ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਅਤੇ ਸਮਾਜ ਸੁਧਾਰਕ ਕੰਮਾਂ ਵਿੱਚ ਯਤਨਸ਼ੀਲ ਰਹਿਣ ਵਾਲੇ ਸਮਾਜਸੇਵੀ ਅਤੇ ਪ੍ਰਜਾਪਤ ਸਮਾਜ ਦੇ ਮੂਹਰਲੀ ਕਤਾਰ ਦੇ ਆਗੂ ਐਡਵੋਕੇਟ ਅਜੀਤ ਵਰਮਾ ਨੇ ਪੰਜਾਬ ਭਰ ਦੇ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਨਹੀਂ ਤਾਂ ਨਸ਼ਾ ਰਹਿਤ, ਖਰੀਦੋ-ਫਰੋਖਤ ਤੋਂ ਬਿਨਾ ਅਤੇ ਲੜਾਈ-ਝਗੜੇ ਤੋਂ ਪ੍ਰਹੇਜ ਕਰਕੇ ਪੰਚਾਇਤਾਂ ਦਾ ਗਠਨ ਕਰਨ ਤਾਂ ਜੋ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੀ ਸੰਭਾਵਨਾ ਬਣ ਸਕੇ ਅਤੇ ਪਿੰਡਾਂ ਵਿੱਚ ਧੜੇਬੰਦੀ ਦਾ ਮਾਹੌਲ ਪੈਦਾ ਨਾ ਹੋਵੇ। ਉਹਨਾਂ ਆਖਿਆ ਕਿ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਪੰਜ ਲੱਖ ਰੁਪਿਆ ਮਿਲੇਗਾ, ਜੋ ਪਿੰਡ ਦੇ ਵਿਕਾਸ ਕਾਰਜਾਂ ਉੱਪਰ ਖਰਚ ਕੀਤਾ ਜਾਵੇਗਾ, ਇਸ ਲਈ ਸਰਬਸੰਮਤੀ ਕਰਨੀ ਜਰੂਰੀ ਹੈ। ਜੇਕਰ ਇਸ ਵਾਰ ਸਰਬਸੰਮਤੀ ਉੱਪਰ ਜੋਰ ਦਿੱਤਾ ਗਿਆ ਤਾਂ ਰੰਗਲਾ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਹੋਣੀ ਸੁਭਾਵਿਕ ਹੈ, 7 ਅਕਤੂਬਰ ਤੱਕ ਵੀ ਸਰਬਸੰਮਤੀ ਦੀ ਸੰਭਾਵਨਾ ਬਰਕਰਾਰ ਰਹੇਗੀ, ਨਹੀਂ ਤਾਂ ਉਸ ਤੋਂ ਬਾਅਦ ਸਰਬਸੰਮਤੀ ਵਾਲੀ ਆਸ ਖੇਰੂੰ-ਖੇਰੂੰ ਹੋ ਜਾਵੇਗੀ।