ਜਦੋਂ ਦਰਦ, ਗ਼ਮ, ਖ਼ੁਸ਼ੀਆਂ, ਹਾਸੇ ਸ਼ਬਦਾਂ ‘ਚ ਬੰਨ੍ਹ ਕੇ ਕਾਗਜ਼ ‘ਤੇ ਝਰੀਟੇ ਜਾਣ ਤਾਂ ਸ਼ਾਇਰੀ ਜਨਮ ਲੈਂਦੀ ਹੈ ਤੇ ਜਦੋਂ ਆਵਾਮ ਦੀ ਗੱਲ ਹੋਵੇ, ਲੋਕਾਂ ਦੇ ਦਰਦ ਦੀ ਕਹਾਣੀ ਹੋਵੇ ਤਾਂ ਇਹ ਲੋਕ ਸ਼ਾਇਰੀ ਬਣ ਜਾਂਦੀ ਹੈ। ਜਿਵੇਂ ਧਰਮ ‘ਚ ਜੈਕਾਰੇ ਹੁੰਦੇ ਨੇ, ਰਾਜਨੀਤੀ ‘ਚ ਨਾਅਰੇ ਹੁੰਦੇ ਨੇ ਤੇ ਮੁਹੱਬਤ ‘ਚ ਲਾਰੇ ਹੁੰਦੇ ਨੇ ਤੇ ਲਾਰਿਆਂ ਦੀ ਸਿੱਕ, ਤੜਫਣ ਤੇ ਉਡੀਕ ਗ਼ਜ਼ਲ ਬਣ ਜਾਂਦੀ ਹੈ।
88 ਵਰ੍ਹਿਆਂ ਦਾ ਕਿਹਰ ਚੰਦ ਸੁਮਨ ਜੋ ਹੁਣ ਸਿਰਫ ਆਜ਼ਾਦ ਜਲੰਧਰੀ ਦੇ ਨਾਂਅ ਨਾਲ ਜਾਣਿਆਂ ਜਾਂਦਾ ਸੀ। ਅਮਰੀਕਾ ‘ਚ ਹੀ ਨਹੀਂ ਸਗੋਂ ਪੰਜਾਬੀ ਕਾਵਿ ਸਾਹਿਤ ਤੇ ਸੰਗੀਤ ਦੀ ਆਬੋ ਹਵਾ ‘ਚ ਮਿਰਜ਼ਾ ਗ਼ਾਲਿਬ ਵਾਂਗ ਘੁਲਿਆ ਹੋਇਆ ਹੈ। ਉਹਦੀ ਬਾਲੀਵੁੱਡ ‘ਚ ਤੂਤੀ ਬੋਲਦੀ ਸੀ, ਪੰਜਾਬੀ ਕਾਵਿ ਜਗਤ ਦਾ ਉਹ ਹਸਤਾਖਰ ਹੈ ਜਿਸ ‘ਤੇ ਹਰ ਉਹ ਪੰਜਾਬੀ ਮਾਣ ਕਰਦਾ ਹੈ ਜਿਸ ਦੇ ਅੰਦਰ ਪੰਜਾਬੀਅਤ ਦਾ ਤੇ ਪੰਜਾਬੀ ਜ਼ੁਬਾਨ ਦਾ ਦਿਲ ਧੜਕਦਾ ਹੈ। ਉਹ ਆਪਣੇ ਸ਼ਬਦਾਂ ਵਿਚ ਆਖਦਾ ਹੈ ਕਿ ਬੜੇ ਲੋਕ ਨੇ ਜੋ ਅਮੀਰ ਤੇ ਵੱਡੇ ਹੋਣ ਲਈ ਪੈਸਾ ਕਮਾਉਣ ਤੱਕ ਕਾਰੋਬਾਰ ਕਰਦੇ ਹਨ ਪਰ ਮੈਂ ਵੀ ਸਫਲ ਕਾਰੋਬਾਰ ਕੀਤਾ ਹੈ, ਅਮਰੀਕਾ ਰਹਿ ਕੇ ਕੀਤਾ ਹੈ ਪਰ ਕੀਤਾ ਸਿਰਫ ਸ਼ਾਇਰੀ ਤੇ ਪੰਜਾਬੀ ਬੋਲੀ ਦਾ ਹੈ।
ਉਹਨੂੰ ਜਾਨਣ ਵਾਲੇ ਜਾਣਦੇ ਹਨ ਕਿ ਉਹ ਜਿੰਨਾ ਕਮਾਲ ਦਾ ਪੁਖਤਾ ਸ਼ਾਇਰ ਹੈ, ਉਸ ਤੋਂ ਕਈ ਗੁਣਾ ਵੱਡੀ ਇਨਸਾਨੀਅਤ ਦੀ ਬਹੁਰੰਗੀ ਤਸਵੀਰ ਸੀ। ਉਹ ਬੋਲਦਾ ਸੀ ਤਾਂ ਮਿਸ਼ਰੀ ਵੀ ਫਿੱਕੀ ਲੱਗਣ ਲੱਗ ਪੈਂਦੀ। ਉਹਦੇ ਸ਼ਬਦਾਂ ਦੀ ਮਿਠਾਸ ਪਹਿਲਾ ਗੁਣ ਹੈ ਤੇ ਚੰਗੇ ਭਲੇ ਇਨਸਾਨ ਦੇ ਧੁਰ ਅੰਦਰ ਆਜ਼ਾਦ ਜਲੰਧਰੀ ਦੇ ਨਾਂਅ ਨਾਲ ਉਤਰ ਜਾਂਦਾ। ਉਹ ਛੁਪ ਕੇ ਰਹਿਣ ਦੀ ਚਾਹਤ ਦਾ ਧਾਰਨੀ ਰਿਹਾ ਪਰ ਉਹਦੀ ਕਵਿਤਾ ਨੂੰ ਪਿਆਰ ਕਰਨ ਵਾਲੇ ਉਸ ਨੂੰ ਗਲ ਨਾਲ ਨਹੀਂ ਦਿਲ ਨਾਲ ਲਾਈ ਫਿਰਦੇ ਹਨ।
ਪੈਰਾਡਾਈਜ਼ ਆਰਟਸ ਕਲੱਬ ਦਿੱਲੀ ਦੀ ਜਦੋਂ ਉਸ ਨੇ ਸੱਠਵਿਆਂ ਦੇ ਦੌਰ ‘ਚ ਸਥਾਪਨਾ ਕੀਤੀ ਤਾਂ ਪ੍ਰਸਿੱਧ ਗਾਇਕ ਭੁਪਿੰਦਰ ਸਿੰਘ ਉਸ ਕਲੱਬ ਲਈ ਗਿਟਾਰ ਵਜਾਉਂਦਾ ਹੁੰਦਾ ਸੀ, ਪ੍ਰਿਥਵੀ ਰਾਜ ਕਪੂਰ, ਅੰਮ੍ਰਿਤਾ ਪ੍ਰੀਤਮ, ਸੋਹਣ ਸਿੰਘ ਮੀਸ਼ਾ ਕਦੇ ਕਦੇ ਹਾਜ਼ਰ ਹੋ ਜਾਂਦੇ ਸਨ।
ਜਦੋਂ ਭੁਪਿੰਦਰ ਨੇ ਆਜ਼ਾਦ ਜਲੰਧਰੀ ਦਾ ਕਲਾਮ ਐੱਚ.ਐੱਮ.ਵੀ.ਵਿੱਚ ਗਾਇਆ
‘ਜਬ ਛਲਕਤੇ ਹੈਂ ਤੇਰੀ ਆਖੋਂ ਸੇ ਜਾਮ ਫਿਰ ਸੰਭਲਤੇ ਹੀ ਨਹੀਂ ਰਿੰਦੋਂ ਕੇ ਜਾਮ’
ਤਾਂ ਆਵਾਜ਼ ਅਤੇ ਸ਼ਾਇਰੀ ਦਾ ਇਹ ਸਿਖਰ ਹੋ ਗਿਆ। ਇਹ ਉਹੀ ਗੀਤ ਹੈ ਜਿਸ ਨੂੰ ਏਅਰ ਇੰਡੀਆ ਆਪਣੀਆਂ ਕਈ ਉਡਾਨਾਂ ਵਿਚ ਮੈਗਜ਼ੀਨ ਰਾਹੀਂ ਵੇਰਵਾ ਦੇ ਕੇ ਮੁਸਾਫਿਰਾਂ ਨੂੰ ਸੁਣਨ ਲਈ ਪ੍ਰੇਰਿਤ ਕਰਦਾ ਸੀ। ਭੁਪਿੰਦਰ ਨੇ ਹੀ ਉਸ ਦੇ ਸ਼ਬਦਾਂ ਨੂੰ ਜ਼ੁਬਾਨ ਦੇ ਕੇ ‘ਅਲਵਿਦਾ ਹੈ ਮੇਰੇ ਹਮਨਵਾਓ….’ ਨਾਲ ਦੱਸ ਦਿੱਤਾ ਸੀ ਕਿ ਕਿਸੇ ਵਕਤ ਆਜ਼ਾਦ ਜਲੰਧਰੀ ਵਰਗਾ ਕੋਈ ਸ਼ਾਇਰ ਦੂਸਰਾ ਨਹੀਂ ਸੀ।
ਸੁਰੇਸ਼ ਵਾਡੇਕਰ ਤੇ ਸਾਧਨਾ ਸਰਗਮ ਨੇ ਜਦੋਂ ਗਾਇਆ ‘
ਤੁਮਸਾ ਨਹੀਂ ਕੋਈ ਜ਼ਮਾਨੇ ਮੇਂ ਸਾਰੀ ਦੁਨੀਆ ਕੋ ਅਜ਼ਮਾਇਆ ਹੈ…’,
ਅਲਕਾ ਯਾਗਨਿਕ ਨੇ ‘ਆਇਆ ਸਪਨੋ ਮੇਂ ਕੋਈ ਸ਼ਹਿਜ਼ਾਦਾ….’ ਗਾਇਆ ਤਾਂ ਲੱਗਾ ਸੀ ਕਿ ਪੰਜਾਬ ਕੋਲ ਵੀ ਇਕ ਅਨੰਦ ਬਖਸ਼ੀ ਜਾਂ ਬਸ਼ੀਰ ਬਦਰ ਵਾਂਗ ਇਕ ਆਜ਼ਾਦ ਜਲੰਧਰੀ ਹੈ। ਉਹ ਜ਼ਿੰਦਗੀ ਵਿਚ ਮਸਤ ਰਿਹਾ, ਉਸ ਦੀ ਚਾਲ ਮਸਤਾਨੀ ਸੀ, ਸਬਰ ਤੇ ਸੰਤੋਖ ਸੀ, ਇਸ ਕਰਕੇ ਉਹ ਮੜਕ ਨਾਲ ਹੀ ਤੁਰਿਆ ਰਿਹਾ ਵਰਨਾ ਕਲਾਵੇ ‘ਚ ਬਹੁਤ ਕੁਝ ਘੁੱਟ ਸਕਦਾ ਸੀ। ਇਹ ਕਹਿਣ ਵਿਚ ਕੋਈ ਹਰਜ਼ ਨਹੀਂ ਕਿ ਕਿਸੇ ਵੇਲੇ ਬਾਲੀਵੁੱਡ ਦੇ ਗੀਤਾਂ ਦਾ ਇੰਤਕਾਲ ਆਜ਼ਾਦ ਜਲੰਧਰੀ ਦੇ ਨਾਮ ਹੋ ਸਕਦਾ ਸੀ ਪਰ ਫ਼ਿਲਮਾਂ ਦੀ ਚਕਾਚੌਂਧ ਵਾਲੀ ਦੁਨੀਆਂ ਤੋਂ ਕੋਰਾ ਤੇ ਸਾਦਗੀ ਤੇ ਨਿਮਰਤਾ ਵਾਲਾ ਹੋਣ ਕਰਕੇ ਉਹ ਪੈਸੇ ਨਾਲ ਮੋਹ ਪਾ ਹੀ ਨਹੀਂ ਸਕਿਆ। ਉਹ ਅੱਜ ਵੀ ਗੱਲ ਇਹ ਕਹਿ ਕੇ ਸ਼ੁਰੂ ਕਰਦਾ ਹੈ ਕਿ ਸ਼ੌਕ ਪਾਲਿਆ ਹੈ, ਜ਼ਿੰਦਗੀ ਮਾਣੀ ਹੈ, ਆਪਣੀ ਚਾਲ ਚੱਲੀ ਹੈ, ਕੁਝ ਬਣਿਆ ਹੈ ਜਾਂ ਨਹੀਂ, ਮੈਨੂੰ ਕੋਈ ਝੋਰਾ ਨਹੀਂ, ਹਾਲਾਂਕਿ ਇਕ ਪੰਜਾਬੀ ਸ਼ਾਇਰ ਦੇ ਹਿੱਸੇ ਇਹ ਆਇਆ ਹੋਵੇ ਕਿ ਉਸ ਨੇ ‘ਵਾਪਸੀ ਸਾਜਨ ਕੀ’, ‘ਜ਼ਰਾ ਸੀ ਭੂਲ’ (ਹਿੰਦੀ) ਤੇ ‘ਚਿੱਟਾ ਲਹੂ’ (ਪੰਜਾਬੀ) ਵਰਗੀਆਂ ਫ਼ਿਲਮਾਂ ਲਈ ਗੀਤ ਲਿਖੇ ਹੋਣ, ਗੀਤ ਹਿੱਟ ਹੋਏ ਹੋਣ ਪਰ ਪੈਰ ਨਾ ਛੱਡੇ ਹੋਣ, ਉਹ ਹਮੇਸ਼ਾਂ ਆਪਣੇ ਪੈਰਾਂ ਤੇ ਰਿਹਾ ਤੇ ਕਦੇ ਵੀ ਲਾਲਚ ਵਿਚ ਵਿਕਾਊ ਸਮਝੌਤੇ ਨਹੀਂ ਕੀਤੇ।
ਆਜ਼ਾਦ ਜਲੰਧਰੀ ਦੀ ਸੱਠਵਿਆਂ ‘ਚ ਪਹਿਲੀ ਪੁਸਤਕ ਹਿੰਦੀ ‘ਚ ਪ੍ਰਕਾਸ਼ਿਤ ਹੋਈ ਸੀ ‘ਦੇਵ ਉਪਾਸਨਾ’। ਅਧਿਆਤਮਵਾਦ ਤੇ ਧਰਮ ਫ਼ਿਲਾਸਫ਼ੀ ਦਾ ਤਰਜ਼ਮਾਨੀ ਕਰਨ ਵਾਲੀ ਇਹ ਸ਼ਾਇਰਾਨਾ ਪੁਸਤਕ ਗ਼ੈਰ ਪੰਜਾਬੀ ਲੋਕਾਂ ‘ਚ ਵੀ ਪ੍ਰਵਾਨ ਚੜ੍ਹੀ।
….ਝਲਕ ਦਿਖਾ ਦੇ ਯਹ ਮਾਂ ਤੇਰੀ ਮਿਹਰਬਾਨੀ ਹੈ,
ਤੇਰੇ ਪਿਆਰ ਕੀ ਦੁਨੀਆ ਹੂਈ ਦੀਵਾਨੀ ਹੈ।
ਇਸ ਨਾਲ ਇਹ ਧਾਰਨਾ ਬਣੀ ਸੀ ਕਿ ਪੰਜਾਬੀ ਸ਼ਾਇਰ ਆਜ਼ਾਦ ਜਲੰਧਰੀ ਹਿੰਦੀ ਕਾਵਿ-ਜਗਤ ਵਿਚ ਬਹੁਤ ਅੱਗੇ ਨਿਕਲ ਗਿਆ ਹੈ। ਉਹਦੀ ਸ਼ਰਧਾ ਤੇ ਚਾਹਤ ‘ਚੋਂ ਹੀ ਲੋਕਾਂ ਦੀ ਭਲਾਈ, ਲੋੜਵੰਦਾਂ ਦੀ ਮਦਦ ਲਈ ਗਾਜ਼ੀਆਬਾਦ-ਮੇਰਠ ਰੋਡ ‘ਤੇ ਸ੍ਰੀ ਮੰਨਣ ਧਾਮ ਬਣਿਆ ਜਿਸ ਨੂੰ ਪਰਉਪਕਾਰੀ ਕੇਂਦਰ ਬਣਾਉਣ ਵਿਚ ਆਜ਼ਾਦ ਦਾ ਬਹੁਤ ਵੱਡਾ ਯੋਗਦਾਨ ਸੀ।
ਹੁਣ ਤੱਕ ਦਸ ਪੁਸਤਕਾਂ ਆਜ਼ਾਦ ਜਲੰਧਰੀ ਨੇ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ, ਇਨ੍ਹਾਂ ‘ਚੋਂ ਅੱਠ ਪੰਜਾਬੀ, ਇਕ ਉਰਦੂ ਅਤੇ ਇਕ ਹਿੰਦੀ ਰੰਗ ਵਿਚ ਹੈ। ਇਨ੍ਹਾਂ ‘ਚ ਮਨੁੱਖੀ ਕਿਰਦਾਰ, ਜੀਵਨ ਉਪਦੇਸ਼, ਜੀਵਨ ਮਿਸ਼ਨ, ਅਧਿਆਤਮ ਫ਼ਿਲਾਸਫ਼ੀ ਤੇ ਮਾਨਵ ਕਲਿਆਣ ਦੀ ਪ੍ਰੇਰਨਾ ਦਾ ਨਿਵੇਕਲਾ ਰੂਪ ਜਿਵੇਂ ਕਹਿੰਦੇ ਨੇ ਅਠੌਤਰੀ ਮਾਲਾ ਦੇ 108 ਮਣਕੇ ਹੁੰਦੇ ਹਨ, ਉਵੇਂ ਉਸ ਦੀ ਪਹਿਲੀ ਪੰਜਾਬੀ ਪੁਸਤਕ ‘ਰੁਬਾਈ ਮਾਲਾ’ ‘ਚ 108 ਰੁਬਾਈਆਂ ਹਨ। ਇਹ ਕਾਵਿ ਮਣਕੇ ਪਾਠਕਾਂ ਨੇ ਪੜ੍ਹੇ ਹੀ ਨਹੀਂ ਸਗੋਂ ਪੂਜਾ ਵਾਂਗ ਧਿਆਏ ਹਨ। ਦੋ ਰੰਗ ਦੇਖੋ;
ਕੌਣ ਕਰੇ ਤੇਰੀ ਮਹਿਮਾ ਵਰਣਨ ਤੇਰੀਆਂ ਤੂਹੀਓਂ ਜਾਣੇ,
ਤੇਰਾ ਅੰਤ ਕਿਸੇ ਨਾ ਪਾਇਆ, ਹਾਰੇ ਚਤਰ ਸਿਆਣੇ,
ਮਿਹਰ ਤੇਰੀ ਜਦ ਹੋਵੇ ਦਾਤਾ, ਜੰਮਣ ਭੁੱਜੇ ਦਾਣੇ।
——
ਤੁੰਮਾ ਤੇ ਖਰਬੂਜ਼ਾ ਰੱਬ ਨੇ ਸੂਰਤ ਇਕ ਬਣਾਈ,
ਪਰ ਦੋਹਾਂ ਦੀ ਸੀਰਤ ਨੇ ਦੁਨੀਆਂ ਚੱਕਰਾਂ ‘ਚ ਪਾਈ,
ਸੀਰਤ ਵੀ ਜੇ ਅੱਜ ਮਾਨਵ ਦੀ ਹੋ ਜਾਏ ਸੂਰਤ ਵਰਗੀ,
ਥਾਂ ਥਾਂ ਅੱਜ ਇਸ ਮਾਨਵਤਾ ਦੀ ਹੋਵੇ ਨਾ ਰੁਸਵਾਈ।
ਹਾਂ ਕਈ ਵਾਰ ਆਜ਼ਾਦ ਜਲੰਧਰੀ ਨੇ ਵਕਤ ਦੇ ਨਾਲ ਤੁਰਨ ਦਾ ਯਤਨ ਵੀ ਕੀਤਾ, ਅਭਿਜੀਤ ਨੇ ਜੋ ਉਸ ਦਾ ਲਿਖਿਆ ਗਾਇਆ ਉਹਦੇ ‘ਚੋਂ ਆਧੁਨਿਕ ਪਿਆਰ ਦੀ ਤਸਵੀਰ, ਡਿਸਕੋ ਤੇ ਕਿਤੇ ਸੰਗੀਤਕ ਹੱਲਾ ਗੁੱਲਾ ਵੀ ਝਲਕਦਾ ਹੈ।
ਆਜ਼ਾਦ ਜਲੰਧਰੀ ਜੀ ਨੇ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਗੁਰਾਇਆ ਲਾਗੇ ਪੈਂਦੇ ਪਿੰਡ ਬੜਾ ਪਿੰਡ ਦੇ ਸ. ਬਿਸ਼ਨ ਸਿੰਘ ਤੇ ਮਾਤਾ ਠਾਕੁਰ ਕੌਰ ਦੀ ਕੁੱਖੋਂ 12 ਜਨਵਰੀ 1933 ਨੂੰ ਜਨਮ ਲਿਆ। ਪਰਿਵਾਰ ਦਿਹਾੜੀਦਾਰ ਸੀ, ਪਰ ਕਹਿੰਦੇ ਨੇ ਧੁਰੋਂ ਲਿਖੇ ਲੇਖਾਂ ਨੇ ਚਮਕਾਰੇ ਮਾਰਨੇ ਹੀ ਹੁੰਦੇ ਨੇ।
ਬਾਪ ਨੇ ਆਪਣੇ ਪੁੱਤਰ ਦਾ ਨਾਮ ਤਾਂ ਕਿਹਰ ਚੰਦ ਸੁਮਨ ਰੱਖਿਆ ਸੀ ਪਰ ਸੱਚੀਂ ਉਹ ਆਪਣੇ ਰੋਟੀ ਦੇ ਓਹੜ ਪੋਹੜ ਤੋਂ ਵੀ ਅੱਗੇ ਨਿਕਲ ਕੇ ਦੁਨੀਆਂ ‘ਚ ਵਸਦੇ ਉਨ੍ਹਾਂ ਪੰਜਾਬੀਆਂ ਦੀ ਮੁਹੱਬਤ ਭਰੀ ਬੁੱਕਲ ‘ਚ ਜਾ ਵੜਿਆ ਜਿਹੜੇ ਉਸ ਨੂੰ ਸਿਰਫ ਆਜ਼ਾਦ ਜਲੰਧਰੀ ਦੇ ਨਾਮ ਨਾਲ ਹੀ ਜਾਣਦੇ ਹਨ।
ਦੇਸ਼ ਦੀ ਵੰਡ ਦੇ ਚੰਦਰੇ ਹਾਲਾਤ ਕਾਰਨ ਭਾਵੇਂ ਪੜ੍ਹਾਈ ਦਾ ਮਹੌਲ ਸਾਜ਼ਗਾਰ ਨਹੀਂ ਸੀ ਪਰ ਫਿਰ ਵੀ 1948 ‘ਚ ਰਾਮਗੜ੍ਹੀਆ ਸਕੂਲ ਫਗਵਾੜਾ ਤੋਂ ਆਜ਼ਾਦ ਨੇ ਅੱਠਵੀਂ ਪਾਸ ਕੀਤੀ ਅਤੇ 1950 ‘ਚ ਭਾਰਤ ਦੇ ਗ੍ਰਹਿ ਵਿਭਾਗ ‘ਚ ਦਿੱਲੀ ਆ ਕੇ ਨੌਕਰੀ ਕਰ ਲਈ। ਇੱਥੇ ਆ ਕੇ ਪੈਰਾਡਾਈਜ਼ ਆਰਟਸ ਕਲੱਬ ਬਣਾਇਆ। ਸਾਹਿਤਕ ਤੇ ਸੰਗੀਤਕ ਮਹਿਫਲਾਂ ਦਾ ਮਾਹੌਲ ਸਿਰਜਿਆ ਤੇ ਇਸ ਰੰਗਲੇ ਮਾਹੌਲ ਨੂੰ ਛੱਡ ਕੇ ਉਹ 1978 ‘ਚ ਕੈਲੀਫੋਰਨੀਆ ਦੇ ਸਿਲੀਕਾਨ ਵੈਲੀ ‘ਚ ਪੈਂਦੇ ਸੈਨਹੋਜ਼ੇ ਸ਼ਹਿਰ ‘ਚ ਗੁਰਮੀਤ ਕੌਰ (ਸਵ.) ਨਾਲ ਵਿਆਹ ਕਰਵਾ ਕੇ ਵਸ ਗਿਆ ,ਜਿਸ ਦੀ ਕੁੱਖੋਂ ਦੋ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ ਅਤੇ ਇਕ ਪੁੱਤਰ ਦਰਦ ਦੇ ਕੇ ਮੌਤ ਦੇ ਰਾਹ ਤੁਰ ਗਿਆ। ਆਜ਼ਾਦ ਸੰਭਲਿਆ ਤੇ ਉਸ ਨੇ ਅਮਰੀਕਾ ਆ ਕੇ ਵੀ ਆਪਣੇ ਅੰਦਰਲੇ ਸ਼ਾਇਰ ਨੂੰ ਮਰਨ ਨਹੀਂ ਦਿੱਤਾ। ਗੁਰੂਘਰ ‘ਚ ਕੀਰਤਨ ਕੀਤਾ, ਮੁਸ਼ਾਇਰੇ ਕਰਵਾਏ।
ਇਹ ਕਹਿਣਾ ਪਵੇਗਾ ਕਿ ਆਜ਼ਾਦ ਜਲੰਧਰੀ ਅਮਰੀਕਾ ਵਸਦੇ ਸਾਹਿਤਕਾਰਾਂ, ਕਵੀਆਂ, ਗਾਇਕਾਂ ਤੇ ਗੀਤਕਾਰਾਂ ਲਈ ਇਕ ਪੂਜਣਯੋਗ ਨਾਮ ਸੀ ਤੇ ਰਹੇਗਾ ਵੀ। ਇੱਥੇ ਐੱਚ.ਐੱਸ. ਭਜਨ, ਤਰਲੋਕ ਸਿੰਘ, ਅਨੂਪ ਚੀਮਾ, ਸਤਪਾਲ ਦਿਓਲ ਤੇ ਸੁਖਦੇਵ ਸਾਹਿਲ ਨੇ ਉਸ ਦੀਆਂ ਕਾਵਿ ਰਚਨਾਵਾਂ ਨੂੰ ਆਵਾਜ਼ ਦਿੱਤੀ। ਇੰਗਲੈਂਡ ਦੇ ਮਸਤਾਨ ਹੀਰਾ ਨੇ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਲਿਖੇ ਉਸ ਦੇ ਗੀਤਾਂ ਦੀ ਪੂਰੀ ਐਲਬਮ ਤਿਆਰ ਕੀਤੀ। ਜ਼ਿਕਰਯੋਗ ਹੈ ਕਿ ਉਹ ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਤੇ ਏਡ ਸੁਸਾਇਟੀ ਅਮਰੀਕਾ ਦਾ ਬਾਨੀ ਵੀ ਹੈ।
ਗਿਆਨੀ ਜੰਗ ਸਿੰਘ ਤੇ ਆਜ਼ਾਦ ਜਲੰਧਰੀ ਦਾ ਸਾਂਝਾ ‘ਅਭਿਨੰਦਨ ਗ੍ਰੰਥ’ ਪੜ੍ਹੋਗੇ ਤਾਂ ਆਜ਼ਾਦ ਜਲੰਧਰੀ ਦੇ ਪੂਰੇ ਦਰਸ਼ਨ ਦੀਦਾਰੇ ਹੋ ਜਾਣਗੇ। ਭਾਰਤ ਰਹਿੰਦਿਆਂ ਉਸ ਨੇ ਤ੍ਰੈਭਾਸ਼ਾਈ ਮੁਸ਼ਾਇਰਿਆਂ ‘ਚ ਅਨੇਕਾਂ ਵਾਰ ਹਿੱਸਾ ਲਿਆ ਅਤੇ ਵੱਡੇ ਵੱਡੇ ਮਾਣ ਸਨਮਾਨ ਹਾਸਲ ਕੀਤੇ।
1997 ਦੇ ਨਵੇਂ ਸਾਲ ਅਤੇ ਕ੍ਰਿਸਮਿਸ ਮੌਕੇ ਅੰਗਰੇਜ਼ੀ ‘ਚ ਲਿਖੀ ਅਮਰੀਕਾ ਬਾਰੇ ਕਵਿਤਾ ਜਦੋਂ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਤੱਕ ਪੁੱਜੀ ਤਾਂ ਉਸ ਨੂੰ ਵ੍ਹਾਈਟ ਹਾਊਸ ਤੋਂ ਮਿਲਿਆ ਪ੍ਰਸ਼ੰਸਾ ਪੱਤਰ ਸ਼ਾਇਦ ਉਸ ਦੀ ਜ਼ਿੰਦਗੀ ਦੀ ਇਕ ਜਾਇਦਾਦ ਬਣ ਗਈ। ਬੌਲੀਵੁੱਡ ਅਦਾਕਾਰਾ ਨਰਗਿਸ ਸੁਨੀਲ ਦੱਤ ਵਲੋਂ ਉਸ ਨੂੰ ਲਿਖੇ ਪੱਤਰਾਂ ਨੂੰ ਵੀ ਉਹ ਆਪਣੀ ਜ਼ਿੰਦਗੀ ਦਾ ਸਰਮਾਇਆ ਸਮਝਦਾ ਹੈ।
ਉਹ ਉਸਤਾਦ ਲਾਲ ਚੰਦ ਚਨਿਊਟੀ ਦਾ ਸ਼ਾਗਿਰਦ ਹੈ ਜਿਸ ਦੇ ਅਸ਼ੀਰਵਾਦ ਨਾਲ ਉਸ ਨੇ ਸਾਹਿਤ ਵਿਚ ਜੋ ਚਾਹਿਆ ਉਹ ਪਾਇਆ।
ਉਹ ਮਾਣ ਕਰਦਾ ਹੈ ਕਿ ਉਸ ਦੇ ਪੁੱਤਰ ਰਾਜ ਕੁਮਾਰ ਆਜ਼ਾਦ ਨੇ ਉਸ ਦੀ ਰੱਜ ਕੇ ਸੇਵਾ ਕੀਤੀ ਅਤੇ ਬੁਢਾਪਾ ਵੀ ਸਵਰਗ ਵਰਗਾ ਬਣਾ ਦਿੱਤਾ।
ਉਹ ਆਖਦਾ ਹੈ ਕਿ ਜੇ ਦੋਸਤ ਹੋਣ ਤਾਂ ਅਮਰੀਕ ਚੰਦ ਲਾਖਾ ਤੇ ਰਾਮ ਮੂਰਤੀ ਸਰੋਏ ਵਰਗੇ ਜਿਨ੍ਹਾਂ ਨੂੰ ਮੇਰੀ ਸ਼ਾਇਰੀ ਹੀ ਯਾਦ ਨਹੀਂ ਸਗੋਂ ਉਨ੍ਹਾਂ ਮੇਰੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਤੇ ਮੇਰੇ ਕਾਰਜਾਂ ਨੂੰ ਸੰਭਾਲਣ ਦਾ ਵੀ ਯਤਨ ਕੀਤਾ ਹੈ, ਉਹ ਮੇਰੇ ਸਾਹਾਂ ਦੇ ਸੰਗੀ ਹਨ।
▪️ਐੱਸ ਅਸ਼ੋਕ ਭੌਰਾ
(ਅਮਰੀਕਾ)
Leave a Comment
Your email address will not be published. Required fields are marked with *