ਫਰਾਂਸ ਦੇ ਮਹਾਨ ਦਾਰਸ਼ਨਿਕ ਵਾਲਟੇਅਰ ਨੂੰ ਇੱਕ ਵਾਰ ਉਨ੍ਹੀਂ ਦਿਨੀਂ ਇੰਗਲੈਂਡ ਜਾਣਾ ਪਿਆ ਜਦੋਂ ਫਰਾਂਸ ਤੇ ਇੰਗਲੈਂਡ ਦੇ ਰਾਜਨੀਤਕ ਸੰਬੰਧਾਂ ਵਿੱਚ ਕਾਫੀ ਤਣਾਅ ਸੀ। ਇੱਕ ਦਿਨ ਉਹ ਕਿਤੇ ਜਾ ਰਿਹਾ ਸੀ ਕਿ ਕੁਝ ਲੋਕਾਂ ਨੇ ਉਹਨੂੰ ਘੇਰ ਲਿਆ ਅਤੇ ਫਰਾਂਸ ਦੇ ਖਿਲਾਫ਼ ਆਪਣਾ ਗੁੱਸਾ ਉਸ ਤੇ ਕੱਢਦਿਆਂ ਉਹਨੂੰ ਬੁਰਾ-ਭਲਾ ਕਹਿਣ ਲੱਗੇ। ਵਾਲਟੇਅਰ ਚੁੱਪਚਾਪ ਸਭ ਕੁਝ ਸੁਣਦਾ ਰਿਹਾ।
ਉਹਨੂੰ ਚੁੱਪ ਵੇਖ ਕੇ ਲੋਕ ਹੋਰ ਵੀ ਭੜਕ ਉਠੇ ਤੇ ਕਿਸੇ ਨੇ ਕਿਹਾ, “ਮਾਰ ਸੁੱਟੋ ਇਸ ਫਰਾਂਸੀਸੀ ਨੂੰ! ਇੰਗਲੈਂਡ ਦੇ ਇਸ ਦੁਸ਼ਮਣ ਦਾ ਸਫਾਇਆ ਕਰ ਦਿਓ।”
ਲੋਕਾਂ ਨੂੰ ਆਪੇ ਤੋਂ ਬਾਹਰ ਹੁੰਦਿਆਂ ਵੇਖ ਕੇ ਵਾਲਟੇਅਰ ਨੂੰ ਖਤਰਾ ਮਹਿਸੂਸ ਹੋਇਆ। ਤਾਂ ਉਹਨੇ ਆਪਣੇ ਦੋਵੇਂ ਹੱਥ ਚੁੱਕ ਕੇ ਉਨ੍ਹਾਂ ਨੂੰ ਚੁੱਪ ਕਰਾਉਂਦਿਆਂ ਕਿਹਾ, “ਕੀ ਤੁਸੀਂ ਅੰਗਰੇਜ਼ ਲੋਕ ਮੈਨੂੰ ਇਸ ਲਈ ਮਾਰਨਾ ਚਾਹੁੰਦੇ ਹੋ ਕਿ ਮੈਂ ਫਰਾਂਸੀਸੀ ਨਹੀਂ ਹਾਂ।”
“ਬਿਲਕੁਲ!”
“ਆਖਰ ਫਰਾਂਸੀਸੀ ਹੋਣ ਦੀ ਇੰਨੀ ਵੱਡੀ ਸਜ਼ਾ?” ਤਦੇ ਵਾਲਟੇਅਰ ਨੇ ਆਪਣੇ ਚਿਹਰੇ ਤੇ ਮੁਸਕਰਾਹਟ ਲਿਆ ਕੇ ਕਿਹਾ, “ਕੀ ਮੇਰੇ ਲਈ ਇਹ ਸਜ਼ਾ ਕਾਫੀ ਨਹੀਂ ਕਿ ਮੈਂ ਅੰਗਰੇਜ਼ ਨਹੀਂ ਹਾਂ!”
ਇਹ ਸੁਣਦਿਆਂ ਸਾਰ ਹੀ ਲੋਕ ਹੱਸਣ ਲੱਗੇ ਤੇ ਭੀੜ ਤਿਤਰ-ਬਿਤਰ ਹੋ ਗਈ।

~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015