ਬਦਲਦੇ ਮੌਸਮ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਧਰਤੀ ਦੀ ਹਰਿਆਵਲ ਨੂੰ ਵਧਾਉਣ ਦੇ ਸਖ਼ਤ ਯਤਨਾਂ ਦੀ ਲੋੜ- ਡਾ ਭਦੌੜ
ਲੁਧਿਆਣਾ 12 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਅੱਜ ਵਾਤਾਵਰਨ ਦੀ ਸ਼ੁੱਧਤਾ ਦੇ ਟੀਚੇ ਦੀ ਪ੍ਰਾਪਤੀ ਪ੍ਰਤੀ ਰੁੱਖ ਲਗਾਉਣ ਦੀ ਮੁਹਿੰਮ ਦਾ ਅੱਜ ਆਗਾਜ਼ ਕਰ ਦਿੱਤਾ ਹੈ । ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਹਰਮਿੰਦਰ ਸਿੰਘ ਘੁਢਾਨੀ ਦੀ ਅਗਵਾਈ ਵਿੱਚ ਸਮੂਹ ਬੋਰਡ ਆਫ ਡਾਇਰੈਕਟਰਾਂ ਨੇ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ ਪਹਿਲੇ ਪੜਾਅ ’ਚ 500 ਛਾਂਦਾਰ ਤੇ ਫ਼ਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜਨਰਲ ਮੈਨੇਜ਼ਰ ਵੇਰਕਾ ਲੁਧਿਆਣਾ ਡਾ ਸੁਰਜੀਤ ਸਿੰਘ ਭਦੌੜ , ਸਹਾਇਕ ਰਜਿਸਟਰਾਰ ਸ਼੍ਰੀ ਮਤੀ ਪ੍ਰਭਪ੍ਰੀਤ ਕੌਰ ਤੇ ਵੇਰਕਾ ਦੇ ਡਾਇਰੈਕਟਰ ਸ਼੍ਰੀ ਰਛਪਾਲ ਸਿੰਘ, ਸੁਖਪਾਲ ਸਿੰਘ, ਗੁਰਦੇਵ ਸਿੰਘ ਅਤੇ ਗੁਰਬਖਸ਼ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਵੱਲੌਂ ਮਾਣਯੋਗ ਐੱਮਡੀ ਮਿਲਕਫ਼ੈਡ ਡਾ ਕਮਲ ਕੁਮਾਰ ਗਰਗ ਅਤੇ ਡੀ ਸੀ ਲੁਧਿਆਣਾ ਸ਼੍ਰੀਮਤੀ ਸਾਖਸ਼ੀ ਸਾਹਨੀ ਦੁਆਰਾ ਸ਼ੁਰੂ ਕੀਤੀ ਗਈ ‘ਵੇਕ-ਅਪ ਲੁਧਿਆਣਾ’ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਪੌਦੇ ਲਗਾਉਣ ਦੀ ਯੋਜਨਾ ਬਣਾਈ ਗਈ ਹੈ । ਜਿਸ ਦੇ ਪਹਿਲੇ ਪੜਾਅ ਤਹਿਤ ਸਥਾਨਕ ਵੇਰਕਾ ਪਲਾਂਟ ਵਿੱਚ 500 ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ ਗਏ ਹਨ। ਇਸ ਉਪਰੰਤ ਦੂਜੇ ਪੜਾਅ ਤਹਿਤ ਮਿਲਕ ਪਲਾਂਟ ਅਧੀਨ ਪੈਂਦੇ 5 ਦੁੱਧ ਸ਼ੀਤਲ ਕੇਂਦਰਾਂ (ਬੀਜਾ , ਮਾਛੀਵਾੜਾ ਸਾਹਿਬ, ਸੰਘੋਲ, ਰਾਮਗੜ੍ਹ ਸਰਦਾਰਾਂ ਤੇ ਰਾਏਕੋਟ ) ਵਿਖੇ ਜੰਗਲਾਤ ਵਿਭਾਗ ਵੱਲੋਂ ਮਿਲੇ 5000 ਤੋਂ ਵਧੇਰੇ ਬੂਟੇ ਲਗਾਏ ਜਾਣਗੇ ਅਤੇ ਵਾਤਾਵਰਣ ਬਿਹਤਰੀ ਲਈ ਯਤਨ ਜਾਰੀ ਰੱਖੇ ਜਾਣਗੇ। ਉਹਨਾਂ ਦੱਸਿਆ ਕਿ ਬਦਲਦੇ ਮੌਸਮ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਧਰਤੀ ਦੀ ਹਰਿਆਵਲ ਨੂੰ ਵਧਾਉਣ ਦੇ ਸਖ਼ਤ ਯਤਨਾਂ ਦੀ ਜਰੂਰਤ ਹੈ।ਇਸ ਦੌਰਾਨ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਹਰਮਿੰਦਰ ਸਿੰਘ ਘੁਢਾਣੀ ਨੇ ਰੁੱਖਾਂ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਜਿੱਥੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੱਧ ਤੋਂ ਵੱਧ ਰੁੱਖ ਲਗਾਉਣਾ ਹੈ, ਉਥੇ ਹੀ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਸਾਡਾ ਮੁੱਖ ਫਰਜ ਹੈ।