ਫ਼ਰੀਦਕੋਟ , 22 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫ਼ਰੀਦ ਸਲਾਨਾ ਮੇਲੇ ਤੇ ਫ਼ਰੀਦਕੋਟ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਕਾਰੀ ਬਰਜਿੰਦਰਾ ਕਾਲਜ ਵਿਖੇ ਹੋਏ ਸਮਾਗਮ ਦੌਰਾਨ ਨੌਜਵਾਨ ਲੇਖਕ ਰਾਜਵੰਤ ਸਿੰਘ ਓਝਾ ਦੀ ਪਲੇਠੀ ਪੁਸਤਕ ‘ਅਲਖ’ ਲੋਕ ਅਰਪਣ ਕੀਤੀ।ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਨੌਜਵਾਨਾਂ ਦਾ ਕਿਤਾਬਾਂ ਲਿਖਣ ਅਤੇ ਪੜ੍ਹਨ ਦਾ ਰੁਝਾਨ ਸਮਾਜ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੁੰਦਾ ਹੈ। ਉਹਨਾਂ ਰਾਮਪੁਰਾ ਫੂਲ ਨਿਵਾਸੀ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਰਾਜਵੰਤ ਸਿੰਘ ਓਝਾ ਨੂੰ ਛੋਟੀ ਉਮਰ ਵਿੱਚ ਵਧੀਆ ਕਿਤਾਬ ਲਿਖਣ ਲਈ ਵਧਾਈ ਦਿੱਤੀ। ਲੇਖਕ ਰਾਜਵੰਤ ਸਿੰਘ ਓਝਾ ਨੇ ਕਿਤਾਬ ਲਈ ਯੋਗਦਾਨ ਦੇਣ ਬਦਲੇ ਆਪਣੇ ਮਾਪਿਆਂ, ਦੋਸਤਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਕਿਤਾਬ ਰਿਲੀਜ਼ ਕਰਵਾਉਣ ਲਈ ਗੁਰਪ੍ਰੀਤ ਸਿੱਧੂ ਲਹਿਰਾ ਧੂਰਕੋਟ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ! ਕਿਤਾਬ ਛਪਵਾਉਣ ਲਈ ਗੁਰਵਿੰਦਰ ਸਿੰਘ ਸਿੱਧੂ ਸਲਾਹਕਾਰ ਪੰਜਾਬ ਭਵਨ ਕਨੇਡਾ ਦਾ ਧੰਨਵਾਦ ਕੀਤਾ,ਉਨ੍ਹਾਂ ਕਿਹਾ ਕਿ ਉਹ ਵਧੀਆ ਸਾਹਿਤ ਲਿਖਦੇ ਰਹਿਣਗੇ। ਇਸ ਮੌਕੇ ਲੇਖਕ ਦੇ ਪਿਤਾ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਸਿੱਧੂ,ਪਰਮਿੰਦਰ ਸਿੰਘ ਸਿੱਧੂ, ਬਘੇਲ ਸਿੰਘ, ਜਸਵਿੰਦਰ ਪੰਜਾਬੀ, ਭੁਪਿੰਦਰ ਸਿੰਘ ਸਮੇਤ ਕਈ ਮੁਹਤਬਰ ਸ਼ਖ਼ਸੀਅਤਾਂ ਹਾਜ਼ਰ ਸਨ।