ਦੇਖ ਤੜਕੇ ਕਿੰਨੇ ਬੂਹਾ ਖੜਕਾਇਆ,
ਨੀ ਕੌਣ ਪ੍ਰਾਹੁਣਾ ਆਇਆ ?
ਦੇਖ ਕੇ ਵੀਰ ਨੂੰ ਚਾਅ ਚੜ੍ਹ ਆਇਆ,
ਬੇਬੇ, ਮੇਰਾ ਵੀਰ ਸੰਧਾਰਾ ਲਿਆਇਆ।
ਤੀਆਂ ਦਾ ਤਿਉਹਾਰ ਜੋ ਆਇਆ,
ਭੈਣ ਨੇ ਬੋਲ ਆਖ ਸੁਣਾਇਆ।
ਸੂਟ, ਦੰਦਾਸਾ ਤੇ ਸ਼ਿੰਗਾਰ ਦਾ ਸਮਾਨ ,
ਪੀਪਾ ਭਰ ਲੱਡੂਆਂ ਦਾ ਲਿਆਇਆ।
ਫੜ ਕੇ ਸੰਧਾਰਾ ਮੈਂ ਤਾਂ ਮਾਲ-ਪੂੜਾ ਬਣਾਇਆ,
ਤੱਤੀ-ਤੱਤੀ ਚਾਹ ਦਾ ਵੀਰ ਨੂੰ ਪਿਆਲਾ ਪਿਆਇਆ।
ਬੇਬੇ ਦੇ ਤਾਹਨਿਆਂ ਤੋਂ ਮੈਨੂੰ ਬਚਾਇਆ,
ਬੇਬੇ, ਮੇਰਾ ਵੀਰ ਸੰਧਾਰਾ ਲਿਆਇਆ।
ਵੀਰ ਆਖੇ, “ਕਮਲੀਏ ਭੈਣੇ, ਮੈਂ ਤਾਂ ਫਰਜ਼ ਨਿਭਾਇਆ,
ਆਪਣੀ ਰੀਤ ਅਤੇ ਰਿਵਾਜ ਨੂੰ ਪੁਗਾਇਆ।
ਵੀਰ ਨੇ ਪਿਆਰ ਦਾ ਬੋਲ ਸੁਣਾਇਆ,
ਚਿਰਾਂ ਪਿੱਛੋਂ ਅੱਜ ਫੇਰਾ ਏ ਪਾਇਆ।
ਭਾਗਾਂ ਵਾਲਾ ਸਾਉਣ ਮਹੀਨਾ ਚੜ੍ਹ ਆਇਆ,
ਬੇਬੇ, ਮੇਰਾ ਵੀਰ ਸੰਧਾਰਾ ਲਿਆਇਆ।
ਪਿੱਪਲੀਂ ਪੀਂਘਾਂ, ਸਹੇਲੀਆਂ ਦਾ ਢਾਣੀ ਨਾਲ ਮੇਲਾ,
ਭੈਣਾਂ ਇਕੱਠੀਆਂ ਦਾ ਹੱਸਣੇ-ਖੇਡਣੇ ਦਾ ਵੇਲਾ।
ਗਿੱਧਾ ਪਾ ਕੇ ਮੈਂ ਤਾਂ ਧਰਤੀ ਨੂੰ ਹਿਲਾਇਆ,
ਭਰਾ ਦੀ ਲੰਮੀ ਉਮਰ ਦਾ ਮੈਂ ਗੀਤ ਗਾਇਆ।
ਵੀਰ ਨੇ ਭੈਣ ਨੂੰ ਗਲੇ ਨਾਲ ਲਾਇਆ,
ਬੇਬੇ, ਮੇਰਾ ਵੀਰ ਸੰਧਾਰਾ ਲਿਆਇਆ।
ਹੱਥੀਂ ਮਹਿੰਦੀ ਲਾਈ, ਹਰਾ ਰੰਗ ਚੜ੍ਹ ਆਇਆ,
ਗੁੱਟਾਂ ਉੱਤੇ ਹਰੀਆਂ ਚੂੜੀਆਂ ਨੇ ਸ਼ੋਰ ਪਾਇਆ।
ਸ਼ੀਸ਼ੇ ਸਾਹਵੇਂ ਜਾ ਕੇ ਮੈਂ ਰੂਪ ਸਜਾਇਆ,
ਵੀਰ ਮੇਰੇ ਨੇ ਮੇਰਾ ਉਹੀ ਬਚਪਨ ਲਿਆਇਆ।
ਮੱਥੇ ਚੁੰਮ ਕੇ ਵੀਰ ਨੇ ਅਸੀਸਾਂ ਦਾ ਮੀਂਹ ਵਰ੍ਹਾਇਆ,
ਬੇਬੇ, ਮੇਰਾ ਵੀਰ ਸੰਧਾਰਾ ਲਿਆਇਆ।
ਜਾਂਦੀ ਵਾਰੀ ਵੀਰ ਨੇ ਹੱਥ ਪੀਹੜੇ ‘ਤੇ ਪਾਇਆ,
ਨੈਣਾਂ ਵਿੱਚ ਵੀ ਉਸਦੇ ਥੋੜ੍ਹਾ ਓਦਰੇਵਾਂ ਆਇਆ।
“ਅਗਲੇ ਸਾਲ ਮੈਂ ਆਵਾਂਗਾ”, ਵਾਅਦਾ ਉਸ ਨਿਭਾਇਆ,
ਭੈਣ ਨੇ ਮੁੜ ਕੇ ਆਉਣ ਦਾ ਸ਼ਗਨ ਮਨਾਇਆ।
ਰੱਬਾ, ਵੀਰ ਮੇਰੇ ਨੂੰ ਤੂੰ ਸਦਾ ਤੱਤੀ ਵਾਅ ਤੋਂ ਬਚਾਇਆ,
ਬੇਬੇ, ਮੇਰਾ ਵੀਰ ਸੰਧਾਰਾ ਲਿਆਇਆ।
ਪਰਮਬੀਰ ਕੌਰ ਰਿਆੜ

