ਥੱਕ ਹਾਰ ਕੇ ਕੰਮ ਤੋਂ ਮੈ ਤੇ ਮੇਰਾ ਦੋਸਤ ਘਰ ਨੂੰ ਜਾ ਰਹੇ ਸੀ। ਕੁਝ ਮਿਲ ਤਹਿ ਕਰ ਲੈਣ ਤੋਂ ਬਾਅਦ ਅਚਾਨਕ ਮੈ ਕੀ ਦੇਖਦਾ ਹਾਂ ਕਿ ਇੱਕ ਆਦਮੀ ਚੱਲਦਾ ਚੱਲਦਾ ਅਚਾਨਕ ਡਿੱਗ ਪੈਂਦਾ ਹੈ। ਮੈ ਆਪਣੀ ਸਾਈਕਲ ਦੋਸਤ ਦੇ ਹੱਥ ਫੜਾ ਦਿੰਦਾ ਹਾਂ। ਉਸ ਆਦਮੀ ਨੂੰ ਮੈ ਪੁੱਛਦਾ ਹਾਂ,’ ਕੀ ਹੋਇਆ ਬਾਈ? ਉਸਦਾ ਜਵਾਬ ਆਉਂਦਾ,’ ਸੀਨੇ ਵਿੱਚ ਬਹੁਤ ਜੋਰ ਦੀ ਦਰਦ ਹੋ ਰਿਹਾ ਹੈ,ਮੈਨੂੰ ਹਸਪਤਾਲ਼ ਲੈ ਜਾਓ ਭਾਜੀ..! ਉਸ ਆਦਮੀ ਕੋਲ਼ ਕੋਈ ਫ਼ੋਨ ਵੀ ਨਹੀਂ ਸੀ,ਮੈ ਫਿਰ ਉਸਨੂੰ ਘਰ ਦਾ ਮੋਬਾਈਲ ਨੰਬਰ ਪੁੱਛਿਆ। ਉਹ ਆਦਮੀ ਸ਼ਾਇਦ ਆਸ ਪਾਸ ਦਾ ਹੀ ਰਹਿਣ ਵਾਲਾ ਸੀ। ਮੈ ਕੁਝ ਕਾਰਾਂ ਗੱਡੀਆਂ ਨੂੰ ਹੱਥ ਮਾਰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹਾਂ ਪਰ ਕੋਈ ਵੀ ਨਹੀਂ ਰੁੱਕਿਆ ਫਿਰ ਥੋੜ੍ਹੀ ਦੇਰ ਮਗਰੋਂ ਇੱਕ ਮੋਟਸਾਈਕਲ ਵਾਲਾ ਰੁੱਕ ਜਾਂਦਾ ਹੈ। ਉਹ ਪੁੱਛਦਾ ਹੈ ਕੀ ਹੋਇਆ ਤਾਂ ਪਤਾ ਲੱਗ ਜਾਣ ਮਗਰੋਂ ਆਖਦਾ ਹੈ,’ ਇਸਨੂੰ ਜਲਦੀ ਮੋਟਰਸਾਈਕਲ ਬਿਠਾ..ਅਟੈਕ ਦਾ ਖ਼ਤਰਾ ਹੈ।’
ਮੈ ਅਪਣੇ ਦੋਸਤ ਦੀ ਮਦਦ ਨਾਲ ਉਸਨੂੰ ਮੋਟਰਸਾਈਕਲ ਉੱਤੇ ਬਿਠਾ ਦਿੱਤਾ ਤੇ ਨਾਲ ਬੈਠ ਗਿਆ। ਥੋੜ੍ਹੀ ਹੀ ਦੂਰੀ ‘ ਤੇ ਚੱਲਣ ਤੋਂ ਬਾਅਦ ਉਸਦੇ ਸੀਨੇ ਦਰਦ ਹੋਰ ਉੱਠਿਆ ਤਾਂ ਉਹ ਜ਼ਮੀਨ ਉੱਤੇ ਲਿਟਾਉਣ ਲਈ ਕਹਿੰਦਾ ਹੈ। ਇੱਕ ਪਾਸੇ ਰੋਕ ਕੇ ਐਬੂਲੈਂਸ ਨੂੰ ਕਾਲ ਕਰ ਦਿੱਤਾ ਜਾਂਦਾ ਹੈ ਤੇ ਉਸਨੂੰ ਜ਼ਮੀਨ ਉੱਤੇ ਪਾ ਦਿੰਦੇ ਹਾਂ। ਉਹ ਪਾਣੀ ਪਾਣੀ ਬੋਲਦਾ ਹੈ। ਮੈ ਆਸ ਪਾਸ ਪਾਣੀ ਦੇਖਦਾ ਹਾਂ ਤੇ ਇੱਕ ਸਾਹਮਣੇ ਗੱਡੀ ਖੜ੍ਹੀ ਨਜ਼ਰ ਆਉਂਦੀ ਹੈ। ਮੈ ਅਚਾਨਕ ਭੱਜ ਕੇ ਉਸ ਗੱਡੀ ਵੱਲ ਜਾਂਦਾ ਹਾਂ ਤੇ ਉਸ ਬਜ਼ੁਰਗ ਅੰਕਲ ਨੂੰ ਪਾਣੀ ਬਾਰੇ ਪੁੱਛਦਾ ਹਾਂ। ਉਹ ਮੈਨੂੰ ਸਾਫ਼ ਮਨਾ ਕਰ ਦਿੰਦਾ ਹੈ ਤੇ ਪਾਣੀ ਦੀ ਬੋਤਲ ਉਸਦੀ ਸਿਟ ਉੱਤੇ ਹੀ ਪਈ ਹੁੰਦੀ ਹੈ ਪਰ ਉਹ ਇੰਨਕਾਰ ਕਰ ਦਿੰਦਾ ਹੈ। ਅਚਾਨਕ ਹੀ ਮੇਰੇ ਮੂੰਹੋਂ ਇਹ ਸ਼ਬਦ ਨਿਕਲ ਉੱਠਦਾ ਹੈ,’ ਇੱਕ ਦਿਨ ਏਸੇ ਪਾਣੀ ਵਿੱਚ ਡੁੱਬ ਕੇ ਮਰੇਂਗਾ।’ ਮੈ ਫਿਰ ਇੱਧਰ ਉੱਧਰ ਦੇਖਦਾ ਹਾਂ ਤਾਂ ਅਚਾਨਕ ਮੈਨੂੰ ਨਾਈ ਦੀ ਦੁਕਾਨ ਨਜ਼ਰ ਆਉਂਦੀ ਹੈ ਤੇ ਉਸ ਆਦਮੀ ਨੇ ਪਾਣੀ ਦੇ ਦਿੱਤਾ।
ਮੈ ਉਸ ਆਦਮੀ ਨੂੰ ਪਾਣੀ ਪਿਲਾਉਂਦਾ ਹਾਂ। ਥੋੜ੍ਹੀ ਦੇਰ ਵਿੱਚ ਉਸ ਆਦਮੀ ਦੀ ਔਰਤ ਆ ਜਾਂਦੀ ਹੈ। ਉਹ ਘਰ ਲੈ ਕੇ ਜਾਣ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਅਸੀਂ ਆਪਣੇ ਡਾਕਟਰ ਨੂੰ ਦਿਖਾਵਾਂਗੇ..ਅਸੀ ਘਰ ਬੁਲਾਇਆ ਹੈ।’ ਦੂਜੇ ਪਾਸੇ ਆਦਮੀ ਹੱਥ ਜੋੜ ਆਖਦਾ ਹੈ,’ ਭਾਜੀ ਮੈਨੂੰ ਹਸਪਤਾਲ਼ ਲੈ ਜਾਓ..ਮੈ ਘਰ ਨਹੀਂ ਜਾਣਾ।’ ਉਸ ਆਦਮੀ ਦਾ ਦੁੱਖ ਮੇਰੇ ਤੋਂ ਨਹੀਂ ਦੇਖਿਆ ਜਾ ਰਿਹਾ ਸੀ। ਐਂਬੂਲੈਂਸ ਆਉਣ ਵਾਲੀ ਹੀ ਸੀ। ਮੈ ਉਸ ਔਰਤ ਨੂੰ ਗੁੱਸੇ ਹੋ ਮਨਾ ਕਰ ਦਿੰਦਾ ਹਾਂ ਕਿ ਇੱਥੇ ਬੰਦੇ ਦੀ ਜਾਨ ‘ ਤੇ ਬਣੀ ਐ,ਤੁਹਾਨੂੰ ਲੋਕਲ ਡਾਕਟਰ ਦੀ ਪਈ ਐ। ਮੇਰੀ ਮੰਨੋ ਹਸਪਤਾਲ਼ ਲੈ ਜਾਵੇ ਕੁਝ ਨੀ ਹੋਵੇਗਾ।’
ਉਸ ਔਰਤ ਦੇ ਇਰਾਦੇ ਨੇਕ ਨਹੀਂ ਲੱਗ ਰਹੇ ਸੀ। ਉਸਨੂੰ ਦੇਖ ਕੇ ਲੱਗਦਾ ਸੀ ਕਿ ਉਹ ਆਪਣੇ ਪਤੀ ਤੋਂ ਖੁਸ਼ ਨਹੀਂ ਹੈ। ਸ਼ਾਇਦ ਉਹ ਚਾਹੁੰਦੀ ਹੀ ਨਹੀਂ ਇਹ ਜਿਊਂਦਾ ਵੀ ਰਹੇ। ਮੇਰੇ ਗੁੱਸਾ ਕਰੇ ‘ ਤੇ ਉਹ ਚੁੱਪ ਖੜ੍ਹ ਗਈ ਤੇ ਆਪਣੇ ਪਤੀ ਕੋਲ਼ ਬੈਠ ਗਈ। ਥੋੜ੍ਹੀ ਦੇਰ ਵਿੱਚ ਐਂਬੂਲੈਂਸ ਆ ਗਈ। ਉਸ ਆਦਮੀ ਨੂੰ ਐਬੂਲੈਂਸ ਵਿੱਚ ਪਾਇਆ ਤੇ ਉਸ ਔਰਤ ਨੂੰ ਨਾਲ ਭੇਜ ਦਿੱਤਾ। ਐਂਬੂਲੈਂਸ ਆ ਜਾਣ ਮਗਰੋਂ ਮੇਰੇ ਸਿਰ ਤੋਂ ਉਹ ਡਰ ਘਟਿਆ ਜੋ ਮੈਨੂੰ ਲੱਗ ਰਿਹਾ ਸੀ। ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਸਨੇ ਮੌਕੇ ‘ ਤੇ ਮੇਰੀ ਮਦਦ ਕੀਤੀ। ਉਹ ਮੋਟਰਸਾਈਕਲ ਰੱਬ ਦਾ ਫਰਿਸ਼ਤਾ ਹੀ ਸੀ ਜੋ ਅਚਾਨਕ ਰੁੱਕ ਗਿਆ। ਉਸ ਨਾਈ ਦਾ ਵੀ ਸ਼ੁਕਰਗੁਜਾਰ ਹਾਂ ਜਿਸਨੇ ਪਾਣੀ ਪਿਲਾ ਕੇ ਪੁੰਨ ਖੱਟ ਲਿਆ।
ਇੱਕ ਬੜੀ ਅਹਿਮ ਗੱਲ ਤਾਂ ਰਹੀ ਗਈ,ਉਸ ਬਜ਼ੁਰਗ ਆਦਮੀ ਦੀ ਜਿਸਦੇ ਪੈਰਾਂ ਹੇਠਾਂ ਵੱਡੀ ਗੱਡੀ ਤੇ ਚਮਕਦੇ ਸੁੱਟ ਜਿਸਨੂੰ ਜਾਨ ਜਾਂਦੇ ਆਦਮੀ ਦੀ ਪ੍ਰਵਾਹ ਵੀ ਨਹੀਂ। ਇੱਕ ਪਾਸੇ ਆਦਮੀ ਇੱਕ ਪਾਣੀ ਦੀ ਘੁੱਟ ਲਈ ਤਰਸਦਾ ਰਿਹਾ ਤੇ ਉਸ ਬਜ਼ੁਰਗ ਆਦਮੀ ਨੇ ਸਾਹਮਣੇ ਰੱਖੀ ਪਾਣੀ ਦੀ ਬੋਤਲ ਦੇਣ ਤੋਂ ਸਾਫ਼ ਮਨਾ ਕਰ ਦਿੱਤਾ। ਕਿੱਥੋਂ ਅੱਜ ਦੇ ਸਮਾਜ ਨੂੰ ਸਹੀ ਕਹਿ ਸਕਦੇ ਹਾਂ। ਕੀ ਹੋ ਗਿਆ ਹੈ ਇਸ ਸਮਾਜ ਨੂੰ ਜਿਸਨੂੰ ਕਿਸੇ ਦੀ ਪ੍ਰਵਾਹ ਵੀ ਨਹੀਂ। ਕੀ ਪੈਸਾ ਹੀ ਜਿੰਦਗੀ ਹੈ ? ਸਮਾਜ ਇਹਨਾਂ ਲੋਕਾਂ ਕਰਕੇ ਹੀ ਡੁੱਬਦਾ ਤੇ ਝੁੱਕਦਾ ਜਾ ਰਿਹਾ ਹੈ। ਅਮੀਰੀ ਦਾ ਦਿਖਾਵਾ ਵੱਧ ਚੜ੍ਹ ਕੇ ਕੀਤਾ ਜਾ ਰਿਹਾ ਹੈ ਪਰ ਅਕਲ ਦੇ ਅੰਨ੍ਹੇ ਅੱਜ ਵੀ ਅੰਨ੍ਹੇ ਹੀ ਦਿਖਾਈ ਦਿੰਦੇ ਹਨ। ਜਿਹਨਾਂ ਨੂੰ ਸਮਾਜ ਦਾ ਹਿੱਸਾ ਤਾਂ ਮੰਨਿਆ ਜਾਂਦਾ ਹੈ ਪਰ ਉਹ ਸਮਾਜ ਵਿੱਚ ਗਿਣਨਯੋਗ ਵੀ ਨਹੀਂ ਹੁੰਦੇ। ਰਾਤ ਦਾ ਸਮਾਂ ਜੋ ਕਿ ਕਾਲ ਦਾ ਹੁੰਦਾ ਹੈ ਕਦੋਂ ਕਿਵੇਂ ਕੀ ਵਾਪਰਜੇ ਕੁਝ ਨਹੀਂ ਪਤਾ ਹੁੰਦਾ ਪਰ ਇੱਥੇ ਕੁਝ ਅਜਿਹੇ ਲੋਕ ਸ਼ਾਮਿਲ ਹਨ ਜੋ ਹਾਦਸਿਆਂ ਨੂੰ ਦੇਖ ਕੇ ਅਣਜਾਣ ਬਣ ਤੁਰ ਜਾਂਦੇ ਹਨ ਤੇ ਦੂਜੇ ਪਾਸੇ ਉਹ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
ਅਮੀਰੀ ਤੇ ਗ਼ਰੀਬੀ ‘ ਚ ਫ਼ਰਕ ਸਾਫ਼ ਸਾਫ਼ ਨਜ਼ਰ ਆਉਂਦਾ ਹੈ ਕਿ ਅਮੀਰ ਲਾਪਰਵਾਹ ਤੇ ਬੇਪ੍ਰਵਾਹ ਹੁੰਦੇ ਹਨ ਤੇ ਗ਼ਰੀਬ ਦੂਜਿਆ ਦੀ ਪ੍ਰਵਾਹ ਕਰਦੇ ਹਨ। ਅਮੀਰੀ ਦਾ ਪੱਲਾ ਇਸ ਲਈ ਭਾਰੀ ਹੁੰਦਾ ਹਰ ਕਿਉੰਕਿ ਵਪਾਰਿਕ ਖੇਤਰ ਵਿੱਚ ਜ਼ਮੀਨਾਂ ਖਰੀਦ ਕੇ ਉਸਨੂੰ ਹੋਰ ਉੱਚਾ ਬਣਾਇਆ ਜਾਂਦਾ ਹੈ ਤੇ ਗ਼ਰੀਬਾਂ ਦੇ ਘਰ ਦੱਬੇ ਜਾਂਦੇ ਹਨ ਜਿਹਨਾਂ ਨਾਲ ਖੇਤੀਬਾੜੀ ਦਾ ਵੀ ਦੌੜ ਖ਼ਤਮ ਹੁੰਦਾ ਹੈ। ਗ਼ਰੀਬ ਦੀ ਰੇਖਾ ਆਪਣੇ ਆਪ ਹੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜੋ ਅਮੀਰ ਬਣ ਕੇ ਦੂਜਿਆ ਦੀ ਪ੍ਰਵਾਹ ਨਹੀਂ ਕਰਦੇ ਹਨ ਉਹਨਾਂ ਲੋਕਾਂ ਦਾ ਅੰਤ ਬਹੁਤ ਬੁਰਾ ਹੁੰਦਾ ਹੈ। ਜਿਸ ਤਰ੍ਹਾਂ ਉਸ ਆਦਮੀ ਨੇ ਪਾਣੀ ਦੇ ਲਈ ਇੰਝ ਕੀਤਾ,ਉਸ ਹੀ ਤਰ੍ਹਾਂ ਪ੍ਰਮਾਤਮਾ ਵੀ ਉਸਤੋਂ ਹਿਸਾਬ ਬਰਾਬਰ ਲਵੇਗਾ। ਪ੍ਰਮਾਤਮਾ ਦੇ ਬਣਾਏ ਨਿਯਮਾਂ ਵਿੱਚ ਸਾਫ਼ ਸਾਫ਼ ਲਿਖਿਆ ਹੈ,’ ਜਿਹੋ ਜਾ ਬਿਝੋਂਗੇ,ਉਹੋ ਜਿਹਾ ਪਾਵੋਂਗੇ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਸਪੰਰਕ: 7626818016