ਫਰੀਦਕੋਟ, 5 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿੱਤ ਜਿਲੇ ਪਿੰਡ ਵਾੜਾ ਭਾਈਕਾ ਵਿਖੇ ਵਾਪਰੇ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ ਵਿੱਚ ਪੰਜ ਨੌਜਵਾਨਾ ਦੀਆਂ ਹੋਈਆਂ ਦੁਖਦਾਇਕ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ, ਉੱਥੇ ਆਖਿਆ ਕਿ ਇਸ ਤਰਾਂ ਦੀਆਂ ਦੁਖਦਾਇਕ ਤੇ ਮਨਹੂਸ ਖਬਰਾਂ ਨਾਲ ਇਨਸਾਨੀਅਤ ਦਾ ਦਰਦ ਸਮਝਣ ਵਾਲੇ ਹਰੇਕ ਇਨਸਾਨ ਦੇ ਮਨ ਨੂੰ ਠੇਸ ਲੱਗਦੀ ਹੈ ਅਤੇ ਡੂੰਘਾ ਸਦਮਾ ਲੱਗਣਾ ਸੁਭਾਵਿਕ ਹੈ। ਉਹਨਾਂ ਟੈ੍ਰਫਿਕ ਨਿਯਮਾ ਦੀ ਪਾਲਣਾ ਕਰਨ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰਨ, ਕਿਸੇ ਵੀ ਤਰਾਂ ਦਾ ਨਸ਼ਾ ਕਰਕੇ ਜਾਂ ਉਨੀਂਦਰੇ ਦੌਰਾਨ ਵਾਹਨ ਨਾ ਚਲਾਉਣ ਦਾ ਪ੍ਰਣ ਕਰਨ ਦੀ ਨਸੀਅਤ ਦਿੰਦਿਆਂ ਆਖਿਆ ਕਿ ਭਾਵੇਂ ਦਿਨੋ ਦਿਨ ਨਵੇਂ ਵਾਹਨਾ ਦੀ ਬਹੁਤਾਤ ਕਾਰਨ ਆਵਾਜਾਈ ਵਿੱਚ ਵਾਧਾ ਹੋਣਾ ਸੁਭਾਵਿਕ ਹੈ ਪਰ ਜੇਕਰ ਅਸੀਂ ਟੈ੍ਰਫਿਕ ਨਿਯਮਾ ਦੀ ਪਾਲਣਾ ਕਰਾਂਗੇ ਤਾਂ ਜਿੱਥੇ ਅਸੀਂ ਇਸ ਤਰਾਂ ਦੇ ਭਿਆਨਕ ਹਾਦਸਿਆਂ ਤੋਂ ਬਚ ਸਕਾਂਗੇ, ਉੱਥੇ ਸਾਡੀ ਔਲਾਦ ਅਰਥਾਤ ਨਵੀਂ ਪੀੜੀ ਵੀ ਇਸ ਤੋਂ ਪ੍ਰੇਰਨਾ ਲਵੇਗੀ।