰੋਹਣੋਂ ਦੀ ਦੇਖ-ਰੇਖ ਹੇਠ ਹੋਈ। ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਜਪੁ ਸਾਹਿਬ ਵਿੱਚੋਂ ਸ਼ਬਦ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਇਸ ਤੋਂ ਬਾਅਦ ਪ੍ਰਸਿੱਧ ਲੇਖਕ ਸਵਰਨ ਸਿੰਘ ਪੱਲਾ ਨਾਲ਼ ਰੂਬਰੂ ਕੀਤਾ ਗਿਆ ਅਤੇ ਅਕਾਦਮੀ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਬਾਖੂਬੀ ਨਿਭਾਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਚਰਨ ਸਿੰਘ ਹਰਬੰਸਪੁਰਾ ਨੇ ਮਿੰਨੀ ਕਹਾਣੀ ਪੰਜਾਬੀ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਵਿਸਾਖੀ, ਅਵਤਾਰ ਸਿੰਘ ਉਟਾਲਾਂ ਨੇ ਲੋਕ ਤੱਥ, ਸੁਖਬੀਰ ਸਿੰਘ ਪਾਇਲ ਨੇ ਗੀਤ ਹੋਰ ਕੁੱਝ ਨਹੀਂ ਮੰਗਦੇ, ਨੇਤਰ ਸਿੰਘ ਮੁੱਤਿਓ ਨੇ ਮਿੰਨੀ ਕਹਾਣੀ ਲਾਇਲਾਜ, ਬੇਅੰਤ ਸਿੰਘ ਲਹਿਲ ਨੇ ਗੀਤ ਕਿਸਾਨੀ ਸੰਘਰਸ਼, ਧਰਮਪਾਲ ਸਿੰਘ ਰਾਏਪੁਰ ਰਾਈਆਂ ਨੇ ਵਿਚਾਰ, ਕੁਲਦੀਪ ਕੌਰ ਚੱਠਾ ਨੇ ਕਵਿਤਾ ਸੱਚ ਬੋਲਣ ਤੇ ਪਾਬੰਦੀ, ਬਲਦੇਵ ਸਿੰਘ ਰੋਹਣੋਂ ਨੇ ਕਵਿਤਾ ਖੰਡਰ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਕਵਿਤਾ ਕਿਸਮਤ ਅਤੇ ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਫਿਰ ਵੀ ਕਹਾਉਂਦੇ ਸੱਚੇ ਗੁਰੂ ਦੇ ਇਹ ਸਿੱਖ ਨੇ ਸੁਣਾਂ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਦਿੱਤੇ ਗਏ ।