ਚਿਹਰੇ ਵੀ ਪੁਰਾਣੇ ਤੇ ਪੁਰਾਣੇ ਹੀ ਨਿਸ਼ਾਨ ਨੇ।
ਬੱਸ ਹੁਣ ਹੋ ਗਏ ਆਦਾਨ-ਪ੍ਰਦਾਨ ਨੇ।
ਝਾੜੂ ਵਾਲ਼ੇ ਪੰਜੇ ਉੱਤੇ ਪੰਜੇ ਵਾਲ਼ੇ ਫੁੱਲ ‘ਤੇ।
ਉੱਤਰੇ ਮੈਦਾਨ ਵਿੱਚ ਪਏ ਹੋਏ ਮੁੱਲ ‘ਤੇ।
ਪੁਸ਼ਤਾਂ ਤੋਂ ਜਿਨ੍ਹਾਂ ਨੇ ਸੀ ਫੜੀ ਹੋਈ ਤੱਕੜੀ।
ਹੁਣ ਕਹਿੰਦੇ ਪਾਉਣੀ ਇਹਦੇ ਨਾਲ਼ ਹੀ ਹੈ ਜੱਕੜੀ।
‘ਇੱਟ/ਕੁੱਤੇ ਵੈਰ’ ਵਾਲ਼ੇ ਬਣੇ ਕਿਤੇ ਖਾਸ ਨੇ।
‘ਖੱਖੜੀ ਕਰੇਲੇ’ ਕਿਤੇ ਹੋਏ ‘ਨਹੁੰ-ਮਾਸ’ ਨੇ।
ਭੰਡਦੇ ਸੀ ਜੀਹਨੂੰ, ਸੋਹਲੇ ਉਹਦੇ ਹੁਣ ਗਾ ਰਹੇ।
ਕਚੀਚੀਆਂ ਵੱਟਣ ਵਾਲ਼ੇ, ਜੱਫ਼ੀਆਂ ਨੇ ਪਾ ਰਹੇ।
ਕਿਤੇ ਦੋ ਕੁ ਸਾਲ ਵਿੱਚ ਤੀਜਾ ਹੈ ਨਿਸ਼ਾਨ ਜੀ।
ਲੁੰਗ-ਲਾਣਾ ਛੱਡ ਕਿਤੇ ਭੱਜੇ ਪ੍ਰਧਾਨ ਜੀ।
ਘੜਾਮੇਂ ਵਾਲ਼ੇ ਰੋਮੀਆਂ ‘ਕਾਲ਼ੀ ਹੀ ਸਾਰੀ ਦਾਲ਼ ਹੈ।’
ਸਭ ਗੋਲਮਾਲ ਹੈ ਜੀ, ਸਭ ਗੋਲਮਾਲ ਹੈ।
ਜਦੋਂ ਤਾਈਂ ਲੋਕਾਂ ਨੇ ਨਾ ਕਰਨੇ ਸਵਾਲ ਨੇ।
ਬੈਠੇ ਰਹਿਣਾ ਸਿਰਾਂ ਉੱਤੇ ਏਸੇ ਗੋਲਮਾਲ ਨੇ।
ਜਿੱਥੇ ਕਿਤੇ ਮਿਲੇ ਤਾਂ ਇਹ ਪੁੱਛਿਓ ਜਰੂਰ ਜੀ।
ਪਹਿਲਾਂ ਹੁੰਦੇ ਝੂਠੇ ਸੀ ਜਾਂ ਹੁਣ ਹੋ ਹਜੂਰ ਜੀ ?
ਬਾਕੀ ਜਿਹੜੇ ਭਗਤ ਨੇ, ਪੱਕੇ ਜਾਂ ਪਰਮਾਨੈਂਟ ਜੀ।
ਝਾੜੀ ਜਾਉ ਦਰੀਆਂ ਤੇ ਬੰਨ੍ਹੀ ਜਾਉ ਟੈਂਟ ਜੀ।

ਰੋਮੀ ਘੜਾਮੇਂ ਵਾਲ਼ਾ।
9855281105