ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਜਲਾਲੇਆਣਾ ਵਿਖੇ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਪਰਿਵਾਰ ਦਾ ਹਿੱਸਾ ਬਣੇ ਮੌਜੂਦਾ ਸਰਪੰਚ ਅਤੇ ਹੋਰ ਮੋਹਤਬਰਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦਿੱਤੇ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰੇਕ ਵਰਗ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਸਿਰਫ ਉਹ ਕੰਮ ਕਰ ਰਹੀ ਹੈ, ਜਿਸ ਨਾਲ ਹਰੇਕ ਵਰਗ ਖੁਸ਼ ਰਹਿ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਕਸਬਿਆਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਦਾ ਕੰਮ ਵੀ ਪਹਿਲ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ। ਸਪੀਕਰ ਸੰਧਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੁਦ ਚਾਹੇ ਕਿਸੇ ਵੀ ਹਾਲਾਤ ਵਿੱਚ ਰਹੋ ਪਰ ਆਪਣੇ ਬੱਚਿਆਂ ਨੂੰ ਜਰੂਰ ਪੜ੍ਹਾਓ, ਤਾਂ ਜੋ ਉਹ ਚੰਗੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਨਾਲ-ਨਾਲ ਖੇਡਾਂ ਵੱਲ ਉਤਸਾਹਿਤ ਕਰਨਾ ਹੈ। ਇਸ ਲਈ ਸਰਕਾਰ ਵੱਲੋਂ ਵੀ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ ਜੋ ਧਨ ਰਾਸ਼ੀ ਵਿਦਿਅਕ ਸੰਸਥਾਵਾਂ ਤੇ ਖਰਚ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਦੀ ਇਸ ਵਚਨਬੱਧਤਾ ਦਾ ਸਬੂਤ ਹੈ ਕਿ ਸਰਕਾਰ ਇਹਨਾਂ ਸੰਸਥਾਵਾਂ ਵੱਲ ਬੜੀ ਸੰਜੀਦਗੀ ਨਾਲ ਧਿਆਨ ਦੇ ਰਹੀ ਹੈ।